ਬੌਲੀਵੁਡ ਦੀ ਚਮਕ ਦਮਕ ਬਾਰੇ ਤਾਂ ਹਰ ਵਿਅਕਤੀ ਚੰਗੀ ਤਰ੍ਹਾਂ ਜਾਣਦਾ ਹੀ ਹੈ। ਇਸ ਨਾਲ ਜੁੜੀਆਂ ਖ਼ੂਬਸੂਰਤ ਅਭਿਨੇਤਰੀਆਂ ਇਸ ਚਮਕ-ਦਮਕ ਨੂੰ ਬਰਕਰਾਰ ਰੱਖਣ ‘ਚ ਅਹਿਮ ਭੂਮਿਕਾ ਨਿਭਾਉਾਂਦੀਆਂ ਹਨ। ਇਹ ਅਭਿਨੇਤਰੀਆਂ ਪਰਦੇ ‘ਤੇ ਕਈ ਹੀਰੋਜ਼ ਦਾ ਸਾਥ ਦਿੰਦੀਆਂ ਹਨ, ਪਰ ਅਸਲ ਜ਼ਿੰਦਗੀ ‘ਚ ਕਈ ਅਜਿਹੀਆਂ ਅਭਿਨੇਤਰੀਆਂ ਵੀ ਹਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਸਫ਼ਰ ਬਿਨਾਂ ਹਮਸਫ਼ਰ ਤੈਅ ਕੀਤਾ ਹੈ। ਇਨ੍ਹਾਂ ਖ਼ੂਬਸੂਰਤ ਅਭਿਨੇਤਰੀਆਂ ਵਲੋਂ ਵਿਆਹ ਨਾ ਕਰਵਾਉਣ ਪਿੱਛੇ ਕਈ ਦਿਲਚਸਪ ਕਿੱਸੇ-ਕਹਾਣੀਆਂ ਹਨ। ਇਸ ਹਫ਼ਤੇ ਅਸੀਂ ਅਜਿਹੀਆਂ ਹੀ ਕੁੱਝ ਖ਼ੂਬਸੂਰਤ ਹੀਰੋਇਨਾਂ ਬਾਰੇ ਚਰਚਾ ਕਰ ਰਹੇ ਹਾਂ ਜਿਨ੍ਹਾਂ ਨੇ ਦਿਲਕਸ਼ ਅਦਾਵਾਂ ਨਾਲ ਲੱਖਾਂ ਸਿਨੇਮਾ ਪ੍ਰੇਮੀਆਂ ਦੇ ਦਿਲਾਂ ‘ਤੇ ਰਾਜ ਕੀਤਾ ਪਰ ਵਿਆਹ ਤੋਂ ਆਪਣੀ ਦੂਰੀ ਬਣਾਈ ਰੱਖੀ।
ਆਸ਼ਾ ਪਾਰਿਖ – ਮੁੰਬਈ ‘ਚ 2 ਅਕਤੂਬਰ 1942 ਨੂੰ ਜਨਮੀ ਆਸ਼ਾ ਪਾਰਿਖ ਨੇ ਬੌਲੀਵੁਡ ਵਿੱਚ ਬਤੌਰ ਇੱਕ ਅਭਿਨੇਤਰੀ, ਡਾਇਰੈਕਟਰ, ਪ੍ਰੋਡਿਊਸਰ ਅਤੇ ਡਾਂਸਰ ਆਪਣੀ ਗੂੜ੍ਹੀ ਪਛਾਣ ਕਾਇਮ ਕੀਤੀ। 1959 ਤੋਂ 1973 ਤਕ ਉਹ ਹਿੰਦੀ ਫ਼ਿਲਮਾਂ ਦੀ ਚੋਟੀ ਦੀ ਅਦਾਕਾਰਾ ਮੰਨੀ ਗਈ। ਉਸ ਦੀ ਖ਼ੂਬਸੂਰਤੀ ਅਤੇ ਅਦਾਕਾਰੀ ਦੇ ਲੱਖਾਂ ਦੀਵਾਨੇ ਸਨ। ਨਿੱਜੀ ਜ਼ਿੰਦਗੀ ਵਿੱਚ ਆਸ਼ਾ ਨੇ ਵਿਆਹ ਨਹੀਂ ਕਰਵਾਇਆ। ਉਸ ਨੇ ਜ਼ਿੰਦਗੀ ਦੇ ਸਫ਼ਰ ਨੂੰ ਬਿਨਾਂ ਹਮਸਫ਼ਰ ਦੇ ਇਕੱਲਿਆਂ ਹੀ ਤੈਅ ਕੀਤਾ। ਕਿਹਾ ਜਾਂਦਾ ਹੈ ਕਿ ਉਹ ਨਿਰਦੇਸ਼ਕ ਨਸੀਰ ਹੁਸੈਨ ਨੂੰ ਮੁਹੱਬਤ ਕਰਦੀ ਸੀ। ਆਸ਼ਾ ਨੇ ਆਪਣੀ ਆਤਮਕਥਾ ਦਾ ਹਿੱਟ ਗਰਲ ‘ਚ ਇਹ ਗੱਲ ਖ਼ੁਦ ਮੰਨੀ ਹੈ। 1992 ਵਿੱਚ ਉਸ ਨੂੰ ਚੰਗੀ ਅਦਾਕਾਰੀ ਲਈ ਭਾਰਤ ਸਰਕਾਰ ਵਲੋਂ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਨੰਦਾ – ਅੱਠ ਸਾਲ ਦੀ ਉਮਰ ਵਿੱਚ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਣ ਵਾਲੀ ਅਨਿਭੇਤਰੀ ਨੰਦਾ ਨੇ ਫ਼ਿਲਮਾਂ ‘ਚ ਤਾਂ ਬਹੁਤ ਅਭਿਨੇਤਾਵਾਂ ਦਾ ਸਾਥ ਦਿੱਤਾ, ਪਰ ਅਸਲ ਜ਼ਿੰਦਗੀ ‘ਚ ਉਸ ਨੇ ਇਕੱਲਾਪਨ ਹੀ ਹੰਢਾਇਆ। ਉਸ ਨੇ ਲਗਾਤਾਰ 35 ਸਾਲ ਹਿੰਦੀ ਫ਼ਿਲਮਾਂ ‘ਚ ਵੱਖ- ਵੱਖ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਈਆਂ। 8 ਜਨਵਰੀ 1939 ਨੂੰ ਕੋਹਲਾਪੁਰ ਵਿਖੇ ਜਨਮੀ ਨੰਦਾ ਅਸਲ ਵਿੱਚ ਫ਼ਿਲਮ ਨਿਰਮਾਤਾ ਮਨਮੋਹਨ ਦੇਸਾਈ ਨੂੰ ਪਸੰਦ ਕਰਦੀ ਸੀ। ਦੋਹਾਂ ਦੀ ਮੰਗਣੀ ਵੀ ਹੋ ਗਈ ਸੀ, ਪਰ ਇਸੇ ਦੌਰਾਨ ਇੱਕ ਸੜਕ ਹਾਦਸੇ ‘ਚ ਮਨਮੋਹਨ ਦੇਸਾਈ ਦੀ ਮੌਤ ਹੋ ਗਈ। ਇਸ ਤੋਂ ਬਾਅਦ ਨੰਦਾ ਕਾਫ਼ੀ ਟੁੱਟ ਗਈ ਅਤੇ ਉਸ ਨੇ ਕਦੇ ਵਿਆਹ ਕਰਵਾਉਣ ਬਾਰੇ ਸੋਚਿਆ ਹੀ ਨਹੀਂ। 24 ਮਾਰਚ 2014 ਨੂੰ ਇਹ ਅਦਾਕਾਰਾ ਫ਼ਿਲਮੀ ਪਰਦੇ ਨਾਲ ਜੁੜੀਆਂ ਅੱਭੁਲ ਯਾਦਾਂ ਛੱਡ ਕੇ ਇਸ ਦੁਨੀਆ ਨੂੰ ਅਲਵਿਦਾ ਆਖ ਗਈ।
