Image Courtesy :jagbani(punjabkesar)

ਰੂਪੀ ਕਾਵਿਸ਼ਾ, ਬਰੈਂਪਟਨ, ਓਨਟੈਰੀਓ
roopykavisha@gmail.com
ਜਦੋਂ 2020 ਆਉਣ ਵਾਲਾ ਸੀ, ਓਦੋਂ ਸਾਰੀ ਦੁਨੀਆਂ ਨੂੰ ਇਹ ਅੰਕੜੇ ਬੜੇ ਭਾਏ ਸਨ। ਜਿੱਥੇ ਵੀਹ ਸੌ ਵੀਹ (2020) ਕਹਿਣਾ ਸੰਗੀਤਮਈ ਲੱਗ ਹੀ ਰਿਹਾ ਸੀ, ਓਥੇ ਇਹ ਇੱਕ ਨਵੇਂ ਦਹਾਕੇ ਦੀ ਸ਼ੁਰੂਆਤ ਵੀ ਸੀ। ਸਾਰਿਆਂ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਇਹ ਸਾਲ ਸਾਡੇ ਸਾਰਿਆਂ ਲਈ ਢੇਰਾਂ ਖ਼ੁਸ਼ੀਆਂ ਲੈ ਕੇ ਆਵੇਗਾ ਅਤੇ ਇੱਕ ਯਾਦਗਾਰੀ ਸਾਲ ਵੀ ਸਾਬਿਤ ਹੋਵੇਗਾ। ਅਸੀਂ ਸਾਰੇ ਇਸ ਵਿੱਚੋਂ ਕੁੱਝ ਚੰਗਾ-ਚੰਗਾ ਉਡੀਕਣ ਲੱਗੇ। ਪਰ 2020 ਦੀ ਪਹਿਲੀ ਤਿਮਾਹੀ ਵਿੱਚ ਹੀ ਸਭ ਕੁੱਝ ਉਥਲ-ਪੁਥਲ ਹੋ ਗਿਆ। ਦੁਨੀਆਂ ਦੀ ਹਰ ਭਾਸ਼ਾ ਦੇ ਸ਼ਬਦ-ਕੋਸ਼ ਵਿੱਚ ਇੱਕ ਨਵਾਂ ਲਫ਼ਜ਼ ਸ਼ਾਮਿਲ ਹੋਇਆ: ਕੋਵਿਡ-19!
ਮਾਰਚ 2020 ਦੇ ਇੱਕ ਦਿਨ ਮੈਂ ਬਜ਼ਾਰ ਜਾਣ ਦੀ ਤਿਆਰੀ ਵਿੱਚ ਸਾਂ। ਕਿਸੇ ਦਾ ਟੈਲੀਫ਼ੋਨ ਆਇਆ। ਉਸ ਨੇ ਦੱਸਿਆ, ”ਲੋਕਾਂ ਨੇ ਰਾਸ਼ਨ ਦੀਆਂ ਦੁਕਾਨਾਂ ਖ਼ਾਲੀ ਕਰ ਦਿੱਤੀਆਂ ਹਨ। ਵਾਲਮਾਰਟ ਵਰਗੇ ਵੱਡੇ ਸਟੋਰਾਂ ਦੀਆਂ ਸ਼ੈਲਫ਼ਾਂ ਵੀ ਖ਼ਾਲੀ ਹੋ ਗਈਆਂ ਹਨ। ਹਰ ਕੋਈ ਕਿਸੇ ਅਣਡਿੱਠੇ ਖ਼ਤਰੇ ਦੀ ਗੱਲ ਕਰ ਰਿਹਾ ਹੈ। ਲੋਕਾਂ ਨੇ ਆਪਣੇ ਘਰਾਂ ਵਿੱਚ ਰਾਸ਼ਨ ਸਾਂਭਣਾ ਸ਼ੁਰੂ ਕਰ ਦਿੱਤਾ ਹੈ। ਕਹਿੰਦੇ ਨੇ ਕਿ ਕੋਈ ਵਾਇਰਸ ਫ਼ੈਲ ਗਿਆ ਹੈ ਜਿਹੜਾ ਬਿਨਾਂ ਵੀਜ਼ੇ ਤੋਂ, ਮੁਲਕਾਂ ਦੀਆਂ ਸਰਹੱਦਾਂ ਟੱਪ, ਦਹਿਸ਼ਤ ਅਤੇ ਤਬਾਹੀ ਮਚਾਉਣ ਨਿਕਲਿਆ ਹੋਇਆ ਹੈ। ਕਿਸੇ ਵੱਡੀ ਮਹਾਂਮਾਰੀ ਦੇ ਸੰਕੇਤ ਨੇ। ਸੈਂਕੜਿਆਂ ਦੇ ਹਿਸਾਬ ਨਾਲ ਮੌਤਾਂ ਹੋ ਰਹੀਆਂ ਹਨ। ਪਤਾ ਲੱਗਾ ਹੈ ਕਿ ਇਹ ਛੂਤ ਦੀ ਬਿਮਾਰੀ ਹੈ।” ਮੈਨੂੰ ਇਹ ਖ਼ਬਰ ਕੋਈ ਆਮ ਨਹੀਂ ਲੱਗੀ। ਮੈਂ ਸੋਚਿਆ ਕਿ ਜੇ ਇਹ ਬਿਮਾਰੀ ਛੂਤ ਦੀ ਹੈ ਤਾਂ ਲੋਕਾਂ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ। ਮੈਂ ਬਜ਼ਾਰ ਜਾਣ ਦੀ ਸਲਾਹ ਨਕਾਰ ਦਿੱਤੀ।
ਦੋ-ਤਿੰਨ ਦਿਨਾਂ ਬਾਅਦ ਮੇਰੇ ਸੂਬੇ, ਓਨਟੈਰੀਓ ਨੇ ਵੀ ਐਮਰਜੈਂਸੀ ਐਕਟ ਲਾ ਦਿੱਤਾ। ਸਭ ਕੁੱਝ ਬੰਦ ਹੋ ਗਿਆ ਸਿਵਾਏ ਰਾਸ਼ਨ ਤੇ ਦਵਾਈਆਂ ਦੀਆਂ ਦੁਕਾਨਾਂ ਤੋਂ। ਇਸ ਅਦਿੱਖ ਵਾਇਰਸ ਨੇ ਰੇਲ ਗੱਡੀਆਂ, ਸਮੁੰਦਰੀ ਜਹਾਜ਼, ਹਵਾਈ ਜਹਾਜ਼, ਮੋਟਰਾਂ-ਗੱਡੀਆਂ ਅਤੇ ਆਵਾਜਾਈ ਦੇ ਸਾਰੇ ਸਾਧਨ ਸਭ ਬੰਦ ਕਰਵਾ ਦਿੱਤੇ। ਮੁਲਕਾਂ ਦੀਆਂ ਸਰਹੱਦਾਂ ‘ਤੇ ਤਾਲੇ ਲਵਾ ਦਿੱਤੇ। ਸਾਰੀ ਦੁਨੀਆਂ ਵਿੱਚ ਜਿੱਥੇ-ਜਿੱਥੇ ਕੋਈ ਬੈਠਾ ਸੀ, ਉੱਥੇ-ਉੱਥੇ ਹੀ ਬੈਠਾ ਰਹਿ ਗਿਆ। ਸੜਕਾਂ ਤੋਂ ਲੈ ਕੇ ਅਸਮਾਨ ਤਕ, ਸਭ ਕੁੱਝ ਬੀਆਬਾਨ ਹੋ ਗਿਆ। ਚਾਰੇ ਪਾਸੇ ਚੁੱਪੀ ਛਾ ਗਈ, ਜਿਵੇਂ ਪੂਰੀ ਧਰਤੀ ‘ਤੇ ਕਿਸੇ ਐਸੇ ਜ਼ੋਰਾਵਰ ਹੁਕਮਰਾਨ ਦਾ ਰਾਜ ਹੋ ਗਿਆ ਹੋਵੇ ਜਿਸ ਨੇ ਜਿਉਂ ਹੀ ਆਪਣੇ ਬੁੱਲ੍ਹਾਂ ‘ਤੇ ਉਗਲ ਰੱਖੀ, ਸਾਰਾ ਜਹਾਨ ਹੀ ਚੁੱਪ ਹੋ ਗਿਆ।
ਰਾਸ਼ਨ ਸਾਂਭਣ ਦੇ ਲਾਲੇ ਕੀ ਪੈਣੇ ਸਨ, ਟੌਇਲਟ ਪੇਪਰ, ਫ਼ੇਸ ਮਾਸਕ ਅਤੇ ਰੋਗਾਣੂ-ਮੁਕਤ ਕਰੀਮਾਂ ਵੀ ਮੁੱਕ ਗਈਆਂ। ਮੈਨੂੰ ਵਿਕਸਿਤ ਦੇਸ਼ਾਂ ਦੀ ਮਜਬੂਰੀ ‘ਤੇ ਹਾਸਾ ਆ ਗਿਆ। ਪਤਾ ਲੱਗਾ ਕਿ ਅਸੀਂ ਵਿਕਸਿਤ ਤਾਂ ਹਾਂ ਪਰ ਦੂਸਰਿਆਂ ‘ਤੇ ਨਿਰਭਰ ਹੋ ਕੇ। ਵਿਕਸਿਤ ਮੁਲਕਾਂ ਦੇ ਖ਼ੁਦਮੁਖ਼ਤਿਆਰ ਨਾ ਹੋਣ ਦਾ ਇਹਸਾਸ ਮੈਨੂੰ ਪਹਿਲੀ ਵਾਰ ਹੋਇਆ। ਇੱਕ ਸਵਾਲ ਨੇ ਜ਼ਿਹਨ ਨੂੰ ਘੇਰਿਆ: ਕੀ ਹਰ ਮੁਲਕ ਬੁਨਿਆਦੀ ਤੌਰ ‘ਤੇ ਖ਼ੁਦਮੁਖ਼ਤਿਆਰ ਹੋਣਾ ਚਾਹੀਦਾ ਹੈ? ਮੈਂ ਸੋਚਿਆ ਕਿ ਕਿਤੇ ਕਿਸੇ ਵਿਕਸਿਤ ਮੁਲਕ ਦਾ ਹਾਲ ਇੱਕ ਅਮੀਰ ਬੱਚੇ ਵਰਗਾ ਤਾਂ ਨਹੀਂ ਜਿਹੜਾ ਨੌਕਰ ਦੇ ਨਾ ਆਉਣ ‘ਤੇ ਭੁੱਖਾ ਰਹਿ ਜਾਂਦਾ ਹੈ! ਉਸ ਦੀ ਰਸੋਈ ਵਿੱਚ ਸਮਾਨ ਤਾਂ ਇੱਕ ਤੋਂ ਇੱਕ ਵਧੀਆ ਪਿਆ ਹੁੰਦੈ, ਪਰ ਉਸ ਨੂੰ ਪਕਾਉਣ ਦੀ ਜਾਚ ਨਹੀਂ ਹੁੰਦੀ। ਘੱਟ ਤੋਂ ਘੱਟ ਉਸ ਨੂੰ ਐਨੀ ਜਾਚ ਤਾਂ ਆਉਣੀ ਹੀ ਚਾਹੀਦੀ ਹੈ ਕਿ ਜ਼ਰੂਰਤ ਵੇਲੇ ਉਹ ਆਪਣਾ ਡੰਗ ਸਾਰ ਸਕੇ। ਮੈਂ ਇਸ ਗੱਲ ਨੂੰ ਬਹੁਤਾ ਵਿਸਥਾਰ ਨਹੀਂ ਦੇਣਾ ਚਾਹੁੰਦੀ। ਤੁਸੀਂ ਸਭ ਸਿਆਣੇ ਹੋ!
ਅੱਜ ਕੋਵਿਡ-19 ਦੇ ਕਾਲੇ ਬੱਦਲਾਂ ਨੇ ਪੂਰੀ ਧਰਤੀ ਨੂੰ ਆਪਣੀ ਲਪੇਟ ‘ਚ ਲੈ ਲਿਆ ਹੈ। ਜਿਹੜੀਆਂ ਖ਼ਬਰਾਂ ਸ਼ੁਰੂ-ਸ਼ੁਰੂ ‘ਚ ਹਲਕੀਆਂ-ਫ਼ੁਲਕੀਆਂ ਅਤੇ ਆਮ ਜਿਹੀਆਂ ਜਾਪਦੀਆਂ ਸਨ, ਉਹਨਾਂ ਨੇ ਸ਼ੈਤਾਨੀ ਰੂਪ ਅਖ਼ਤਿਆਰ ਕਰ ਲਿਆ ਹੈ। ਕਦੀ ਸੋਚ ਨਹੀਂ ਸਾਂ ਸਕਦੇ ਕਿ ਕੋਈ ਬਾਹਰੀ ਤਾਕਤ ਯਾ ਕੋਈ ਬਾਹਰੀ ਅਣਜਾਣ ਚੀਜ਼, ਮੁਲਕਾਂ ਦੀਆਂ ਸਰਹੱਦਾਂ ਟੱਪ (ਭਾਵੇਂ ਉਹ ਆਪਸ ‘ਚ ਲੜ ਹੀ ਕਿਉਂ ਨਾ ਰਹੇ ਹੋਣ), ਇੱਕ ਗਲੋਬਲ ਸ਼ਕਲ ਅਖ਼ਤਿਆਰ ਕਰ, ਸਾਰੀ ਧਰਤੀ ‘ਤੇ ਹਾਵੀ ਹੋ ਜਾਵੇਗੀ। ਬੜੇ ਮਜ਼ੇ ਦੀ ਗੱਲ ਹੈ ਕਿ ਹੁਣ ਤਕ ਅੱਡ-ਅੱਡ ਮੁਲਕ ਆਪਸ ਵਿੱਚ ਤਾਂ ਲੜਦੇ ਰਹੇ ਹਨ ਪਰ ਕਦੀ ਸਾਰੇ ਇੱਕ ਜੁੱਟ ਹੋ ਕੇ, ਕਿਸੇ ਦੁਸ਼ਮਣ ਨਾਲ ਨਹੀਂ ਸਨ ਲੜੇ। ਦੁਸ਼ਮਣ ਵੀ ਉਹ, ਜਿਹੜਾ ਅਦਿੱਖ ਹੈ, ਜਿਹੜਾ ਲੁਕ ਕੇ ਗੁੱਝਾ ਵਾਰ ਕਰ ਰਿਹਾ ਹੈ, ਜਿਹੜਾ ਨਾ ਦਿਖਾਈ ਦਿੰਦਾ ਹੋਇਆ ਵੀ ਡਾਢਾ ਸ਼ਕਤੀਸ਼ਾਲੀ ਬਣਿਆ ਬੈਠਾ ਹੈ।
