Image Courtesy :jagbani(punjabkesar)

ਜਲੰਧਰ : ਮਹਾਮਾਰੀ ਬਣੇ ਕੋਰੋਨਾ ਵਾਇਰਸ ਕਾਰਨ ਜ਼ਿਲ੍ਹਾ ਜਲੰਧਰ ਖਤਰਨਾਕ ਹਾਲਾਤ ‘ਚ ਪਹੁੰਚ ਗਿਆ ਹੈ। ਅੱਜ ਮੰਗਲਵਾਰ ਨੂੰ ਜ਼ਿਲ੍ਹਾ ਜਲੰਧਰ ‘ਚ 86 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਦੱਸ ਦਈਏ ਕਿ ਅੱਜ ਸਵੇਰੇ ਹੀ ਪਹਿਲਾਂ 16 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ ਅਤੇ ਦੁਪਿਹਰ ਨੂੰ 70 ਹੋਰ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਸ ਦੇ ਨਾਲ ਹੀ ਜਲੰਧਰ ਜ਼ਿਲ੍ਹੇ ‘ਚ ਮਰੀਜ਼ਾਂ ਦੀ ਗਿਣਤੀ 3308 ਹੋ ਗਈ ਹੈ ਜਦੋਂਕਿ ਮ੍ਰਿਤਕਾਂ ਦਾ ਅੰਕੜਾ 82 ਤੱਕ ਪਹੁੰਚ ਗਿਆ ਹੈ।
ਇਕ ਹੀ ਦਿਨ ‘ਚ ਛੂਹਿਆ 166 ਦਾ ਅੰਕੜਾ
ਸੋਮਵਾਰ ਨੂੰ ਜ਼ਿਲ੍ਹੇ ‘ਚ ਕੋਰੋਨਾ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਅਤੇ ਇਕ ਹੀ ਦਿਨ ‘ਚ 166 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਅਤੇ 4 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦਾ ਅੰਕੜਾ 82 ‘ਤੇ ਪਹੁੰਚ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਿਹਤ ਮਹਿਕਮੇ ਨੂੰ ਸੋਮਵਾਰ 166 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਮਿਲੀ, ਜਿਨ੍ਹਾਂ ‘ਚ ਸਿਵਲ ਸਰਜਨ ਦਫਤਰ ਦੇ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਅਤੇ ਹੋਰ ਕਰਮਚਾਰੀ ਸ਼ਾਮਲ ਹਨ। ਇਸ ਦੇ ਨਾਲ ਹੀ ਜਲੰਧਰ ਕੈਂਟ ਦੀ 55 ਸਾਲਾ ਔਰਤ ਅਤੇ ਭੋਗਪੁਰ ਦੇ 63 ਸਾਲਾ ਅਤੇ ਬਸ਼ੀਰ ਸ਼ੇਖ ਦੇ 35 ਸਾਲਾ ਨੌਜਵਾਨ ਦੀ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਅਤੇ ਦੀਪ ਨਗਰ ਕੈਂਟ ਦੀ 70 ਸਾਲਾ ਔਰਤ ਦੀ ਮੌਤ ਜਲੰਧਰ ਦੇ ਇਕ ਹਸਪਤਾਲ ਵਿਚ ਹੋਣ ਦੀ ਸੂਚਨਾ ਮਿਲੀ ਹੈ।
1430 ਦੀ ਰਿਪੋਰਟ ਆਈ ਨੈਗੇਟਿਵ ਅਤੇ 80 ਨੂੰ ਇਲਾਜ ਉਪਰੰਤ ਮਿਲੀ ਛੁੱਟੀ
ਸਿਹਤ ਮਹਿਕਮੇ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸੋਮਵਾਰ ਨੂੰ 1430 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਅਤੇ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 80 ਹੋਰਨਾਂ ਨੂੰ ਛੁੱਟੀ ਮਿਲ ਗਈ। ਸਿਹਤ ਮਹਿਕਮੇ ਨੇ 156 ਹੋਰ ਲੋਕਾਂ ਦੇ ਸੈਂਪਲ ਲੈ ਕੇ ਕੋਰੋਨਾ ਦੀ ਪੁਸ਼ਟੀ ਲਈ ਭੇਜੇ ਹਨ।
ਕੁੱਲ ਸੈਂਪਲ-51014
ਨੈਗੇਟਿਵ ਆਏ-47951
ਪਾਜ਼ੇਟਿਵ ਆਏ-3222
ਡਿਸਚਾਰਜ ਹੋਏ-2221
ਮੌਤਾਂ ਹੋਈਆਂ-82
ਐਕਟਿਵ ਕੇਸ-919
ਸ਼ਾਹਕੋਟ ‘ਚ 60 ਵਿਅਕਤੀਆਂ ਦੇ ਹੋਏ ਰੈਪਿਡ ਟੈਸਟ
ਸ਼ਾਹਕੋਟ ਬਲਾਕ ‘ਚ ਕੋਰੋਨਾ ਪਾਜ਼ੇਟਿਵ ਕੇਸ ਆਉਣ ‘ਤੇ ਉਨ੍ਹਾਂ ਦੇ ਸੰਪਰਕ ਵਾਲੇ ਲੋਕਾਂ ਦੇ ਰੈਪਿਡ ਟੈਸਟ ਕੀਤੇ ਗਏ। ਸੀਨੀਅਰ ਮੈਡੀਕਲ ਅਫਸਰ ਡਾ. ਅਮਰਦੀਪ ਸਿੰਘ ਦੁੱਗਲ ਨੇ ਦੱਸਿਆ ਕਿ 60 ਲੋਕਾਂ ਦਾ ਸੈਂਪਲ ਰੈਪਿਡ ਐਂਟੀਜਨ ਕਿੱਟ ਨਾਲ ਲਿਆ ਗਿਆ ਹੈ। ਇਸ ਵਿਚ 6 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਮੰਗਲਵਾਰ ਨੂੰ ਡਾਕਖਾਨੇ ਦੇ ਮੁਲਾਜ਼ਮਾਂ ਸਮੇਤ ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਪਰਿਵਾਰ ਵਾਲਿਆਂ ਦੇ ਸੈਂਪਲ ਲਏ ਜਾਣਗੇ। ਸੈਂਪਲਿੰਗ ਟੀਮਾਂ ਵਿਚ ਡਾ. ਮਨਪ੍ਰੀਤ ਸਿੰਘ, ਡਾ. ਧੀਰਜ ਕੁਮਾਰ, ਡਾ. ਪੂਨਮ ਯਾਦਵ, ਸੀ.ਐੱਚ.ਓ. ਪਵਨਦੀਪ ਕੌਰ, ਅਵਨੀਤ ਕੌਰ, ਕਿਰਣਜੀਤ ਕੌਰ, ਸਟਾਫ ਰਾਜਦੀਪ ਕੌਰ ਆਦਿ ਸ਼ਾਮਲ ਸਨ।
News Credit :jagbani(punjabkesar)