Image Courtesy :jagbani(punjabkesar)

ਅੰਮ੍ਰਿਤਸਰ : ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੇ ਸਕੱਤਰੇਤ ਤੋਂ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਪਾਵਨ ਸਰੂਪਾਂ ਦੇ ਮਾਮਲੇ ‘ਤੇ ਬਣੀ ਸਬ-ਕਮੇਟੀ ਵਿਚ ਜਾਂਚ ਕਰਨ ਲਈ ਬੀਬੀ ਨਵੀਤਾ ਸਿੰਘ (ਰਿਟਾ. ਜੱਜ) ਪੰਜਾਬ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਨੂੰ ਮੁੱਖ ਜਾਂਚ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਘਰੇਲੂ ਮਜ਼ਬੂਰੀ ਕਾਰਨ ਜਾਂਚ ਕਰਨ ‘ਚ ਆਪਣੀ ਅਸਮਰੱਥਾ ਜ਼ਾਹਿਰ ਕੀਤੀ ਹੈ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਬੀਬੀ ਨਵੀਤਾ ਸਿੰਘ ਨੂੰ ਆਪਣੇ ਘਰ ਵਿਚ ਹੀ ਡਿਗਣ ਕਰ ਕੇ ਸੱਟ ਲੱਗੀ ਹੈ, ਜਿਸ ਕਰ ਕੇ ਉਨ੍ਹਾਂ ਆਪਣੀ ਅਸਮਰੱਥਾ ਜ਼ਾਹਿਰ ਕੀਤੀ ਹੈ। ਇਸ ਲਈ ਉਨ੍ਹਾਂ ਦੀ ਜਗ੍ਹਾ ‘ਤੇ ਸਿੰਘ ਸਾਹਿਬ ਨੇ ਡਾ. ਈਸ਼ਰ ਸਿੰਘ (ਐਡਵੋਕੇਟ) ਤੇਲੰਗਾਨਾ ਹਾਈ ਕੋਰਟ ਨੂੰ ਮੁੱਖ ਜਾਂਚ ਅਧਿਕਾਰੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਉਨ੍ਹਾਂ ਦੇ ਨਾਲ ਸਹਿਯੋਗ ਲਈ ਡਾ. ਹਰਪ੍ਰੀਤ ਕੌਰ (ਐਡਵੋਕੇਟ) ਪੰਜਾਬ ਐਂਡ ਹਰਿਆਣਾ ਹਾਈ ਕੋਰਟ ਅਤੇ ਬੀਬੀ ਹਰਲੀਨ ਕੌਰ ਸੀ. ਏ. ਨੂੰ ਸਹਾਇਕ ਵਜੋਂ ਜਾਂਚ ਕਮੇਟੀ ਵਿਚ ਸ਼ਾਮਿਲ ਕਰ ਦਿੱਤਾ ਹੈ।
ਸਿੰਘ ਸਾਹਿਬ ਨੇ ਕਿਹਾ ਕਿ ਇਸ ਨਾਲ ਜਾਂਚ ‘ਤੇ ਕੋਈ ਫਰਕ ਨਹੀਂ ਪਵੇਗਾ ਸਗੋਂ ਪੂਰੀ ਨਿਰਪਖਤਾ ਅਤੇ ਪਹਿਲਾਂ ਤੋਂ ਹੀ ਨਿਸ਼ਚਿਤ ਕੀਤੇ ਸਮੇਂ ਅਨੁਸਾਰ ਹੀ ਜਾਂਚ ਪੂਰੀ ਹੋਵੇਗੀ ਅਤੇ ਜਾਂਚ ਕਮੇਟੀ ਵੱਲੋਂ ਦਿੱਤੀ ਗਈ ਰਿਪੋਰਟ ਅਨੁਸਾਰ ਦੋਸ਼ੀ ਭਾਵੇਂ ਕੋਈ ਵੀ ਹੋਵੇ, ਬਖਸ਼ਿਆਂ ਨਹੀਂ ਜਾਵੇਗਾ।

News Credit :jagbani(punjabkesar)