Image Courtesy :jagbani(punjabkesar)

ਲੰਡਨ – ਇੰਗਲੈਂਡ ਮਹਿਲਾ ਟੀਮ ਦੀ ਕਪਤਾਨ ਹੈਦਰ ਨਾਈਟ ਨੇ ਕਿਹਾ ਕਿ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਦੇ 2021 ‘ਚ ਨਿਊ ਜ਼ੀਲੈਂਡ ‘ਚ ਹੋਣ ਵਾਲੇ ਮਹਿਲਾ ਵਨ ਡੇ ਵਿਸ਼ਵ ਕੱਪ ਨੂੰ ਮੁਲਤਵੀ ਕੀਤੇ ਜਾਣ ‘ਤੇ ਉਸ ਨੂੰ ਬਹੁਤ ਨਿਰਾਸ਼ਾ ਹੋਈ ਹੈ। ICC ਨੇ ਕੋਰੋਨਾ ਨੂੰ ਲੈ ਕੇ ਅਨਿਸ਼ਚਿਤ ਹਾਲਾਤ ਕਾਰਨ ਨਿਊ ਜ਼ੀਲੈਂਡ ‘ਚ 6 ਫ਼ਰਵਰੀ ਤੋਂ 7 ਮਾਰਚ 2021 ਤਕ ਹੋਣ ਵਾਲੇ ਮਹਿਲਾ ਵਨ ਡੇ ਵਿਸ਼ਵ ਕੱਪ ਨੂੰ 2022 ਤਕ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਸੀ। ਮਹਿਲਾ ਵਿਸ਼ਵ ਕੱਪ ਦੇ ਲਈ ਪੰਜ ਟੀਮਾਂ ਨੇ ਕੁਆਲੀਫ਼ਾਈ ਕੀਤਾ ਹੈ ਤੇ ਤਿੰਨ ਟੀਮਾਂ ਨੂੰ ਹੋਰ ਕੁਆਲੀਫ਼ਾਈ ਕਰਨਾ ਹੈ। ਕੁਆਲੀਫ਼ਿਕੇਸ਼ਨ ਟੂਰਨਾਮੈਂਟ ਜੁਲਾਈ 2020 ‘ਚ ਸ਼੍ਰੀ ਲੰਕਾ ‘ਚ ਹੋਣਾ ਸੀ ਜੋ ਕੋਰੋਨਾ ਦੇ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ। ਕੁਆਲੀਫ਼ਿਕੇਸ਼ਨ ਟੂਰਨਾਮੈਂਟ ਹੁਣ 2021 ‘ਚ ਹੋਵੇਗਾ ਜਿਸ ਦੀ ਤਾਰੀਖ ਅਜੇ ਨਿਰਧਾਰਤ ਨਹੀਂ ਕੀਤੀ ਗਈ ਹੈ।
ਨਾਈਟ ਨੇ ਟਵੀਟ ਕਰ ਕਿਹਾ – ”ਇਮਾਨਦਾਰੀ ਨਾਲ ਕਹਾਂ ਤਾਂ ਮੈਂ ਬਹੁਤ ਹੀ ਦੁਖੀ ਹਾਂ। ਮੈਨੂੰ ਪਤਾ ਹੈ ਕਿ ਮੁਸ਼ਕਿਲ ਫ਼ੈਸਲੇ ਅਜੇ ਲਏ ਜਾਣੇ ਹਨ ਤੇ ਇਸ ‘ਚ ਬਹੁਤ ਕੰਮ ਕੀਤਾ ਜਾਣਾ ਹੈ ਪਰ ਨਿਊ ਜ਼ੀਲੈਂਡ ‘ਚ ਇਹ ਸੰਭਵ ਸੀ। ਉਮੀਦ ਹੈ ਕਿ ਅਗਲੇ 12 ਮਹੀਨੇ ਦੇ ਲਈ ਮਹਿਲਾ ਕ੍ਰਿਕਟ ਨੂੰ ਪਿੱਛੇ ਲੈ ਜਾਣ ‘ਤੇ ਬੋਰਡ ਕੋਈ ਬਹਾਨਾ ਨਹੀਂ ਦੇਵੇਗਾ। ਇਸ ਤੋਂ ਪਹਿਲਾਂ ਨਿਊ ਜ਼ੀਲੈਂਡ ਨੇ ਕਿਹਾ ਸੀ ਕਿ ਉਹ ਅਗਲੇ ਸਾਲ ਮਹਿਲਾ ਵਨ ਡੇ ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਨੂੰ ਆਯੋਜਿਤ ਕਰ ਸਕਦਾ ਸੀ, ਪਰ ਉਸ ਨੇ ICC ਦੇ ਵਿਸ਼ਵ ਕੱਪ ਇੱਕ ਸਾਲ ਦੇ ਲਈ ਮੁਲਤਵੀ ਕਰਨ ਦੇ ਫ਼ੈਸਲੇ ਦਾ ਸਵਾਗਤ ਕੀਤਾ ਸੀ।