ਚਲੋ ਇਹ ਗੱਲ ਠੀਕ ਹੈ ਕਿ ਕੁੱਤੇ ਦੀ ਪੂਛ ਕਦੇ ਵੀ ਸਿੱਧੀ ਨਹੀਂ ਹੋ ਸਕਦੀ, ਪਰ ਕੀ ਤੁਸੀਂ ਇਸ ਵਕਤ ਕਿਸੇ ਕੁੱਤੇ ਨਾਲ ਨਜਿੱਠ ਰਹੇ ਹੋ? ਤੁਹਾਨੂੰ ਹਾਲੇ ਵੀ ਚੇਤੇ ਹੈ ਕਦੋਂ ਕਿਸੇ ਨੇ ਤੁਹਾਡੇ ਨਾਲ ਬੁਰਾ ਵਿਹਾਰ ਕੀਤਾ ਸੀ ਜਾਂ ਕੋਈ ਸਥਿਤੀ ਕਿਵੇਂ ਤੁਹਾਡੇ ਲਈ ਅਣਸੁਖਾਵੀਂ ਹੋ ਗਈ ਸੀ। ਤੁਸੀਂ ਉਸ ਯਾਦ ਨੂੰ ਚੇਤੇ ਕਰ ਕੇ ਅੱਜ ਵੀ ਕੰਬ ਜਾਂਦੇ ਹੋ ਅਤੇ ਸੋਚਦੇ ਹੋ ਕਿ ਜੇ ਕਦੇ ਵੀ ਉਸ ਨੂੰ ਭੁੱਲ ਜਾਵੋ ਤਾਂ ਤੁਸੀਂ ਬੇਵਕੂਫ਼ ਹੀ ਹੋਵੋਗੇ। ਸੋ ਫ਼ਿਰ ਨਾ ਭੁੱਲੋ। ਪਰ ਮੁਆਫ਼ ਤਾਂ ਕਰ ਦਿਓ। ਕਈ ਵਾਰ, ਲੋਕ ਸੱਚਮੁੱਚ ਬਦਲ ਜਾਂਦੇ ਹਨ। ਜੇ ਉਹ ਨਾ ਵੀ ਬਦਲਣ, ਤੁਹਾਨੂੰ ਆਪਣੇ ਆਪ ਨੂੰ ਪੁੱਛਣਾ ਹੀ ਪੈਂਦੈ ਕਿ ਕਿਸੇ ਪੁਰਾਣੀ ਰੰਜਿਸ਼ ਜਾਂ ਡਰ ਨੂੰ ਇੰਝ ਹੀ ਪਾਲੀ ਰੱਖਣ ਦਾ ਆਖ਼ਿਰ ਕੋਈ ਮਕਸਦ ਵੀ ਹੈ। ਕੀ ਉਸ ਨੂੰ ਛੱਡ ਦੇਣ ਨਾਲ ਕਿਸੇ ਹੋਰ ਨੂੰ ਕੋਈ ਫ਼ਰਕ ਪਵੇਗਾ? ਸ਼ਾਇਦ ਨਹੀਂ। ਪਰ ਇਸ ਨਾਲ ਤੁਹਾਡੇ ਅੰਦਰ ਦੀ ਕਿਸੇ ਸੱਟ ਦੀ ਮੁਰੰਮਤ ਹੋ ਸਕਦੀ ਹੈ! ਇਹ ਤੁਹਾਡਾ ਵਕਤ ਹੈ ਜ਼ਿੰਦਗੀ ‘ਚ ਉਸ ਸਭ ਤੋਂ ਉੱਪਰ ਉਠਣ ਦਾ।

ਤੁਸੀਂ ਜਿੱਥੋਂ ਆਏ ਸੀ ਉੱਥੇ ਹੀ ਵਾਪਿਸ ਜਾ ਰਹੇ ਹੋ। ਇਹ ਜ਼ਰੂਰੀ ਨਹੀਂ ਮੈਂ ਇੱਥੇ ਜਿਸਮਾਨੀ ਰੂਪ ਨਾਲ ਜਾਣ ਦੀ ਗੱਲ ਕਰ ਰਿਹਾ ਹੋਵਾਂ; ਤੁਸੀਂ ਹੁਣ ਜਿਹੜੀ ਵਾਪਸੀ ਕਰ ਰਹੇ ਹੋ ਇਹ ਪ੍ਰਮੁੱਖ ਤੌਰ ‘ਤੇ ਮਾਨਸਿਕ ਹੈ। ਤੁਸੀਂ ਆਪਣੇ ਅਤੀਤ ਦੇ ਇੱਕ ਹਿੱਸੇ ਨੂੰ ਮੁੜ ਮਿਲ ਰਹੇ ਹੋ, ਕਿਸੇ ਅਜਿਹੀ ਸ਼ੈਅ ਜਾਂ ਵਿਅਕਤੀ ਨਾਲ ਆਪਣੇ ਕੋਨੈਕਸ਼ਨ ਨੂੰ ਮੁੜ ਬਹਾਲ ਕਰ ਰਹੇ ਹੋ ਜਿਸ ਨਾਲ ਤੁਹਾਡਾ ਰਾਬਤਾ ਲੰਬੇ ਸਮੇਂ ਤੋਂ ਟੁੱਟਿਆ ਹੋਇਆ ਸੀ। ਇਹ ਸਾਕਾਰਾਤਮਕ, ਉਤਸ਼ਾਹਜਨਕ, ਸਿਹਤਮੰਦ ਅਤੇ ਸਹੀ ਹੈ। ਇਹ ਕਿਸੇ ਨੂੰ ਵੀ ਅਸੁਰੱਖਿਅਤ ਕਿਉਂ ਮਹਿਸੂਸ ਕਰਵਾਏਗਾ? ਜੋ ਤੁਹਾਡੇ ਨਾਲ ਰਿਸ਼ਤੇ ਵਿੱਚ ਨਵੇਂ ਨਵੇਂ ਪੈਂਦੇ ਹਨ ਉਹ ਤੁਹਾਡੇ ਇਤਿਹਾਸ ਨੂੰ ਇੱਕ ਖ਼ਤਰੇ ਵਜੋਂ ਦੇਖ ਸਕਦੇ ਹਨ। ਇਸ ਨੂੰ ਸੁਲਝਾਉਣ ਦਾ ਇੱਕੋ ਇੱਕ ਤਰੀਕਾ ਹੈ ਅਜਿਹਾ ਕੋਈ ਢੰਗ ਲੱਭਣਾ ਜਿਸ ਨਾਲ ਉਨ੍ਹਾਂ ਨੂੰ ਜਾਪਣ ਲੱਗੇ ਕਿ ਉਹ ਵੀ ਉਸ ਦਾ ਹਿੱਸਾ ਹੋਣ।

ਲੋਕ ਕਹਿੰਦੇ ਹਨ, ”ਵਰਤਮਾਨ ਵਰਗਾ ਹੋਰ ਕੋਈ ਕਾਲ ਨਹੀਂ।” ਕਈ ਤਾਂ ਇਸ ਤੋਂ ਵੀ ਅਗਾਂਹ ਜਾਂਦੇ ਹਨ। ਉਹ ਕਹਿੰਦੇ ਨੇ, ”ਵਰਤਮਾਨ ਤੋਂ ਛੁੱਟ ਹੋਰ ਕੋਈ ਕਾਲ ਹੈ ਹੀ ਨਹੀਂ।” ਅੱਜ ਹੀ ਉਹ ਇੱਕ ਪਲ ਹੈ ਜੋ ਸਾਡੇ ਕੋਲ ਹੈ। ਅਸੀਂ ਇਹ ਸਾਬਿਤ ਨਹੀਂ ਕਰ ਸਕਦੇ ਕਿ ਅਤੀਤ ਕਦੇ ਵਾਪਰਿਆ ਵੀ ਸੀ। ਅਸੀਂ ਇਹ ਵੀ ਪੱਕੇ ਤੌਰ ‘ਤੇ ਨਹੀਂ ਕਹਿ ਸਕਦੇ ਕਿ ਭਵਿੱਖ ਕਦੇ ਵਾਪਰੇਗਾ। ਇਹੀ ਇੱਕ ਪਲ ਤਾਂ ਬਸ ਸਾਡੇ ਕੋਲ ਹੈ। ਸਾਡਾ ਫ਼ਰਜ਼, ਸਾਡਾ ਕੰਮ, ਸਾਡਾ ਮਕਸਦ, ਹੈ ਹਰ ਇੱਕ ਪਲ ਦਾ ਉਸ ਵੇਲੇ ਤਕ ਪੂਰਾ ਲਾਹਾ ਲੈਣਾ ਜਦੋਂ ਤਕ ਉਹ ਇੱਕ ਹਕੀਕਤ ਹੈ। ਜਾਂ ਅਜਿਹਾ ਲੋਕ ਕਹਿੰਦੇ ਹਨ। ਪਰ ਕੀ ਇਹ ਸੰਭਵ ਹੈ ਜਾਂ ਫ਼ਿਰ ਇਹ ਕੇਵਲ ਇੱਕ ਚੰਗਾ ਖ਼ਿਆਲ ਹੈ? ਸਾਨੂੰ ਲੱਗਦੇ ਹੱਥ ਇਹ ਵੀ ਪੁੱਛ ਹੀ ਲੈਣਾ ਚਾਹੀਦੈ ਕਿ ਕੀ ਤੁਹਾਨੂੰ ਕਿਸੇ ਖ਼ਾਸ ਰਿਸ਼ਤੇ ਦੇ ਜਾਦੂ ਨੂੰ ਲੰਬੇ ਸਮੇਂ ਤਕ ਕਾਇਮ ਰੱਖਣ ਦਾ ਢੰਗ ਆਉਂਦੈ? ਨਿਰਸੰਦੇਹ, ਤੁਸੀਂ ਅਜਿਹਾ ਕਰ ਸਕਦੇ ਹੋ ਜੇਕਰ ਤੁਸੀਂ ਇੱਕ ਵਕਤ ‘ਤੇ ਕੇਵਲ ਇੱਕ ਹੀ ਪਲ ਨਾਲ ਨਜਿੱਠਣ ਦੀ ਕੋਸ਼ਿਸ਼ ਕਰੋ ਤਾਂ।

ਹਰ ਵਾਰ ਜਦੋਂ ਤੁਸੀਂ ਜਿੰਮ ਵਿੱਚ ਕਸਰਤ ਕਰਨ ਜਾਓ ਅਤੇ ਆਪਣੇ ਆਪ ਨੂੰ ਥੋੜ੍ਹਾ ਜਿਹਾ ਹੋਰ ਵੱਧ ਕਰਨ ਲਈ ਖਿੱਚੋ ਤਾਂ ਛੇਤੀ ਹੀ ਤੁਸੀਂ ਦੇਖੋਗੇ ਕਿ ਤੁਸੀਂ ਵਧੇਰੇ ਤੇਜ਼ ਰਫ਼ਤਾਰ ਨਾਲ ਕੰਮ ਕਰ ਸਕਦੇ ਹੋ, ਵਾਧੂ ਕੰਮ ਕਰ ਸਕਦੇ ਹੋ ਜਾਂ ਦੋਹੇਂ ਕਰ ਸਕਦੇ ਹੋ। ਘੜੀ ਨਾਲ ਇੰਝ ਮੁਕਾਬਲਾ ਕਰ ਕੇ ਮਜ਼ਾ ਆਉਂਦੈ, ਅਤੇ ਇਹ ਮਜ਼ਾ ਓਦੋਂ ਹੋਰ ਦੁਗਣਾ ਚੋਗੁਣਾ ਹੋ ਜਾਂਦੈ ਜਦੋਂ ਅਸੀਂ ਕਿਸੇ ਅਜਿਹੇ ਵਿਅਕਤੀ ਦੀ ਨਿਸ਼ਾਨਦੇਹੀ ਕਰ ਲਈਏ ਜਿਸ ਨੂੰ ਅਸੀਂ ਇੰਪ੍ਰੈੱਸ ਕਰਨਾ ਚਾਹੁੰਦੇ ਹਾਂ। ”ਮੈਂ ਉਸ ਨੂੰ ਹਰਾ ਸਕਦਾਂ,” ਅਸੀਂ ਸੋਚਦੇ ਹਾਂ। ਜਾਂ ”ਮੈਂ ਆਪਣੇ ਆਪ ਨੂੰ ਸਾਬਿਤ ਕਰ ਕੇ ਹਟੂੰ …” ਅਜਿਹੇ ਟੀਚੇ ਸਾਡੇ ਸ਼ਰੀਰਾਂ ਨੂੰ ਤਾਂ ਤੰਦਰੁਸਤ ਰੱਖ ਸਕਦੇ ਹਨ, ਪਰ ਇਹ ਸਾਡੇ ਦਿਲਾਂ ਲਈ ਭੈੜੇ ਸਾਬਿਤ ਹੋ ਸਕਦੇ ਹਨ। ਜ਼ਿੰਦਗੀ ਕੋਈ ਦੌੜ ਨਹੀਂ। ਨਾ ਹੀ ਇਸ ਨੂੰ ਕੋਈ ਜੰਗ ਬਣਾਉਣ ਦੀ ਲੋੜ ਹੈ। ਤੁਹਾਨੂੰ ਚੁਣਨਾ ਪੈਣੈ। ਉਤੇਜਨਾ, ਗੁੱਸੇ, ਜੋਸ਼ ਜਾਂ ਜਨੂੰਨ ਦਾ ਪੱਲਾ ਫ਼ੜੋ … ਜਾਂ ਫ਼ਿਰ ਕੰਢੇ ਤੋਂ ਪਿੱਛੇ ਹਟੋ ਅਤੇ ਮਿਹਰਬਾਨ ਬਣੋ। ਕੇਵਲ ਇਸ ਇੱਕ ਸ਼ੈਅ ਦੀ ਚੋਣ ਤੁਹਾਨੂੰ ਵਾਕਈ ਮਜ਼ਬੂਤ ਬਣਾਏਗੀ!

ਅਸੀਂ ਸਾਰੇ ਹੀ ਇਹ ਚਾਹੁੰਦੇ ਹਾਂ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਪਿਆਰ ਕਰਦੇ ਹਾਂ ਉਨ੍ਹਾਂ ਲਈ ਸਭ ਕੁੱਝ ਠੀਕ ਢੰਗ ਨਾਲ ਕਰੀਏ। ਮੁਸੀਬਤ ਇਹ ਹੈ ਕਿ ਅਕਸਰ ਜਦੋਂ ਅਸੀਂ ਅਜਿਹਾ ਕਰਨ ਲਈ ਸਭ ਤੋਂ ਵੱਧ ਜੱਦੋਜਹਿਦ ਕਰਦੇ ਹਾਂ ਤਾਂ ਅਸੀਂ ਗ਼ਲਤ ਕਰ ਬੈਠਦੇ ਹਾਂ। ਅਸੀਂ ਗ਼ਲਤੀਆਂ ਇਸ ਲਈ ਕਰਦੇ ਹਾਂ ਕਿਉਂਕਿ ਅਸੀਂ ਸਹੀ ਹੋਣ ਲਈ ਬਹੁਤ ਜ਼ਿਆਦਾ ਵਿਆਕੁਲ ਹੁੰਦੇ ਹਾਂ। ਅਸੀਂ ਦਬਾਅ ਮਹਿਸੂਸ ਕਰਦੇ ਹਾਂ – ਆਪਣੇ ਹੀ ਅੰਦਰੋਂ ਜਾਂ ਦੂਸਰਿਆਂ ਵਲੋਂ – ਅਤੇ ਇਹ ਸੰਜਮੀ ਰਹਿਣ ਦੀ ਸਾਡੀ ਕਾਬਲੀਅਤ ਨੂੰ ਚੁੱਪਚਾਪ ਖੋਰਾ ਲਗਾਉਂਦਾ ਰਹਿੰਦਾ ਹੈ। ਇਸ ਵਕਤ ਤੁਹਾਡੇ ਦੇਖਣ ਦਾ ਭਾਵਨਾਤਮਕ ਨਜ਼ਰੀਆ ਬਿਲਕੁਲ ਠੀਕ ਹੈ, ਬਸ਼ਰਤੇ ਤੁਸੀਂ ਬਹੁਤ ਜ਼ਿਆਦਾ ਨੁਕਤੇ ਸਮਝਾਉਣ, ਜੰਗਾਂ ਲੜਨ ਜਾਂ ਨਾਇੰਨਸਾਫ਼ੀਆਂ ਨੂੰ ਚੁਣੌਤੀਆਂ ਦੇਣ ਤੋਂ ਬਾਜ਼ ਆਓ। ਜਿੰਨੀ ਘੱਟ ਤੁਸੀਂ ਚਿੰਤਾ ਕਰੋਗੇ, ਓਨੇ ਜ਼ਿਆਦਾ ਤੁਸੀਂ ਸਫ਼ਲ ਹੋਵੋਗੇ।