ਬੜੀਆਂ ਸਦੀਆਂ ਤੋਂ ਮਨੁੱਖ ਨੇ ਵਿਗਿਆਨ ਰਾਹੀਂ ਕਾਫ਼ੀ ਕੁੱਝ ਪ੍ਰਾਪਤ ਕੀਤਾ ਹੈ, ਪਰ ਇਸ ਵਿਲੱਖਣ ਤੇ ਨਵ-ਜੰਮੇ ਕੋਵਿਡ-19 ਨੇ ਆ ਕੇ ਹਜ਼ਾਰਾਂ ਵਿਗਿਆਨੀਆਂ, ਵਿਗਿਆਨਿਕ ਸੰਸਥਾਨਾਂ ਅਤੇ ਵਿਗਿਆਨਿਕ ਪ੍ਰੋਯੋਗਸ਼ਾਲਾਵਾਂ ਨੂੰ ਇੱਕ ਨਵਾਂ ਚੁਣੌਤੀ ਦਿੱਤੀ ਹੈ। ਭਾਵੇਂ ਵਿਗਿਆਨੀਆਂ ਨੂੰ ਕੋਵਿਡ-19 ਦਾ ਇਲਾਜ ਲੱਭਦਿਆਂ ਕੁੱਝ ਮਹੀਨੇ ਹੋ ਗਏ ਹਨ, ਪਰ ਵਿਗਿਆਨਿਕ ਪ੍ਰੋਯੋਗਾਂ ਵਾਸਤੇ ਇਹ ਸਮਾਂ ਘੱਟ ਹੈ। ਇਸ ਦੇ ਕਈ ਕਾਰਨ ਹਨ। ਇੱਕ ਤਾਂ ਵਿਗਿਆਨਿਕ ਇਸ ਵਾਇਰਸ ਤੋਂ ਵਾਕਿਫ਼ ਨਹੀਂ ਹਨ, ਦੂਜਾ ਇਹ ਹਰ ਬੰਦੇ ਨਾਲ ਅੱਡ-ਅੱਡ ਤਰੀਕਿਆਂ ਨਾਲ ਪੇਸ਼ ਆਉਂਦਾ ਹੈ। ਕਈ ਇਨਸਾਨ ਜਿਨ੍ਹਾਂ ਦੀ ਰੋਗ ਪ੍ਰਤੀਰੋਧਤਾ (Immunity) ਜ਼ਿਆਦਾ ਹੈ, ਉਹ ਇਸ ਨੂੰ ਫ਼ੈਲਾਉਣ ਦਾ ਕੰਮ ਤਾਂ ਕਰਦੇ ਹਨ, ਪਰ ਉਹ ਆਪ ਇਸ ਵਾਇਰਸ ਤੋਂ ਪਰਭਾਵਤ ਨਹੀਂ ਹੁੰਦੇ। ਜਿਨ੍ਹਾਂ ਲੋਕਾਂ ਦੀ ਰੋਗ ਪ੍ਰਤੀਰੋਧਤਾ ਘੱਟ ਹੈ ਜਾ ਉਹ ਪਹਿਲਾਂ ਹੀ ਕਿਸੇ ਬਿਮਾਰੀ ਦਾ ਸ਼ਿਕਾਰ ਹਨ, ਉਹ ਇਸ ਦੀ ਲਪੇਟ ਵਿੱਚ ਜਲਦੀ ਆ ਜਾਂਦੇ ਹਨ। ਜੇਕਰ ਵਿਗਿਆਨਿਕ ਅੱਜਕੱਲ੍ਹ ਵਿੱਚ ਇਸ ਦਾ ਕੋਈ ਇਲਾਜ ਲੱਭ ਵੀ ਲੈਂਦੇ ਹਨ, ਉਸ ਨੂੰ ਕਲੀਨਿਕਾਂ ਵਿੱਚ ਟੈੱਸਟ ਕੀਤੇ ਬਿਨਾ ਆਮ ਜਨਤਾ ‘ਤੇ ਵਰਤ ਨਹੀਂ ਸਕਦੇ। ਹੁਣ ਤਕ ਕਿਸੇ ਨੂੰ ਵੀ ਕੋਵਿਡ ਵਾਸਤੇ ਲੜਨ ਲਈ ਕੋਈ ਹਥਿਆਰ ਨਹੀਂ ਲੱਭਾ। ਪਰ ਜਦੋਂ ਤਕ ਅਸੀਂ ਉਸ ਨਾਲ ਮੁਕਾਬਲਾ ਕਰਨ ਲਈ ਤਿਆਰ ਨਹੀਂ ਹੋ ਜਾਂਦੇ ਓਦੋਂ ਤਕ ਤਾਂ ਉਸੇ ਦੀ ਹਕੂਮਤ ਚੱਲੇਗੀ।
ਇਤਿਹਾਸ ਗਵਾਹ ਹੈ ਕਿ ਇਨਸਾਨ ਨੇ ਹੁਣ ਤਕ ਰੰਗ-ਰੂਪ, ਅਮੀਰੀ-ਗ਼ਰੀਬੀ, ਧਰਮ ਅਤੇ ਜਾਤ ਕਰ ਕੇ ਇੱਕ ਦੂਜੇ ‘ਤੇ ਕਿੰਨੇ ਤਸ਼ੱਦਦ ਕੀਤੇ ਹਨ, ਪਰ ਕੋਵਿਡ-19 ਨੇ ਆਪਣਾ ਵਾਰ ਕਰਨ ਲੱਗਿਆਂ ਇਸ ਤਰ੍ਹਾਂ ਦੀ ਕੋਈ ਚੋਣ ਨਹੀਂ ਕੀਤੀ। ਉਹ ਤਾਂ ਕਿਸੇ ਨਾਲ ਵੀ ਲਿਹਾਜ਼ ਕਰਨ ਨੂੰ ਤਿਆਰ ਨਹੀਂ। ਉਹ ਇੱਕ ਰੋਡ-ਰੋਲਰ (Road Roller) ਵਾਂਗ ਚੱਲ ਰਿਹਾ ਹੈ। ਮੈਨੂੰ ਇਸ ਵਿਚੋਂ ਵੀ ਕੁਦਰਤ ਵਲੋਂ ਕੋਈ ਵੱਡਾ ਸੁਨੇਹਾ ਮਿਲਦਾ ਜਾਪਦਾ ਹੈ। ਇੰਝ ਜਿਵੇਂ ਕੁਦਰਤ ਸਾਨੂੰ ਸਾਰਿਆਂ ਨੂੰ ਦੱਸ ਰਹੀ ਹੋਵੇ ਕਿ ਅਸੀਂ ਸਭ ਇੱਕੋ ਜੋਤ ਦੇ ਰੂਪ ਹਾਂ ਅਤੇ ਰੰਗ-ਰੂਪ, ਅਮੀਰੀ-ਗ਼ਰੀਬੀ, ਧਰਮ ਅਤੇ ਜ਼ਾਤਾਂ ਕਾਰਨ ਵੰਡੇ ਹੋਏ ਨਹੀਂ। ਵੇਲਾ ਹੈ ਸਾਰੀਆਂ ਵੰਡਾਂ ਨੂੰ ਭੁਲਾ ਕੇ, ਇਨਸਾਨੀਅਤ ਨੂੰ ਇੱਕ ਨਵੇਂ ਰਾਹ ‘ਤੇ ਲੈ ਕੇ ਜਾਣ ਦਾ ਜਿਥੇ ਸਿਰਫ਼ ਖ਼ੁਸ਼ੀਆਂ-ਖੇੜੇ ਅਤੇ ਆਨੰਦ ਹੀ ਆਨੰਦ ਹੋਵੇ।
ਇਨਸਾਨ ਨੇ ਆਪਣੀ ਬੁੱਧੀ ਨਾਲ ਪਾਣੀ, ਧਰਤੀ ਅਤੇ ਅਸਮਾਨ ‘ਤੇ ਕਬਜ਼ਾ ਕਰਨ ਲਈ ਕੀ-ਕੀ ਨਹੀਂ ਕੀਤਾ? ਕਿਹੜੇ-ਕਿਹੜੇ ਯੰਤਰ ਨਹੀਂ ਬਣਾਏ? ਬਹੁਤੀ ਲੰਬੀ ਚੌੜੀ ਲਿਸਟ ਦੇਣ ਦੀ ਲੋੜ ਨਹੀਂ। ਅਸੀਂ ਸਾਰੇ ਇੱਕ ਆਧੁਨਿਕ ਯੁੱਗ ਵਿੱਚ ਵਿਚਰ ਰਹੇ ਹਾਂ। ਜਿੱਥੇ ਇਨਸਾਨ ਨੇ ਧਰਤੀ ‘ਚੋਂ ਚੀਜ਼ਾਂ ਲੱਭਣ ਲਈ ਧਰਤੀ ਦਾ ਕਲੇਜਾ ਪਾੜਿਆ, ਓਥੇ ਅਸਮਾਨ ‘ਤੇ ਜਿੱਤ ਹਾਸਿਲ ਕਰਨ ਲਈ ਖ਼ਲਾ ਵਿੱਚ ਜਾ ਵੜਿਆ। ਤੇ ਫ਼ੇਰ ਸਮੁੰਦਰਾਂ ‘ਚੋਂ ਆਪਣੇ ਲਈ ਹਰ ਤਰ੍ਹਾਂ ਦੀਆਂ ਸ਼ੈਆਂ ਕੱਢਦਾ ਰਿਹਾ, ਅਤੇ ਫ਼ਿਰ ਵੀ ਇਸ ਸ੍ਰਿਸ਼ਟੀ ਦੇ ਮਾਲਕ ਨੇ ਕੁੱਝ ਨਾ ਕਿਹਾ। ਉਹ ਆਪਣੀ ਧਰਤੀ ਇਨਸਾਨ ਦੇ ਹੱਥ ਵੱਸ ਦੇ ਕੇ ਚੁੱਪ ਰਿਹਾ। ਉਹ ਫ਼ੇਰ ਵੀ ਮਿਹਰਬਾਨ ਰਿਹਾ। ਪਰ ਇਨਸਾਨ ਭੁੱਲ ਹੀ ਗਿਆ ਕਿ ਉਹ ਇਸ ਧਰਤੀ ‘ਤੇ ਮਹਿਮਾਨ ਹੈ। ਉਹ ਇਸ ‘ਤੇ ਰਹਿ ਤਾਂ ਸਕਦਾ ਹੈ, ਪਰ ਇਸ ‘ਤੇ ਆਪਣਾ ਕਬਜ਼ਾ ਨਹੀਂ ਕਰ ਸਕਦਾ। ਇਸ ਧਰਤੀ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਨਮੂਨਾ ਤਾਂ ਇਨਸਾਨ ਇਸ ਸ੍ਰਿਸ਼ਟੀ ਦੇ ਮਾਲਕ ਨੂੰ ਦੇ ਹੀ ਚੁੱਕਾ ਹੈ। ਮੇਰੇ ਹਿਸਾਬ ਨਾਲ ਉਹ ਇਸ ਪਰੀਖਿਆ ਵਿੱਚ ਫ਼ੇਲ੍ਹ ਕਰ ਦਿੱਤਾ ਗਿਆ ਹੈ। ਪਵਨ ਗੁਰੂ, ਪਾਣੀ ਪਿਤਾ ਅਤੇ ਧਰਤ ਮਹਤ ਮਾਤਾ ਨੂੰ ਇਨਸਾਨ ਨੇ ਐਨਾ ਨਿਰਾਸ਼ ਕਰ ਦਿੱਤਾ ਕਿ ਉਹਨਾਂ ਨੇ ਰਲ ਕੇ ਉਸ ਨੂੰ ਸਬਕ ਸਿਖਾਉਣ ਦਾ ਫ਼ੈਸਲਾ ਕਰ ਲਿਆ ਹੈ। ਇੱਕ ਬੜੇ ਵੱਖਰੇ ਤਰੀਕੇ ਨਾਲ ਕੁਦਰਤ ਨੇ ਆਪਣੀ ਸਰਬੋਤਮਤਾ (Supremacy) ਦਾ ਐਲਾਨ ਕਰ ਦਿੱਤਾ ਹੈ ਅਤੇ ਇਨਸਾਨ ਨੂੰ ਉਸ ਦੀ ਬਣਦੀ ਜਗ੍ਹਾ ਦਿਖਾਈ ਹੈ।
ਇਨਸਾਨ ਨੇ ਹਮੇਸ਼ਾਂ ਹੀ ਆਪਣਾ ਘਰ, ਮੁਹੱਲਾ, ਸ਼ਹਿਰ ਅਤੇ ਦੇਸ਼ ਬਾਰੇ ਹੀ ਸੋਚਿਆ ਹੈ। ਕਦੇ ਕਿਸੇ ਨੇ ਧਰਤੀ ਨੂੰ ਇੱਕ ਇਕਾਈ ਵਜੋਂ ਨਹੀਂ ਦੇਖਿਆ ਯਾ ਸੋਚਿਆ। ਆਪੋ-ਆਪਣੀ ਥਾਂ ਇਸ ਮਾਂ ਨੂੰ, ਜਿਹੜੀ ਹਕੀਕਤ ‘ਚ ਕਿਤੋਂ ਵੰਡੀ ਹੋਈ ਨਹੀਂ, ਲੁੱਟਿਆ-ਪੱਟਿਆ ਅਤੇ ਜਿੰਨਾ ਜ਼ਿਆਦਾ ਹੋ ਸਕੇ ਇਸ ਨਾਲ ਦੁਰਵਿਵਹਾਰ ਕੀਤਾ। ਬੜੀਆਂ ਸਦੀਆਂ ਤੋਂ ਤਸੀਹੇ ਸਹਿੰਦੀ ਇਹ ਗਲੋਬਲ ਮਾਂ ਰੁੱਸ ਗਈ ਜਾਪਦੀ ਹੈ। ਇੰਝ ਲੱਗਦਾ ਹੈ ਜਿਵੇਂ ਉਸ ਨੇ ਸਾਨੂੰ ਸਾਰਿਆਂ ਨੂੰ ਝਾੜ-ਝਪਟ ਕੇ ਬਿਠਾ ਦਿੱਤਾ ਹੋਵੇ। ਮੁਲਕਾਂ ਦੇ ਮੁਲਕ, ਕੀ ਕਮਜ਼ੋਰ ਤੇ ਕੀ ਬਲਵਾਨ, ਬੇਬਸ ਅਤੇ ਲਾਚਾਰ ਕਰ ਦਿੱਤੇ ਹਨ। ਅਰਬਾਂ-ਖ਼ਰਬਾਂ ਦੀ ਆਬਾਦੀ ਨੂੰ ਕਮਰਿਆਂ ਅੰਦਰ ਬੈਠਣ ‘ਤੇ ਮਜਬੂਰ ਕਰ ਦਿੱਤਾ ਹੈ। ਗਲ-ਘੋਟਵੀਂ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ। ਊਠ ਕਿਸ ਕਰਵਟ ਬੈਠੇਗਾ, ਅਜੇ ਵੀ ਕਿਸੇ ਨੂੰ ਨਹੀਂ ਪਤਾ।
ਪਰਮ ਪਿਤਾ ਵਲੋਂ ਇਨਸਾਨ ਨੂੰ ਭੇਂਟ ਦੇ ਰੂਪ ‘ਚ ਦਿੱਤੀ ਹੋਈ ਧਰਤੀ, ਇਨਸਾਨੀ ਹਉਮੈ ਦਾ ਬੁਰੀ ਤਰ੍ਹਾਂ ਸ਼ਿਕਾਰ ਹੋਈ। ਇਨਸਾਨ ਨੇ ਪਹਿਲਾਂ ਇਸ ਧਰਤੀ ‘ਤੇ ਅਦਿੱਖ ਲਕੀਰਾਂ ਰਾਹੀਂ ਅੱਡ-ਅੱਡ ਮੁਲਕ ਬਣਾਏ। ਫ਼ੇਰ ਆਪੋ-ਆਪਣੇ ਮੁਲਕ ਨੂੰ ਮੇਰਾ ਮੁਲਕ ਕਹਿ ਕੇ ਆਪਣੇ ਹਉਮੈ ਨੂੰ ਉੱਚਾ ਚੁੱਕਿਆ। ਫ਼ੇਰ ਦੇਸ਼ ਭਗਤੀ ਤੇ ਦੇਸ਼ ਪ੍ਰੇਮ, ਤਸੀਹੇ ਤੇ ਕੁਰਬਾਨੀਆਂ, ਗ਼ੁਲਾਮੀ ਤੇ ਆਜ਼ਾਦੀ ਦੇ ਸਿਲਸਿਲੇ ਸ਼ੁਰੂ ਹੋਏ। ਇਨਸਾਨੀ ਮਨ ਦੀ ਇਹ ਫ਼ਿਤਰਤ ਹੈ ਕਿ ਉਹ ਆਪਣੇ ਆਪ ਨੂੰ ਕਿਸੇ ਨਾ ਕਿਸੇ ਚੀਜ਼ ਨਾਲ ਜੋੜਨਾ ਚਾਹੁੰਦਾ ਹੈ। ਕਿਸੇ ਚੀਜ਼ ਨਾਲ ਉਸ ਦੀ ਸ਼ਨਾਖ਼ਤ ਹੋ ਜਾਵੇ ਤਾਂ ਉਸ ਦੀ ”ਮੈਂ” ਮਜ਼ਬੂਤ ਹੋ ਜਾਂਦੀ ਹੈ। ਇਸ ਲਈ ਕਈ ਆਪਣੀ ਮੈਂ ਆਪਣੇ ਮੁਲਕ ਨਾਲ ਜੋੜਦੇ ਹਨ, ਕਈ ਧਰਮ ਨਾਲ, ਕਈ ਜ਼ਾਤ-ਬਰਾਦਰੀ ਨਾਲ, ਕਈ ਆਪਣੇ ਘਰ-ਪਰਵਾਰ ਨਾਲ, ਕਈ ਕਿਸੀ ਰਾਜਨੀਤਕ ਪਾਰਟੀ ਨਾਲ, ਤੇ ਕਈ ਪਦ-ਪ੍ਰਤਿਸ਼ਟਾ ਨਾਲ। ਫ਼ੇਰ ਮੁਲਕਾਂ ਵਿਚਕਾਰ ਭਾਵੇਂ ਲੜਾਈਆਂ ਹੋਵਣ ਤੇ ਭਾਵੇਂ ਖੇਡ ਮੁਕਾਬਲੇ, ਸਭ ਹਉਮੈਂ ਦੀ ਖ਼ੁਰਾਕ ਹੀ ਬਣਦੇ ਹਨ। ਭਲਾ ਪੁੱਛੋ ਕਿਹੜਾ ਦੇਸ਼? ਪਰਮ ਪਿਤਾ ਨੇ ਸਾਨੂੰ ਧਰਤੀ ਦਿੱਤੀ ਸੀ, ਦੇਸ਼ ਨਹੀਂ। ਜ਼ਰਾ ਵਿਚਾਰ ਕਰੀਏ ਕਿ ਜੇਕਰ ਇਹ ਧਰਤੀ ਜੋ ਕਿ ਅਸਲ ਵਿੱਚ ਇੱਕ ਇਕਾਈ ਹੈ ਅਤੇ ਉਸ ਨੂੰ ਨਕਸ਼ਿਆਂ ਵਿੱਚ ਨਾ ਵੰਡਿਆ ਜਾਂਦਾ ਤਾਂ ਅੱਜ ਦੁਨੀਆਂ ਦਾ ਇਤਿਹਾਸ ਕਿਸ ਤਰ੍ਹਾਂ ਦਾ ਹੁੰਦਾ? ਚੰਗਾ ਹੁੰਦਾ ਯਾ ਮਾੜਾ?
ਪਰ ਇੱਥੇ ਹੀ ਬੱਸ ਨਹੀਂ ਹੋਈ। ਜਿੱਥੇ ਇੱਕ ਪਾਸੇ ਧਰਤੀ ‘ਤੇ ਇਨਸਾਨੀ ਵੱਸੋਂ, ਗ਼ਰੀਬੀ ਦਾ ਕਰੋਪ, ਕੂੜਿਆਂ ਦੇ ਢੇਰ, ਹਰ ਤਰ੍ਹਾਂ ਦਾ ਪਰਦੂਸ਼ਣ, ਹਰੇ ਜੰਗਲਾਂ ਦੀ ਥਾਂ ਸੀਮੈਂਟ ਦੇ ਜੰਗਲ ਵਧੇ, ਓਥੇ ਦੂਜੇ ਪਾਸੇ ਇਨਸਾਨ, ਅਸਮਾਨ ਦਾ ਸੀਨਾ ਚੀਰ, ਹੋਰ ਧਰਤੀਆਂ ਨੂੰ ਲੱਭਣ ਨਿਕਲ ਪਿਆ। ਪਰ ਸਵਾਲ ਇਹ ਹੈ ਕਿ ਇਸ ਧਰਤੀ ਨਾਲ ਅਸੀਂ ਕੀ ਕੀਤਾ ਹੈ? ਕਿੰਨੀ-ਕੁ ਸਾਂਭੀ ਹੈ? ਕੀ ਜੋ ਇਸ ਨਾਲ ਕੀਤਾ ਹੈ, ਉਹੀ ਬਾਕੀ ਧਰਤੀਆਂ ਨਾਲ ਵੀ ਕਰਾਂਗੇ? ਅਜੇ ਤਾਂ ਮੰਗਲ ਗ੍ਰਹਿ ‘ਤੇ ਕੋਈ ਸਰਹੱਦਾਂ ਨਹੀਂ ਹਨ, ਉੱਥੇ ਕੋਈ ਮੁਲਕ ਨਹੀਂ। ਪਰ ਜਦੋਂ ਇਨਸਾਨ ਓਥੇ ਰਹੇਗਾ, ਕੀ ਉਹ ਓਥੇ ਸਰਹੱਦਾਂ ਨਹੀਂ ਬਣਾਵੇਗਾ? ਕੀ ਓਥੇ ਫ਼ੈਕਟਰੀਆਂ ਨਹੀਂ ਲਾਵੇਗਾ? ਕੀ ਉਹ ਓਥੇ ਆਪਣੇ ਮੁਲਕ ਦੀਆਂ ਸਰਹੱਦਾਂ ਨੂੰ ਧੱਕੇ ਲਾ-ਲਾ ਵੱਡਾ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ? ਕੀ ਬਰਤਾਨੀਆ ਵਰਗੀਆਂ ਸਰਕਾਰਾਂ ਓਥੇ ਨਹੀਂ ਆਉਣਗੀਆਂ? ਕੀ ਉਹ ਫ਼ੇਰ ਅੱਡ-ਅੱਡ ਮੁਲਕਾਂ ‘ਤੇ ਧੱਕੇਸ਼ਾਹੀ ਅਤੇ ਤਸੀਹੇ ਕਰ-ਕਰ ਕੇ ਉਹਨਾਂ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਨਹੀਂ ਕਰਨਗੀਆਂ? ਕੀ ਇੱਕ ਵਾਰੀ ਫ਼ੇਰ ਦੇਸ਼ ਪ੍ਰੇਮੀ ਆਪਣੀਆਂ ਜਵਾਨੀਆਂ ਸੂਲੀਆਂ ‘ਤੇ ਟੰਗ, ਫ਼ਾਂਸੀ ਦੇ ਰੱਸੇ ਚੁੰਮ-ਚੁੰਮ ਇਤਿਹਾਸ ਨਹੀਂ ਬਣਾਉਣਗੇ?