ਸੁਰੱਈਆ – ਗਾਇਕੀ ਅਤੇ ਅਭਿਨੈ ਦਾ ਸੁਮੇਲ ਸੁਰੱਈਆ ਨੇ ਵੀ ਵਿਆਹ ਨਹੀਂ ਸੀ ਕਰਵਾਇਆ। 15 ਜੂਨ 1929 ਨੂੰ ਜਨਮੀ ਸੁਰੱਈਆ ਨੇ ਫ਼ਿਲਮੀ ਖੇਤਰ ‘ਚ ਉੱਚੀਆਂ ਉਡਾਰੀਆਂ ਮਾਰੀਆਂ ਸਨ। ਉਸ ਦੇ ਪ੍ਰੇਮੀਆਂ ‘ਚ ਐੱਮ. ਸਾਦਿਕ, ਜੈਯੰਤ ਦੇਸਾਈ, ਦੇਵ ਆਨੰਦ ਅਤੇ ਫ਼ਿਲਮ ਨਿਰਮਾਤਾ ਪੀ. ਐੱਨ. ਆਦਿ ਵੱਡੀਆਂ ਸ਼ਖ਼ਸੀਅਤਾਂ ਸ਼ਾਮਿਲ ਸਨ, ਪਰ ਇਨ੍ਹਾਂ ਵਿੱਚੋਂ ਕਿਸੇ ਨੇ ਵੀ ਉਸ ਦਾ ਸਾਰੀ ਉਮਰ ਲਈ ਸਾਥ ਨਾ ਦਿੱਤਾ। ਜ਼ਿੰਦਗੀ ਵਿੱਚ ਸੁਰੱਈਆ ਨੇ ਜਿਸ ਨੂੰ ਵੀ ਦਿਲੋਂ ਚਾਹਿਆ, ਤਕਦੀਰ ਨੇ ਉਸ ਦੀ ਚਾਹਤ ਨੂੰ ਉਸ ਤੋਂ ਦੂਰ ਹੀ ਰੱਖਿਆ। ਵੈਸੇ, ਸੁਰੱਇਆ ਨੇ ਦੇਵ ਆਨੰਦ ਨਾਲ ਵਿਆਹ ਕਰਵਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਫ਼ਿਰ ਵੀ ਦੋਹੇਂ ਇੱਕ ਨਾ ਹੋ ਸਕੇ। ਅਸਲ ‘ਚ ਸੁਰੱਇਆ ਦਾ ਪਰਿਵਾਰ, ਖ਼ਾਸ ਕਰ ਕੇ ਉਸ ਦੀ ਮਾਂ, ਨਹੀਂ ਸੀ ਚਾਹੁੰਦਾ ਕਿ ਦੋਹਾਂ ਦਾ ਵਿਆਹ ਹੋਵੇ। ਅਖ਼ੀਰ ਸੁਰੱਈਆ ਇਨ੍ਹਾਂ ਗ਼ਮਾਂ ਕਾਰਨ ਬਿਮਾਰ ਰਹਿਣ ਲੱਗੀ ਅਤੇ ਉਸ ਦਾ ਕਰੀਅਰ ਹਨ੍ਹੇਰੇ ‘ਚ ਚਲਾ ਗਿਆ। ਵੈਸੇ ਸੁਰੱਈਆ ਨੇ ਆਪਣੇ ਛੋਟੇ ਜਿਹੇ ਕਰੀਅਰ ਦੌਰਾਨ ਵੀ ਕਈ ਸੁਪਰਹਿੱਟ ਫ਼ਿਲਮਾਂ ਬੌਲੀਵੁੱਡ ਨੂੰ ਦਿੱਤੀਆਂ। ਆਖ਼ੀਰ 31 ਜਨਵਰੀ 2004 ਨੂੰ ਇਹ ਮਹਾਨ ਅਦਾਕਾਰਾ ਅਤੇ ਗਾਇਕਾ ਇਸ ਦੁਨੀਆ ਨੂੰ ਅਲਵਿਦਾ ਆਖ ਗਈ। ਸੁਰੱਈਆ ਆਖ਼ਰੀ ਵਾਰ 1963 ‘ਚ ਰਿਲੀਜ਼ ਹੋਈ ਫ਼ਿਲਮ ਰੁਸਤਮ ਸੋਹਰਾਬ ‘ਚ ਪ੍ਰਿਥਵੀ ਰਾਜ ਕਪੂਰ ਨਾਲ ਨਜ਼ਰ ਆਈ ਸੀ।
