Image Courtesy :jagbani(punjabkesar)

ਦੁਨੀਆ ਭਰ ਦੇ ਵਿਗਿਆਨੀ ਅੱਠ ਮਹੀਨਿਆਂ ਬਾਅਦ ਵੀ ਕੋਰੋਨਾਵਾਇਰਸ ਨੂੰ ਰੋਕਣ ‘ਚ ਨਾਕਾਮਯਾਬ ਰਹੇ ਹਨ। ਕੋਰੋਨਾਵਾਇਰਸ ਦੀ ਲਾਗ ਦੁਨੀਆ ਭਰ ਲਈ ਵੱਡੀ ਆਫ਼ਤ ਬਣੀ ਹੋਈ ਹੈ। ਭਾਰਤ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 17 ਲੱਖ ਤੋਂ ਪਾਰ ਹੋ ਗਈ ਹੈ। ਕੋਰੋਨਾ ਦੇ ਵੱਧ ਰਹੇ ਸੰਕਰਮਣ ਦੇ ਸ਼ੁਰੂਆਤੀ ਦਿਨਾਂ ਵਿੱਚ ਮਾਹਿਰਾਂ ਨੇ ਕਿਹਾ ਸੀ ਕਿ ਉਨ੍ਹਘਾਂ ਘਰਾਂ ਵਿੱਚ ਕੋਰੋਨਾ ਦੀ ਲਾਗ ਦਾ ਖ਼ਤਰਾ ਵਧੇਰੇ ਹੁੰਦਾ ਹੈ ਜਿਥੇ ਹਵਾ ਦੀ ਆਵਾਜਾਈ ਲਈ ਪੂਰਾ ਸਿਸਟਮ ਨਹੀਂ ਹੁੰਦਾ।
ਹੁਣ ਅਮਰੀਕਾ ਦੀ ਮਿਨੇਸੋਟਾ ਯੂਨੀਵਰਸਿਟੀ ਨੇ ਵੀ ਇਸ ਬਾਰੇ ਇੱਕ ਰਿਪੋਰਟ ਪੇਸ਼ ਕੀਤੀ ਹੈ। ਇਸ ਰਿਪੋਰਟ ਅਨੁਸਾਰ, ਛੋਟੀਆਂ ਅਤੇ ਬੰਦ ਥਾਵਾਂ ‘ਤੇ ਹਵਾ ਦੀ ਬਿਹਤਰ ਆਵਾਜਾਈ ਨਾ ਹੋਣ ਕਾਰਨ ਕੋਰੋਨਾ ਨਾ ਸਿਰਫ਼ ਹਵਾ ਵਿੱਚ ਜ਼ਿਆਦਾ ਸਮੇਂ ਤਕ ਟਿਕਿਆ ਰਹਿੰਦਾ ਸਗੋਂ ਇਸ ਦੇ ਡ੍ਰੌਪਲੈੱਟਸ ਵੀ ਵੱਖ-ਵੱਖ ਥਾਵਾਂ ‘ਤੇ ਚਿਪਕੇ ਰਹਿੰਦੇ ਹਨ। ਅਜੋਕੇ ਸਮੇਂ ‘ਚ ਘਰ ਬਹੁਤ ਛੋਟੇ ਹੋ ਰਹੇ ਹਨ। ਇਸ ਖੋਜ ਤੋਂ ਪਹਿਲਾਂ ਵੀ ਇਹ ਪਤਾ ਲੱਗਿਆ ਹੈ ਕਿ ਛੋਟੇ ਘਰਾਂ ਵਿੱਚ ਰਹਿਣਾ ਸਿਹਤ ਲਈ ਚੰਗਾ ਨਹੀਂ ਹੁੰਦਾ। ਕੋਰੋਨਾ ਆਫ਼ਤ ਦੇ ਇਸ ਯੁੱਗ ਵਿੱਚ ਛੋਟੇ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਲਈ ਖ਼ਤਰਾ ਵੱਧ ਗਿਆ ਹੈ।
ਖੋਜ ਦੌਰਾਨ ਸਾਹਮਣੇ ਆਇਆ ਹੈ ਕਿ ਵੱਡੇ ਅਤੇ ਹਵਾਦਾਰ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਕੋਰੋਨਾ ਦਾ ਜੋਖ਼ਮ ਬੰਦ ਘਰਾਂ ਵਿੱਚ ਰਹਿਣ ਵਾਲਿਆਂ ਨਾਲੋਂ ਬਹੁਤ ਘੱਟ ਹੈ। ਮਾਹਿਰ ਕਹਿੰਦੇ ਹਨ ਕਿ ਛੋਟੇ ਘਰਾਂ ਅੰਦਰ ਪੁਰਾਣੀ ਹਵਾ ਘਰ ਵਿੱਚ ਹੀ ਘੁੰਮਦੀ ਰਹਿੰਦੀ ਹੈ ਜਦੋਂ ਕਿ ਹਵਾ ਦੀ ਆਵਾਜਾਈ ਵੱਡੇ ਅਤੇ ਖੁੱਲ੍ਹੇ ਘਰਾਂ ਵਿੱਚ ਬਿਹਤਰ ਹੁੰਦੀ ਹੈ। ਇਸ ਦੇ ਨਾਲ ਹੀ ਸੂਰਜ ਦੀ ਰੌਸ਼ਨੀ ਬੰਦ ਘਰਾਂ ਤਕ ਨਹੀਂ ਪਹੁੰਚਦੀ, ਜਿਸ ਕਾਰਨ ਵਾਇਰਸ ਵਧਣ ਲਈ ਇੱਕ ਸੁਰੱਖਿਅਤ ਜਗ੍ਹਾ ਪ੍ਰਾਪਤ ਕਰਦਾ ਹੈ। ਹਵਾਦਾਰ ਘਰਾਂ ਵਿੱਚ, ਕੋਰੋਨਾਵਾਇਰਸ ਜ਼ਿਆਦਾ ਦੇਰ ਲਈ ਨਹੀਂ ਰੁਕਦਾ ਅਤੇ ਹਵਾ ਦੇ ਪ੍ਰਵਾਹ ਨਾਲ ਘਰ ਤੋਂ ਬਾਹਰ ਆ ਜਾਂਦਾ ਹੈ।
ਪਿਛਲੇ ਕੁੱਝ ਮਹੀਨਿਆਂ ਵਿੱਚ ਕੋਰੋਨਾ ਵਾਇਰਸ ਦੇ ਸੰਬੰਧ ਵਿੱਚ ਵੱਖ-ਵੱਖ ਸੰਸਥਾਵਾਂ ਤੋਂ ਕਈ ਰਿਪੋਰਟਾਂ ਸਾਹਮਣੇ ਆਈਆਂ ਹਨ। ਕੋਰੋਨਾਵਾਇਰਸ ਬਾਰੇ ਸਾਰੇ ਵਿਸ਼ਵ ਦੇ ਵਿਗਿਆਨੀਆਂ ਦੀ ਵੱਖੋ ਵੱਖਰੀ ਰਾਏ ਸਾਹਮਣੇ ਆ ਰਹੀ ਹੈ। ਕੋਰੋਨਾ ‘ਤੇ ਸ਼ੁਰੂਆਤੀ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਹ ਤਿੰਨ ਫ਼ੁੱਟ ਦੀ ਦੂਰੀ ਤਕ ਫ਼ੈਲ ਸਕਦਾ ਹੈ। ਇਸ ਤੋਂ ਬਾਅਦ ਇਹ ਵੀ ਕਿਹਾ ਗਿਆ ਹੈ ਕਿ ਇਹ 6 ਤੋਂ 8 ਫ਼ੁੱਟ ਦੀ ਦੂਰੀ ਤਕ ਵੀ ਫ਼ੈਲ ਸਕਦਾ ਹੈ ਅਤੇ ਹੁਣ ਕਿਹਾ ਜਾ ਰਿਹਾ ਹੈ ਕਿ ਕੋਰੋਨਾ ਦਾ ਪ੍ਰਭਾਵ 13 ਫ਼ੁੱਟ ਦੀ ਦੂਰੀ ਤਕ ਵੀ ਹੋ ਸਕਦਾ ਹੈ। ਕੋਰੋਨਾ ਲਗਾਤਾਰ ਆਪਣਾ ਰੂਪ ਅਤੇ ਲੱਛਣ ਬਦਲ ਰਿਹਾ ਹੈ। ਇਸ ਕਾਰਨ ਵਿਗਿਆਨੀ ਵੀ ਅਜੇ ਤਕ ਇਸ ਨੂੰ ਕਾਬੂ ਕਰਨ ਅਤੇ ਇਸ ਲਈ ਦਵਾਈ ਬਣਾਉਣ ‘ਚ ਦੇਰ ਲਗਾ ਰਹੇ ਹਨ। ਧਿਆਨ ਰੱਖਣ ਯੋਗ ਗੱਲਾਂ:
ਮੌਨਸੂਨ ਦੇ ਮੌਸਮ ‘ਚ ਕੁੱਝ ਸਮੇਂ ਲਈ ਪਰਿਵਾਰ ਦੇ ਸਾਰੇ ਮੈਂਬਰ ਆਪਣੇ-ਆਪ ਨੂੰ ਧੁੱਪ ਜ਼ਰੂਰ ਲਗਵਾਓ। ਆਪਣੇ ਘਰਾਂ ‘ਚ ਸਫ਼ਾਈ ਰੱਖੋ। ਬਾਜ਼ਾਰ ਦਾ ਭੋਜਨ ਨਾ ਖਾਓ। ਰੋਜ਼ ਨਹਾਓ ਅਤੇ ਰੋਜ਼ ਕੱਪੜੇ ਬਦਲੋ। ਕੱਪੜੇ ਸਾਫ਼-ਸੁਥਰੇ ਹੀ ਪਾਓ। ਸਮਾਜਿਕ ਦੂਰੀ ਦੀ ਪਾਲਣਾ ਕਰੋ। ਮਾਸਕ ਪਾ ਕੇ ਰੱਖੋ। ਘਰ ਦੀਆਂ ਖਿੜਕੀਆਂ ਸਾਫ਼ ਅਤੇ ਖੁੱਲ੍ਹੀਆਂ ਰੱਖੋ। ਘਰ ਦੇ ਬਿਸਤਰਿਆਂ ਅਤੇ ਸਿਰਹਾਣਿਆਂ ਨੂੰ ਸਮੇਂ-ਸਮੇਂ ‘ਤੇ ਧੁੱਪ ਲਗਵਾਉਂਦੇ ਰਹੋ। ਘਰ ‘ਚ ਕਿਸੇ ਕੈਮੀਕਲ ਦੇ ਨਾਲ ਰੋਜ਼ ਗਿੱਲਾ ਕੱਪੜਾ ਮਾਰੋ ਜਾਂ ਸਪਰੇਅ ਕਰੋ।
ਸੂਰਜਵੰਸ਼ੀ