ਕੁਐਰਨਟੀਨ ‘ਚ ਆਪਣੇ ਪਰਵਾਰ ਨਾਲ ਬੈਠ ਕੇ, ਕੱਲ੍ਹ ਹੀ ਪੰਜ ਡਾਲਰ ਖ਼ਰਚ ਕੇ, ਇੰਟਰਨੈੱਟ ‘ਤੇ ਇੱਕ ਬੱਚਿਆਂ ਦੀ ਅੰਗਰੇਜ਼ੀ ਫ਼ਿਲਮ ਮੋਆਨਾ ਦੇਖ ਰਹੀ ਸਾਂ। ਇਹ ਫ਼ਿਲਮ ਕਿਸੇ ਵੀ ਫ਼੍ਰੀ ਚੈਨਲ ‘ਤੇ ਉਪਲੱਬਧ ਨਾ ਹੋਣ ਕਾਰਨ, ਡਾਲਰ ਖ਼ਰਚ ਕੇ ਵੇਖਣੀ ਪਈ। ਉਸ ਫ਼ਿਲਮ ਦੀ ਕਹਾਣੀ ਅੱਜ ਦੇ ਮਾਹੌਲ ਨਾਲ ਢੁਕਵੀਂ ਸੀ। ਇੱਕ ਦੈਂਤ ਧਰਤੀ ਮਾਂ ਦਾ ਦਿਲ ਕੱਢ ਕੇ ਲੈ ਜਾਂਦਾ ਹੈ। ਧਰਤੀ ਮਾਂ ਸ਼ੈਤਾਨ ਬਣ ਜਾਂਦੀ ਹੈ ਅਤੇ ਧਰਤੀ ‘ਤੇ ਕਰੋਪੀ ਕਰਦੀ ਹੈ। ਫ਼ਸਲਾਂ ਬਰਬਾਦ ਹੋ ਜਾਂਦੀਆਂ ਹਨ ਅਤੇ ਹਰ ਪਾਸੇ ਕਾਰੋਬਾਰ ‘ਚ ਨੁਕਸਾਨ ਹੋਣ ਲੱਗ ਜਾਂਦਾ ਹੈ। ਆਖ਼ਰ ਵਿੱਚ ਮੋਆਨਾ, ਜਿਹੜੀ ਕਿ ਇੱਕ ਬਾਰਾਂ-ਕੁ ਸਾਲਾਂ ਦੀ, ਕਿਸੇ ਕਬੀਲੇ ਦੀ ਕੁੜੀ ਹੁੰਦੀ ਹੈ, ਆਪਣੀ ਹਿੰਮਤ ਨਾਲ, ਧਰਤੀ ਮਾਂ ਦਾ ਦਿਲ ਵਾਪਿਸ ਰੱਖ ਆਉਂਦੀ ਹੈ। ਦਿਲ ਦੇ ਵਾਪਿਸ ਰੱਖਦਿਆਂ ਹੀ ਧਰਤੀ, ਜਿਹੜੀ ਕਿ ਇੱਕ ਸ਼ੈਤਾਨੀ ਰੂਪ ਅਖ਼ਤਿਆਰ ਕਰੀ ਬੈਠੀ ਹੁੰਦੀ ਹੈ, ਮੁੜ ਮਾਂ ਦੇ ਮਮਤਾ ਭਰੇ ਰੂਪ ‘ਚ ਆ ਜਾਂਦੀ ਹੈ। ਫ਼ਸਲਾਂ ਠੀਕ ਹੋ ਜਾਂਦੀਆਂ ਹਨ ਅਤੇ ਜੀਵਨ ਫ਼ੇਰ ਆਮ ਵਰਗਾ ਹੋ ਜਾਂਦਾ ਹੈ। ਮੈਨੂੰ ਲੱਗਿਆ ਜਿਵੇਂ ਅਸੀਂ ਵੀ ਆਪਣੀ ਧਰਤੀ ਮਾਂ ਨੂੰ ਸਤਾ-ਸਤਾ ਕੇ ਸ਼ੈਤਾਨ ਬਣਾ ਦਿੱਤਾ ਹੈ। ਆਪਸੀ ਪਿਆਰ ਦਾ ਮੁੱਕਣਾ, ਮੁਆਫ਼ ਨਾ ਕਰਨ ਦੀ ਸ਼ਕਤੀ ਦਾ ਨਾ ਹੋਣਾ, ਕੁਦਰਤ ਦੇ ਪ੍ਰਤੀ ਨਜ਼ਰ ਅੰਦਾਜ਼ ਅਤੇ ਮਤਲਬੀ ਹੋਣਾ, ਸਿਰਫ਼ ਦੁਨਿਆਵੀ ਚੀਜ਼ਾਂ ਦੀ ਪ੍ਰਾਪਤੀ ਦੀ ਲਾਲਸਾ ਨਾਲ ਹੋ ਰਹੀਆਂ ਵਧੀਕੀਆਂ ਅਤੇ ਹੋਰ ਨਜਾਇਜ਼ ਕਰਤੂਤਾਂ ਤੋਂ ਧਰਤੀ ਮਾਂ ਵੀ ਰੁੱਸ ਗਈ ਜਾਪਦੀ ਹੈ। ਇੰਝ ਲੱਗਦਾ ਹੈ ਜਿਵੇਂ ਇਹ ਧਰਤ ਮਹਤ ਸਾਨੂੰ ਸਾਰਿਆਂ ਨੂੰ ਝਿੜਕ ਕੇ, ਸ਼ਾਂਤੀ ਨਾਲ ਚੁੱਪ ਬੈਠਣ ਦਾ ਸਬਕ ਦੇ ਰਹੀ ਹੋਵੇ।
ਹਾਲੇ ਤਕ ਇਨਸਾਨ ਨੂੰ ਆਪਣੀਆਂ ਲੋੜਾਂ ਅਤੇ ਸੰਤੁਸ਼ਟੀ ਵਿੱਚ ਸੰਤੁਲਨ ਕਰਨਾ ਨਹੀਂ ਆਇਆ। ਉਹ ਸਿਰਫ਼ ਆਪਣੇ ਲਈ ਹੀ ਧਨ ਅਤੇ ਸੁਖ-ਸੁਵਿਧਾਵਾਂ ਇਕੱਠੀਆਂ ਨਹੀਂ ਕਰਨਾ ਚਾਹੁੰਦਾ ਬਲਕਿ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਵੀ ਸਰਮਾਇਆ ਛੱਡ ਕੇ ਜਾਣਾ ਚਾਹੁੰਦਾ ਹੈ। ਇਸ ਗੱਲ ਦਾ ਉਸ ਨੂੰ ਪੂਰਾ ਗਿਆਨ ਹੈ ਕਿ ਇਹ ਸਾਰੀਆਂ ਦੁਨਿਆਵੀ ਸ਼ੈਆਂ ਜਿਹੜੀਆਂ ਉਸ ਨੂੰ ਕਿੰਨੀਆਂ ਵੀ ਚੰਗੀਆਂ ਕਿਉਂ ਨਾ ਲੱਗਦੀਆਂ ਹੋਣ, ਯਾ ਉਹ ਉਸ ਨੇ ਕਿਤਨੀ ਵੀ ਯਾਤਨਾ ਨਾਲ ਹਾਸਿਲ ਕਿਉਂ ਨਾ ਕੀਤੀਆਂ ਹੋਣ, ਉਹ ਇਸੇ ਧਰਤੀ ‘ਤੇ ਛੱਡ ਜਾਵੇਗਾ। ਫ਼ੇਰ ਵੀ ਉਹ, ਹੋਰ ਅਤੇ ਹੋਰ ਅਮੀਰ ਹੋਣਾ ਚਾਹੁੰਦਾ ਹੈ। ਮੈਂ ਕਹਿੰਦੀ ਹਾਂ ਕਿ ਬਥੇਰੇ ਨੂੰ ਹੀ ਅਮੀਰੀ ਸਮਝਣਾ ਚਾਹੀਦਾ ਹੈ। ਪਰ ਸਾਡੀ ਇਸ ਧਰਤੀ ‘ਤੇ ਕੁੱਝ ਗਿਣਤੀ ਦੇ ਅਮੀਰਾਂ ਦੇ, ਹੋਰ ਅਤੇ ਹੋਰ ਅਮੀਰ ਹੋਣ ਦੀ ਲਾਲਸਾ ਨੇ, ਕੁਦਰਤੀ ਸੰਤੁਲਨ ਖ਼ਰਾਬ ਕਰ ਕੇ ਰੱਖ ਦਿੱਤਾ ਹੈ। ਉਦਯੋਗਿਕਤਾ (Industralization) ਨੇ ਧਰਤੀ, ਪਾਣੀ ਤੇ ਅਸਮਾਨ ਨੂੰ ਹੱਦੋਂ ਵੱਧ ਪ੍ਰਦੂਸ਼ਤ ਕਰ ਦਿੱਤਾ ਹੈ। ਜੇਕਰ ਇਨਸਾਨ ਦੇ ਮਨ ਵਿੱਚ ਇਸ ਸਮੱਸਿਆ ਨੂੰ ਠੱਲ ਪਾਉਣ ਦਾ ਵਿਚਾਰ ਨਾ ਆਇਆ ਤਾਂ ਕੁਦਰਤ ਨੇ ਇਹ ਬੀੜਾ ਆਪਣੇ ਸਿਰ ਚੁੱਕ ਲੈਣਾ ਹੈ ਜਿਸ ਦੇ ਸੰਕੇਤ ਨਜ਼ਰ ਆ ਹੀ ਰਹੇ ਹਨ।
ਜਿੱਥੇ ਕੋਵਿਡ-19 ਨੇ ਬਹੁਤ ਤਬਾਹੀ ਮਚਾਈ ਹੈ, ਓਥੇ ਕੁੱਝ-ਕੁੱਝ ਚੰਗਾ ਵੀ ਹੋ ਰਿਹਾ ਹੈ। ਰੇਲ ਗੱਡੀਆਂ ਅਤੇ ਕਾਰਾਂ ਮੋਟਰਾਂ ਕੀ, ਇਸ ਅਦਿੱਖ ਸ਼ੱਤਰੂ ਨੇ ਹਵਾਈ ਜਹਾਜ਼ਾਂ ਨੂੰ ਵੀ ਧੂਹ ਕੇ ਜ਼ਮੀਨ ‘ਤੇ ਲਿਆ ਖੜ੍ਹਾ ਕੀਤਾ। ਪੈਟਰੋਲ ਦੀ ਖਪਤ ਘੱਟ ਗਈ ਅਤੇ ਕੀਮਤਾਂ ਡਿਗ ਪਈਆਂ। ਫ਼ੈਕਟਰੀਆਂ, ਆਵਾਜਾਈ, ਦੁਕਾਨਾਂ, ਕਾਰੋਬਾਰ ਸਭ ਠੱਪ ਹੈ। ਇਸ ਕਰ ਕੇ ਗਲੋਬਲ ਅਸਮਾਨ ਜ਼ਹਿਰੀਲੀਆਂ ਗੈਸਾਂ ਤੋਂ ਮੁਕਤ ਹੋ ਕੇ ਨੀਲਾ ਦਿੱਖਣ ਲੱਗ ਪਿਆ ਹੈ। ਮੈਨੂੰ ਇੰਝ ਜਾਪਦਾ ਹੈ ਜਿਵੇਂ ਕਿਸੇ ਮਾਂ ਨੇ ਝਿੜਕ ਕੇ ਬੱਚਿਆਂ ਨੂੰ ਇੱਕ ਪਾਸੇ ਬਿਠਾ ਦਿੱਤਾ ਹੋਵੇ ਅਤੇ ਆਪ ਸ਼ਾਂਤੀ ਨਾਲ ਸਾਰੇ ਘਰ ਦੀ ਸਫ਼ਾਈ ਵਿੱਚ ਲੱਗ ਗਈ ਹੋਵੇ। ਇਸ ਤਰ੍ਹਾਂ ਦੀ ਗਲੋਬਲ ਚੁੱਪੀ ਅਤੇ ਸ਼ਾਂਤੀ ਤਾਂ ਗਲੋਬਲ ਮਾਂ ਹੀ ਕਰਵਾ ਸਕਦੀ ਹੈ। ਸ਼ਾਇਦ ਕੁਦਰਤ ਨੇ ਇਸ ਰੂਪ ਵਿੱਚ ਆ ਕੇ ਇਨਸਾਨ ਨੂੰ ਚੁੱਪ ਕਰ ਕੇ ਬੈਠਣ ਦਾ ਸੁਨੇਹਾ ਦਿੱਤਾ ਹੈ। ਮਾਂ ਦੇ ਬੜੇ ਰੂਪ ਹੁੰਦੇ ਹਨ। ਮਮਤਾ ਦੀ ਦੇਵੀ ਜੇ ਗੁੱਸੇ ‘ਚ ਆ ਜਾਵੇ ਤਾਂ ਚੰਡੀ ਦਾ ਰੂਪ ਅਖ਼ਤਿਆਰ ਕਰ ਲੈਂਦੀ ਹੈ, ਪਰ ਅਸੀਂ ਸਭ ਜਾਣਦੇ ਹਾਂ ਕਿ ਮਾਂ ਤਾਂ ਮਾਂ ਹੀ ਹੁੰਦੀ ਹੈ ਅਤੇ ਉਸ ਦਾ ਗੁੱਸਾ ਪਲਾਤਾ ਹੁੰਦਾ ਹੈ।
ਕੁਦਰਤ ਨੇ ਇਨਸਾਨ ਨੂੰ ਭੱਜੋ-ਨੱਸੀ ਵਾਲੀ ਜ਼ਿੰਦਗੀ ਤੋਂ ਮੁਕਤ ਕਰ, ਕੁੱਝ ਦਿਨਾਂ ਲਈ ਚੁੱਪ ਕਰ ਕੇ ਬੈਠਣ ‘ਤੇ ਮਜਬੂਰ ਕਰ ਦਿੱਤਾ ਹੈ। ਸਕੂਲ ਕਾਲਜਾਂ ਦੇ ਬੰਦ ਹੋਣ ਨਾਲ ਬੱਚੇ ਘਰਾਂ ਅੰਦਰ ਬੈਠੇ ਹਨ ਅਤੇ ਹੁਣ ਹੌਲੀ ਹੌਲੀ ਖੁਲ੍ਹਣ ਜਾ ਰਹੇ ਹਨ। ਬੀਤੇ ਕੁੱਝ ਮਹੀਨੇ ਆਰਥਿਕ ਤੌਰ ‘ਤੇ ਰਹੇ ਤਾਂ ਮਾੜੇ ਹਨ, ਪਰ ਇੱਕ ਵਾਰ ਆਪਣੇ ਘਰ ਦੀ ਚਾਰ ਦੀਵਾਰੀ ‘ਚ ਬੰਦ ਹੋ ਕੇ ਆਪਣੇ ਪਰਵਾਰ ਨਾਲ ਮੁੜ ਜੁੜਨ ਦਾ ਮੌਕਾ ਵੀ ਸਾਨੂੰ ਦੇ ਗਏ ਹਨ। ਪੱਛਮੀ ਮੁਲਕਾਂ ‘ਚ ਭੱਜ-ਦੌੜ ਦੀ ਜ਼ਿੰਦਗੀ, ਜਿਸ ਵਿੱਚ ਸ਼ਾਂਤੀ ਅਤੇ ਸੁਖ-ਚੈਨ ਗਵਾਚਦਾ ਜਾ ਰਿਹਾ ਸੀ, ਨੂੰ ਮੁੜ ਸੋਚਣ ਦਾ ਮੌਕਾ ਮਿਲਿਆ ਹੈ। ਇਹਨਾਂ ਮੁਲਕਾਂ ‘ਚ ਮਾਂ-ਬਾਪ ਕੋਲ ਬੱਚਿਆਂ ਲਈ ਸਮਾਂ ਬੜਾ ਘੱਟ ਹੁੰਦੈ। ਕਈ ਬੱਚੇ ਆਪਣੇ ਮਾਂ-ਬਾਪ ਨਾਲ ਕਈ-ਕਈ ਚਿਰ ਸਮਾਂ ਨਹੀਂ ਬਿਤਾ ਸਕਦੇ। ਬੀਤੇ ਮਹੀਨੇ ਤੁਹਾਡੇ ਲਈ ਵੇਲਾ ਸਨ, ਅਤੇ ਕੁੱਝ ਲਈ ਸ਼ਾਇਦ ਹਾਲੇ ਵੀ ਹੋਵੇਗਾ, ਇੱਕ ਦੂਜੇ ਨਾਲ ਜੁੜਨ ਦਾ। ਜਿੱਥੇ ਕੁਐਰਨਟੀਨ ਕਰ ਕੇ ਪਰਿਵਾਰਾਂ ਦੇ ਮਿਲ-ਜੁੱਲ ਕੇ ਬੈਠਣ ਦਾ ਸਬੱਬ ਬਣਿਆ ਓਥੇ ਕਈਆਂ ਨੇ ਉਹਨਾਂ ਕੰਮਾਂ ਸ਼ੌਕਾਂ ਨੂੰ ਵੀ ਤਰਤੀਬ ਦਿੱਤੀ ਜਿਹੜੇ ਵਕਤ ਦੀ ਕਮੀ ਕਾਰਨ ਅਣਗੌਲੇ ਰਹਿ ਗਏ ਸਨ।
ਦੁਨੀਆਂ ਬੇਚੈਨ ਹੈ। ਕਮਰਿਆਂ ਵਿੱਚ ਕੁੱਝ ਕੀਤੇ ਬਿਨਾਂ ਬੈਠਣਾ ਨਹੀਂ ਆਉਂਦਾ। ਕਦੀ ਬੈਠੇ ਹੀ ਨਹੀਂ। ਕੋਈ ਬੇਚੈਨੀ, ਕੋਈ ਕਸ਼ਮਕਸ਼ ‘ਚ ਹੈ। ਕਿਸੇ ਦੂਸਰੇ ਦਾ ਸਾਥ ਚਾਹੀਦਾ ਹੈ। ਇਹ ਕੁਐਰਨਟੀਨ ਤਾਂ ਬੜੀ ਸੌਖੀ ਲੰਘ ਗਈ ਹੈ। ਸ਼ੁਕਰ ਹੈ ਇਲੈਕਟ੍ਰੌਨਿਕ ਯੰਤਰਾਂ (Electronic Gadgets) ਅਤੇ ਇੰਟਰਨੈੱਟ (Internet) ਦਾ। ਪਰ ਇਨਸਾਨ ਦੇ ਇਕੱਲੇ ਅਤੇ ਚੁੱਪ ਬੈਠਣ ਦਾ ਇਮਤਿਹਾਨ ਤਾਂ ਸਹੀ ਮਾਇਨੇ ‘ਚ ਹੁੰਦਾ ਜੇ ਕਿਤੇ ਉਸ ਕੋਲ ਇਹ ਸਾਰੀਆਂ ਚੀਜ਼ਾਂ ਦੀ ਸਹੂਲਤ ਵੀ ਨਾ ਹੁੰਦੀ। ਉਪਰੋਕਤ ਸੁਖ-ਸੁਵਿਧਾਵਾਂ ਦੇ ਹੁੰਦਿਆਂ-ਸੁੰਦਿਆਂ ਵੀ ਇਨਸਾਨ ਤੜਫ਼ ਉੱਠਿਆ ਹੈ। ਚਾਰ ਦੀਵਾਰੀ ‘ਚ ਬੈਠਣ ਨਹੀਂ ਹੁੰਦਾ ਕਿਉਂਕਿ ਮੂਲ ਰੂਪ ਤੋਂ ਹੀ ਉਹ ਇੱਕ ਬੇਚੈਨ ਅਤੇ ਪਰੇਸ਼ਾਨ ਪ੍ਰਾਣੀ ਹੈ। ਸ਼ਾਇਦ ਕੁਦਰਤ ਦਾ ਇਹ ਇੱਕ ਛੋਟਾ ਜਿਹਾ ਸੁਨੇਹਾ ਯਾ ਤਾੜਨਾ ਹੈ ਕਿ ਇਨਸਾਨ ਆਪਣੀ ਰਫ਼ਤਾਰ ਥੋੜ੍ਹੀ ਘੱਟ ਕਰ। ਐਨੀ ਭੱਜੋ-ਨੱਸੀ ਤੋਂ ਬਾਅਦ ਵੀ ਕਿਥੇ ਅੱਪੜਨਾ ਹੈ? ਮੌਤ ਨੂੰ ਹੀ ਤਾਂ ਹੱਥ ਲਾਉਣਾ ਹੈ! ਸਾਡੀ ਸਾਰਿਆਂ ਦਾ ਓਹੀ ਅੰਤ ਹੈ। ਫ਼ੇਰ ਅਸੀਂ ਸਾਰੇ ਆਪੋ ਆਪਣੇ ਰਹਿੰਦੇ ਸਫ਼ਰ ਦਾ ਅਨੰਦ ਕਿਉਂ ਨਹੀਂ ਲੈ ਰਹੇ? ਕਿਸ ਰੇਸ ਵਿੱਚ ਦੌੜ ਰਹੇ ਹਾਂ? ਕੁਦਰਤ ਸਾਨੂੰ ਕੁੱਝ ਚਿਰ ਆਰਾਮ ਨਾਲ ਬੈਠਣ ਲਈ ਕਹਿ ਰਹੀ ਹੈ। ਜਦੋਂ ਇਨਸਾਨ ਆਪਣੇ ਆਪ ਨਾਲ ਬੈਠਣ ਲੱਗ ਜਾਂਦਾ ਹੈ, ਫ਼ੇਰ ਜੋ ਬਾਹਰੋਂ ਨਹੀਂ ਲੱਭਿਆ, ਉਹ ਅੰਦਰੋਂ ਹੀ ਲੱਭ ਜਾਂਦੈ। ਦਵੈਤ ਮਿਟ ਜਾਂਦੈ। ਦਵੰਦ ਮਿਟ ਜਾਂਦੈ। ਆਪਣੇ ਅੰਦਰ ਹੀ ਸੰਪੂਰਨਤਾ ਦਾ ਅਹਿਸਾਸ ਹੋ ਜਾਂਦੈ। ਇੱਥੇ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ, ਜਿਵੇਂ ਜਿਵੇਂ ਅਸੀਂ ਚੌਥੇ ਫ਼ੇਜ਼ ‘ਚ ਦਾਖ਼ਲ ਹੋ ਰਹੇ ਹਾਂ, ਜੇਕਰ ਇਨਸਾਨ ਦਿਨ ‘ਚ ਹਰ ਰੋਜ਼ ਕੁੱਝ ਵਕਤ ਲਈ ਆਪਣੀ ਮਰਜ਼ੀ ਨਾਲ ਸਾਰੇ ਇਲੈਕਟ੍ਰੌਨਿਕ ਯੰਤਰਾਂ ਅਤੇ ਇੰਟਰਨੈੱਟ ਤੋਂ ਮੁਕਤ ਹੋ ਕੇ, ਚੁੱਪ ਕਰ ਕੇ ਆਪਣੇ ਨਾਲ ਬੈਠਣ ਦੀ ਕੋਸ਼ਿਸ਼ ਕਰੇ ਅਤੇ ਆਪਣੇ ਅੰਦਰ ਹੀ ਸੰਪੂਰਨਤਾ ਲੱਭਣ ਦੀ ਕੋਸ਼ਿਸ਼ ਕਰੇ ਤਾਂ ਇਹੋ ਉਸ ਦੀ ਸੰਪੂਰਨ ਕੁਐਰਨਟੀਨ ਹੋਵੇਗਾ।