ਸੁਲਕਸ਼ਣਾ ਪੰਡਿਤ – ਸੁਲਕਸ਼ਣਾ ਪੰਡਿਤ ਦੀ ਗਿਣਤੀ 1970 ਦੇ ਸਮਿਆਂ ‘ਚ ਬੌਲੀਵੁਡ ਦੀਆਂ ਨਾਮੀ ਅਭਿਨੇਤਰੀਆਂ ‘ਚ ਹੁੰਦੀ ਸੀ। ਉਸ ਨੇ ਬੌਲੀਵੁਡ ਦੇ ਉਸ ਦੌਰ ਦੇ ਕਈ ਸੁਪਰਸਟਾਰਜ਼ ਨਾਲ ਫ਼ਿਲਮਾਂ ਕੀਤੀਆਂ। ਸੁਲਕਸ਼ਣਾ ਅਦਾਕਾਰ ਸੰਜੀਵ ਕੁਮਾਰ ਨੂੰ ਪਿਆਰ ਕਰਦੀ ਸੀ, ਅਤੇ ਉਸ ਨਾਲ ਹੀ ਵਿਆਹ ਵੀ ਕਰਵਾਉਣਾ ਚਾਹੁੰਦੀ ਸੀ, ਪਰ ਸੰਜੀਵ ਕੁਮਾਰ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਉਸ ਤੋਂ ਬਾਅਦ ਉਸ ਨੇ ਵਿਆਹ ਨਹੀਂ ਕਰਵਾਇਆ। ਸੁਲਕਸ਼ਣਾ ਪੰਡਿਤ ਦਾ ਜਨਮ 12 ਜੁਲਾਈ 1948 ਨੂੰ ਮੁੰਬਈ ‘ਚ ਹੋਇਆ ਸੀ ਅਤੇ ਉਸ ਨੇ ਕਰੀਅਰ ਦੀ ਸ਼ੁਰੂਆਤ ਬਤੌਰ ਇੱਕ ਗਾਇਕਾ ਕੀਤੀ ਸੀ। ਬੇਹੱਦ ਖ਼ੂਬਸੂਰਤ ਹੋਣ ਕਾਰਨ ਬਾਅਦ ਵਿੱਚ ਉਸ ਨੂੰ ਫ਼ਿਲਮਾਂ ‘ਚ ਰੋਲ ਮਿਲਣ ਲੱਗੇ। ਉਸ ਦੀ ਡੈਬਿਊ ਹਿੰਦੀ ਫ਼ਿਲਮ ਉਲਝਨ ਸਾਲ 1975 ਵਿੱਚ ਰਿਲੀਜ਼ ਹੋਈ ਸੀ।
ਸੁਸ਼ਮਿਤਾ ਸੇਨ – 19 ਨਵੰਬਰ 1975 ਨੂੰ ਹੈਦਰਾਬਾਦ ਵਿਖੇ ਜਨਮ ਲੈਣ ਵਾਲੀ ਖ਼ੂਬਸੂਰਤ ਅਭਿਨੇਤਰੀ ਸੁਸ਼ਮਿਤਾ ਸੇਨ ਨੇ ਵੀ ਅਜੇ ਤਕ ਵਿਆਹ ਨਹੀਂ ਕਰਵਾਇਆ। ਉਹ ਮਿਸ ਯੂਨੀਵਰਸ ਰਹਿ ਚੁੱਕੀ ਹੈ। ਭਾਵੇਂ ਸੁਸ਼ਮਿਤਾ ਦੇ ਨਾਂ ਦੀ ਚਰਚਾ ਕਈ ਪਰੁਸ਼ਾਂ ਨਾਲ ਰਹੀ ਹੈ, ਪਰ ਫ਼ਿਰ ਵੀ ਉਸ ਨੇ ਕਿਸੇ ਨੂੰ ਆਪਣੇ ਹਮਸਫ਼ਰ ਵਜੋਂ ਨਹੀਂ ਚੁਣਿਆ। ਇਸ ਵਕਤ ਸੁਸ਼ਮਿਤਾ ਦੇ ਮਾਡਲ ਰੋਹਮਿਲ ਸ਼ੌਅਲ ਨਾਲ ਰਿਸ਼ਤਾ ਕਾਫ਼ੀ ਚਰਚਾ ‘ਚ ਹੈ। ਕਿਹਾ ਜਾਂਦਾ ਹੈ ਕਿ ਦੋਹੇਂ ਜਲਦੀ ਵਿਆਹ ਵੀ ਕਰਵਾ ਸਕਦੇ ਹਨ। ਵੈਸੇ ਰੋਹਮਿਲ ਸੁਸ਼ਮਿਤਾ ਤੋਂ ਉਮਰ ‘ਚ ਕਾਫ਼ੀ ਛੋਟਾ ਹੈ। ਜ਼ਿਕਰਯੋਗ ਹੈ ਕਿ ਸੁਸ਼ਮਿਤਾ ਸੇਨ ਨੇ ਦੋ ਬੇਟੀਆਂ ਵੀ ਗੋਦ ਲਈਆਂ ਹੋਈਆਂ ਹਨ।
ਤਬੂ – ਖ਼ੂਬਸੂਰਤੀ ਦੀ ਮੂਰਤ ਅਦਾਕਾਰਾ ਤਬੂ ਨੇ ਵੀ ਫ਼ਿਲਹਾਲ ਵਿਆਹ ਨਹੀਂ ਕਰਵਾਇਆ ਹੈ। ਇਸ ਅਭਿਨੇਤਰੀ ਦਾ ਜਨਮ 4 ਨਵੰਬਰ 1971 ਨੂੰ ਹੈਦਰਾਬਾਦ ‘ਚ ਹੋਇਆ ਸੀ। ਤਬੂ ਆਪਣੀ ਜ਼ਿੰਦਗੀ ਆਪਣੀਆਂ ਸ਼ਰਤਾਂ ‘ਤੇ ਜਿਊਣ ਵਿੱਚ ਵਿਸ਼ਵਾਸ਼ ਰੱਖਦੀ ਹੈ, ਅਤੇ ਉਹ ਫ਼ਿਲਮਾਂ ਵੀ ਆਪਣੀਆਂ ਸ਼ਰਤਾਂ ‘ਤੇ ਹੀ ਸਾਈਨ ਕਰਦੀ ਹੈ। ਤਬੂ ਨੂੰ ਦੋ ਵਾਰ ਬੈੱਸਟ ਐਕਟਰੈੱਸ ਦਾ ਪੁਰਸਕਾਰ ਵੀ ਮਿਲ ਚੁੱਕਾ ਹੈ। ਕਿਹਾ ਜਾਂਦਾ ਹੈ ਕਿ ਉਹ ਫ਼ਿਲਮ ਨਿਰਮਾਤਾ ਸਾਜਿਦ ਨਾਡਿਆਵਾਲਾ ਨਾਲ ਰਿਲੇਸ਼ਨਸ਼ਿਪ ‘ਚ ਸੀ, ਪਰ ਬਾਅਦ ‘ਚ ਕਿਸੇ ਕਾਰਨ ਦੋਹਾਂ ਦਾ ਰਿਸ਼ਤਾ ਟੁੱਟ ਗਿਆ। ਉਸ ਤੋਂ ਬਾਅਦ ਤਬੂ ਨਾਲ ਕਿਸੇ ਦਾ ਨਾਂ ਨਹੀਂ ਜੁੜਿਆ। ਵਿਆਹ ਨਾ ਕਰਵਾਉਣ ਨੂੰ ਲੈ ਕੇ ਤਬੂ ਅਕਸਰ ਆਖਦੀ ਹੈ ਕਿ ਉਸ ਨੂੰ ਇਸ ਦਾ ਕੋਈ ਗ਼ਮ ਨਹੀਂ। ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਇੱਕ ਇੰਟਵਿਊ ਦੌਰਾਨ ਤਬੂ ਨੇ ਮਜ਼ਾਕ-ਮਜ਼ਾਕ ‘ਚ ਇਹ ਵੀ ਆਖ ਦਿੱਤਾ ਸੀ ਕਿ ਉਸ ਨੇ ਅਦਾਕਾਰ ਅਜੇ ਦੇਵਗਨ ਕਾਰਨ ਵਿਆਹ ਨਹੀਂ ਕਰਵਾਇਆ। ਖ਼ੈਰ ਤਬੂ ਦੇ ਵਿਆਹ ਨਾ ਕਰਵਾਉਣ ਦੇ ਅਸਲ ਕਾਰਨ ਬਾਰੇ ਕਿਸੇ ਨੂੰ ਨਹੀਂ ਪਤਾ।
ਨਗ਼ਮਾ – ਅਦਾਕਾਰਾ ਨਗ਼ਮਾ ਦਾ ਨਾਂ ਫ਼ਿਲਮ ਇੰਡਸਟਰੀ ‘ਚ ਜਾਣਿਆ ਪਛਾਣਿਆ ਨਾਂ ਹੈ। ਹੁਣ ਤਕ ਉਸ ਨੇ ਹਿੰਦੀ ਤੋਂ ਇਲਾਵਾ ਤਮਿਲ, ਤੇਲਗੂ, ਮਲਿਆਲਮ, ਆਦਿ ਕਈ ਖੇਤਰੀ ਭਾਸ਼ਾਵਾਂ ਦੀਆਂ ਫ਼ਿਲਮਾਂ ‘ਚ ਵੀ ਅਦਾਕਾਰੀ ਦੇ ਰੰਗ ਬਿਖੇਰੇ ਹਨ। ਇਸ ਖ਼ੂਬਸੂਰਤ ਅਦਾਕਾਰਾ ਦਾ ਨਾਂ ਇੱਕ ਸਮੇਂ ਮਸ਼ਹੂਰ ਕ੍ਰਿਕਟਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨਾਲ ਵੀ ਜੋੜਿਆ ਸੀ, ਪਰ ਇਨ੍ਹਾਂ ਦੋਹਾਂ ਦਾ ਰਿਸ਼ਤਾ ਅੱਗੇ ਨਾ ਵੱਧ ਸੱਕਿਆ। ਅਦਾਕਾਰ ਰਵੀ ਕਿਸ਼ਨ ਨਾਲ ਵੀ ਉਸ ਦੇ ਰਿਸ਼ਤੇ ਦੇ ਕਾਫ਼ੀ ਚਰਚੇ ਰਹੇ ਹਨ। 44 ਸਾਲਾਂ ਨਗ਼ਮਾ ਨੇ ਵੀ ਅਜੇ ਆਪਣਾ ਹਮਸਫ਼ਰ ਨਹੀਂ ਚੁਣਿਆ।
ਅਮੀਸ਼ਾ ਪਟੇਲ – ਅਮੀਸ਼ਾ ਪਟੇਲ ਨੇ ਬੌਲੀਵੁਡ ਦੇ ਸਭ ਤੋਂ ਸਮਾਰਟ ਹੀਰੋ ਰਿਤਿਕ ਰੌਸ਼ਨ ਨਾਲ ਫ਼ਿਲਮ ਕਹੋ ਨਾ ਪਿਆਰ ਹੈ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਫ਼ਿਰ ਉਸ ਨੇ ਲਗਾਤਰ ਬੌਲੀਵੁਡ ਫ਼ਿਲਮਾਂ ‘ਚ ਵਧੀਆ ਕੰਮ ਕੀਤਾ। ਸਨੀ ਦਿਓਲ ਨਾਲ ਉਸ ਦੀ ਫ਼ਿਲਮ ਗ਼ਦਰ ਸੁਪਰਹਿੱਟ ਸਾੋਬਤ ਹੋਈ ਸੀ। ਭਾਵੇਂ ਨਿਰਦੇਸ਼ਕ ਵਿਕਰਮ ਭੱਟ ਨਾਲ ਉਸ ਦੇ ਨਿੱਜੀ ਰਿਸ਼ਤਿਆਂ ਨੂੰ ਲੈ ਕੇ ਕਾਫ਼ੀ ਚਰਚੇ ਹੁੰਦੇ ਰਹੇ, ਪਰ ਇਹ ਰਿਸ਼ਤਾ ਜ਼ਿਆਦਾ ਦਿਨ ਤਕ ਨਹੀਂ ਚੱਲਿਆ। ਤਕੀਬਨ 42 ਸਾਲਾਂ ਦੀ ਹੋ ਚੁੱਕੀ ਅਮੀਸ਼ਾ ਨੇ ਵੀ ਅਜੇ ਤਕ ਵਿਆਹ ਨਹੀਂ ਕਰਵਾਇਆ।
ਪਰਵੀਨ ਬੌਬੀ – 1970 ਅਤੇ 80 ਦੇ ਦੌਰ ਦੀਆਂ ਗਲੈਮਰਸ ਅਭਿਨੇਤਰੀਆਂ ‘ਚੋਂ ਪਰਵੀਨ ਬੌਬੀ ਇੱਕ ਸੀ। ਹੰਸੂ-ਹੰਸੂ ਕਰਦੇ ਚਿਹਰੇ ਵਾਲੀ ਇਸ ਖ਼ੂਬਸੂਰਤ ਅਭਿਨੇਤਰੀ ਨੇ ਵੀ ਸਾਰੀ ਉਮਰ ਇਕੱਲਿਆਂ ਹੀ ਗੁਜ਼ਾਰੀ। ਹਾਲਾਂਕਿ ਸਮੇਂ-ਸਮੇਂ ਕਈ ਸਿਤਾਰਿਆਂ ਨਾਲ ਉਸ ਦਾ ਨਾਂ ਜ਼ਰੂਰ ਜੁੜਿਆ ਜਿਨ੍ਹਾਂ ਵਿੱਚ ਨਿਰਮਾਤਾ ਮਹੇਸ਼ ਭੱਟ, ਅਦਾਕਾਰ ਕਬੀਰ ਬੇਦੀ ਤੇ ਡੈਨੀ ਆਦਿ ਸ਼ਾਮਿਲ ਸਨ। ਫ਼ਿਰ ਵੀ ਕਿਸੇ ਦਾ ਸਾਥ ਉਸ ਨੂੰ ਸਾਰੀ ਉਮਰ ਲਈ ਨਹੀਂ ਨਸੀਬ ਹੋਇਆ। ਅਫ਼ਵਾਹਾਂ ਤਾਂ ਇਹ ਵੀ ਸਨ ਕਿ ਉਸ ਦੇ ਅਮਿਤਾਭ ਬੱਚਨ ਨਾਲ ਵੀ ਕਾਫ਼ੀ ਨਜ਼ਦੀਕੀ ਸਬੰਧ ਰਹੇ ਸਨ। ਮਹੇਸ਼ ਭੱਟ ਨੇ 1982 ਵਿੱਚ ਆਪਣੇ ਅਤੇ ਪਰਵੀਨ ਦੇ ਰਿਸ਼ਤਿਆਂ ‘ਤੇ ਫ਼ਿਲਮ ਅਰਥ ਵੀ ਬਣਾਈ ਸੀ। ਕਿਹਾ ਜਾਂਦਾ ਹੈ ਕਿ ਇਹ ਫ਼ਿਲਮ ਕਾਫ਼ੀ ਹੱਦ ਤਕ ਇਨ੍ਹਾਂ ਦੇ ਰਿਸ਼ਤਿਆਂ ਨੂੰ ਪਰਦੇ ‘ਤੇ ਪੇਸ਼ ਕਰਦੀ ਹੈ। ਦੀਵਾਰ, ਨਮਕ ਹਾਲਾਲ, ਸੁਹਾਗ, ਕਾਲੀਆ, ਆਦਿ ਸੁਪਰਹਿੱਟ ਫ਼ਿਲਮਾਂ ਦੇਣ ਵਾਲੀ ਖ਼ੂਬਸੂਰਤ ਅਭਿਨੇਤਰੀ ਪਰਵੀਨ ਬੌਬੀ 20 ਜਨਵਰੀ 2005 ਨੂੰ 55 ਸਾਲ ਦੀ ਉਮਰ ‘ਚ ਆਪਣੇ ਚਾਹੁਣ ਵਾਲਿਆਂ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਈ।