ਰੱਬ ਤੋਂ ਕੁਝ ਵੀ ਮੰਗਣ ਤੋਂ ਪਹਿਲਾਂ ਇੱਕ ਵਾਰ ਚੰਗੀ ਤਰ੍ਹਾਂ ਸੋਚ ਲਿਆ ਜੇ ਕਿ ਤੁਸੀਂ ਮੰਗਣ ਕੀ ਲੱਗੇ ਹੋ ਕਿਉਂਕਿ ਤੁਹਾਡੀ ਮੁਰਾਦ ਪੂਰੀ ਵੀ ਹੋ ਸਕਦੀ ਹੈ। ਲੱਗਦੈ ਆਪਣੇ ਘਰੇਲੂ ਜੀਵਨ ਦੇ ਕਿਸੇ ਖੇਤਰ ‘ਚ ਤੁਸੀਂ ਕੁਝ ਬੇਤਰਤੀਬੀ ਮਹਿਸੂਸ ਕਰ ਰਹੇ ਹੋ … ਥੋੜ੍ਹੀ ਅਫ਼ਰਾ-ਤਫ਼ਰੀ। ਤੁਹਾਨੂੰ ਜਾਪਦੈ ਕਿ ਜੇਕਰ ਤੁਹਾਡੇ ਹਾਲਾਤ ਨੂੰ ਬਦਲਿਆ ਜਾ ਸਕਦਾ ਤਾਂ ਤੁਸੀਂ ਵਧੇਰੇ ਸਹਿਜ ਮਹਿਸੂਸ ਕਰਦੇ। ਫ਼ਿਰ ਤੁਹਾਡੇ ਲਈ ਜ਼ਿੰਦਗੀ ਦਾ ਆਨੰਦ ਮਾਣਨਾ ਸੌਖਾ ਹੁੰਦਾ। ਕੀ ਤੁਸੀਂ ਕੇਵਲ ਨਾਮੁਮਕਿਨ ਸੁਪਨੇ ਦੇਖ ਰਹੇ ਹੋ? ਹਰਗਿਜ਼ ਨਹੀਂ। ਹਾਲਾਤ ਬਦਲ ਸਕਦੇ ਹਨ – ਅਤੇ ਤੁਹਾਡੇ ਰਖਿਅਕ ਸਵਰਗਦੂਤ ਤੁਹਾਨੂੰ ਇਸ ਵਕਤ ਬੜੇ ਧਿਆਨ ਨਾਲ ਸੁਣ ਵੀ ਰਹੇ ਹਨ। ਜਿਸ ਵੀ ਸ਼ੈਅ ਦੀ ਤੁਸੀਂ ਇਸ ਵਕਤ ਮਨ ਹੀ ਮਨ ‘ਚ ਕਾਮਨਾ ਕਰ ਰਹੇ ਹੋ, ਉਹ ਉਸ ‘ਚੋਂ ਬਹੁਤਾ ਕੁਝ ਹਾਲੇ ਵੀ ਤੁਹਾਨੂੰ ਮੁਹੱਈਆ ਕਰਾ ਸਕਦੇ ਹਨ। ਸੋ ਬਹੁਤ ਹੀ ਸਾਵਧਾਨੀ ਨਾਲ ਸੋਚਿਓ। ਇੱਕ ਵਾਰ ਜੇ ਤੁਹਾਡੀ ਦੁਆ ਕਬੂਲ ਹੋ ਗਈ ਤਾਂ ਫ਼ਿਰ ਉਸ ਨੂੰ ਵਾਪਿਸ ਨਹੀਂ ਲਿਆ ਜਾ ਸਕੇਗਾ।

ਆਪਣੇ ਆਲੇ ਦੁਆਲੇ ਹਰ ਸਮੇਂ ਅਸੀਂ ਜਨਮ-ਮਰਨ, ਉਤਪਤੀ, ਪਰਵਰਿਸ਼, ਕਿਸਮਤ, ਆਦਿ ਦੀਆਂ ਕਹਾਣੀਆਂ ਸੁਣਦੇ ਹਾਂ, ਪਰ ਸਾਨੂੰ ਇਹ ਚੇਤੇ ਰੱਖਣ ਦੀ ਲੋੜ ਹੈ ਕਿ ਇਸ ਸੰਸਾਰ ‘ਚ ਹਰ ਬੱਚਾ ਪਿਆਰ ਅਤੇ ਮੁਹੱਬਤ ਨਾਲ ਭਰਪੂਰ ਅਤੇ ਧਾਰਣਾਵਾਂ ਤੋਂ ਆਨੰਦਪੂਰਵਕ ਮੁਕਤ ਆਉਂਦਾ ਹੈ। ਇਨ੍ਹਾਂ ਆਦਤਾਂ ਨੂੰ, ਪਰ, ਵਿਕਸਿਤ ਕਰਨ ‘ਚ ਉਸ ਨੂੰ ਬਹੁਤਾ ਵਕਤ ਨਹੀਂ ਲੱਗਦਾ। ਇਸ ਤਰ੍ਹਾਂ ਜਿਵੇਂ ਅਸੀਂ ਆਪਣੀਆਂ ਪ੍ਰਾਥਮਿਕਤਾਵਾਂ, ਆਪਣੇ ਪੱਖਪਾਤਾਂ, ਨਸਲੀ ਅਤੇ ਸਭਿਆਚਾਰਕ ਪ੍ਰਭਾਵਾਂ ਉੱਤੇ ਆਧਾਰਿਤ ਆਪਣੀ ਸ਼ਨਾਖ਼ਤ ਦੀ ਸਲਤਨਤ ਕਾਇਮ ਕਰਨ ਦੀ ਹੋੜ ‘ਚ ਹੋਈਏ। ਜਦੋਂ ਇਨ੍ਹਾਂ ‘ਚੋਂ ਕਿਸੇ ‘ਤੇ ਵੀ ਸਵਾਲ ਉਠਾਇਆ ਜਾਂਦਾ ਹੈ ਜਾਂ ਉਨ੍ਹਾਂ ਨੂੰ ਛੁਟਿਆਇਆ ਜਾਂਦੈ ਤਾਂ ਸਾਨੂੰ ਚੰਗਾ ਨਹੀਂ ਲੱਗਦਾ। ਫ਼ਿਰ ਵੀ, ਸਾਨੂੰ ਇਹ ਯਾਦ ਦਿਵਾਏ ਜਾਣ ਦਾ ਬਹੁਤ ਫ਼ਾਇਦਾ ਹੁੰਦੈ ਕਿ ਅਸੀਂ ਇਨ੍ਹਾਂ ਤੁੱਛ ਗੱਲਾਂ ਤੋਂ ਕਿਤੇ ਵੱਡੇ ਹਾਂ। ਹਾਲੀਆ ਘਟਨਾਵਾਂ ਭਾਵੇਂ ਕਿਸੇ ਪੁਰਾਣੇ ਨਜ਼ਰੀਏ ਨੂੰ ਚੁਣੌਤੀ ਦੇ ਰਹੀਆਂ ਹੋਣ, ਪਰ ਉਹ ਆਪਣੇ ਨਾਲ ਸੁਖਦ ਆਜ਼ਾਦੀ ਵੀ ਲਿਆਉਣਗੀਆਂ।

ਕਲਪਨਾ ਕਰੋ ਤੁਸੀਂ ਉਹੀ ਪੁਰਾਣੀਆਂ ਜੁੱਤੀਆਂ ਪੈਰੀਂ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ ਜਿਹੜੀਆਂ ਤੁਹਾਨੂੰ ਓਦੋਂ ਬਹੁਤ ਸੁਹਣੀਆਂ ਫ਼ਿਟ ਆਉਂਦੀਆਂ ਸਨ ਜਦੋਂ ਤੁਸੀਂ ਛੇ ਸਾਲ ਦੇ ਸੀ। ਜਦੋਂ ਤੁਸੀਂ ਨੌਂ ਸਾਲਾਂ ਦੇ ਸੀ ਤਾਂ ਤੁਸੀਂ ਨੌਂ ਸਾਲ ਦੀ ਉਮਰ ਦੇ ਬਾਲਾਂ ਨਾਲ ਖ਼ੂਬ ਖੇਡਦੇ ਸੀ। ਅੱਜ ਤੁਸੀਂ ਉਨ੍ਹਾਂ ਨਿਆਣਿਆਂ ਦੀ ਸੰਗਤ ਦਾ ਉਹੋ ਜਿਹਾ ਆਨੰਦ ਨਹੀਂ ਮਾਣੋਗੇ। ਅਸੀਂ ਜ਼ਿੰਦਗੀ ‘ਚ ਲਗਾਤਾਰ ਅੱਗੇ ਵਧਦੇ ਰਹਿੰਦੇ ਹਾਂ। ਅਸੀਂ ਉਨ੍ਹਾਂ ਚੀਜ਼ਾਂ ਨੂੰ ਹੁਣ ਉਸ ਹੱਦ ਤਕ, ਜਾਂ ਬਿਲਕੁਲ ਵੀ, ਪਸੰਦ ਨਹੀਂ ਕਰਦੇ ਜਿਹੜੀਆਂ ਕਿਸੇ ਵੇਲੇ ਸਾਨੂੰ ਬਹੁਤ ਮਜ਼ਾ ਦਿੰਦੀਆਂ ਸਨ। ਆਪਣੇ ਇੱਕ ਜੀਵਨਕਾਲ ‘ਚ ਅਸੀਂ ਕਈ ਤਰ੍ਹਾਂ ਦੇ ਵੱਖੋ ਵੱਖਰੇ ਲੋਕ ਬਣਦੇ ਹਾਂ। ਹਾਲੀਆਂ ਘਟਨਾਵਾਂ ਨੇ ਕਾਇਆਕਲਪ ਦੀ ਪ੍ਰਕਿਰਿਆ ਦੇ ਚੱਕੇ ਨੂੰ ਗੇੜਾ ਦੇ ਦਿੱਤਾ ਹੈ। ਇਸ ਨਾਲ ਤੁਹਾਡਾ ਜੀਵਨ ਰਾਤੋ-ਰਾਤ ਤਾਂ ਬਦਲਣ ਵਾਲਾ ਨਹੀਂ, ਪਰ ਤੁਸੀਂ ਨਿਸ਼ਚਿਤ ਤੌਰ ‘ਤੇ ਉਸ ਦੇ ਇੱਕ ਫ਼ੇਜ਼ ਨੂੰ ਖ਼ਤਮ ਅਤੇ ਦੂਸਰਾ ਲਾਜਵਾਬ ਨਵਾਂ ਸ਼ੁਰੂ ਕਰ ਰਹੇ ਹੋ।

ਬਿਲਕੁਲ ਹੀ ਆਸਾਨ ਸ਼ਰਤਾਂ ‘ਤੇ ਲਓ। ਹੁਣ ਇੱਕ ਵੀ ਪੈਸਾ ਨਹੀਂ ਦੇਣਾ – ਅਤੇ ਫ਼ਿਰ, ਬਸ ਹਰ ਰੋਜ਼ ਕੁਝ ਸੈਂਟ ਆਪਣੀ ਬਾਕੀ ਦੀ ਸਾਰੀ ਉਮਰ ਦਿੰਦੇ ਰਹਿਣਾ। ਇਸ ਨੂੰ ਤੁਸੀਂ ਨਾਂਹ ਕਿਵੇਂ ਆਖ ਸਕਦੇ ਹੋ? ਚਲੋ ਜੀ, ਆਪਣੀ ਥੋੜ੍ਹੀ ਜਿਹੀ ਖ਼ਾਤਿਰਦਾਰੀ ਵੀ ਕਰਨੀ ਬਣਦੀ ਹੈ। ਤੁਹਾਨੂੰ ਪਤਾ ਵੀ ਹੈ ਕਿ ਤੁਸੀਂ ਅਜਿਹਾ ਕਰਨਾ ਵੀ ਚਾਹੁੰਦੇ ਹੋ। ਨਾਲੇ, ਜੇਕਰ ਤੁਸੀਂ ਅੱਜ ਰਾਤ 12 ਵਜੇ ਤੋਂ ਪਹਿਲਾਂ ਆਰਡਰ ਕਰ ਦਿੱਤਾ ਤਾਂ ਅਸੀਂ ਉਸ ਦੂਸਰੀ ਸ਼ੈਅ ਦਾ ਵੀ ਜੰਬੋ ਸਾਈਜ਼ ਦਾ ਇੱਕ ਪੈਕ ਤੁਹਾਨੂੰ ਬਿਲਕੁਲ ਮੁਫ਼ਤ ਦੇਵਾਂਗੇ ਜਿਹੜਾ ਹਮੇਸ਼ਾ ਤੋਂ ਅਸੀਂ ਚੁੱਪਚੁਪੀਤੇ ਤੁਹਾਨੂੰ ਵੇਚਣ ਦੀ ਕੋਸ਼ਿਸ਼ ਕਰਦੇ ਰਹੇ ਹਾਂ। ਸੋ ਦੇਰੀ ਨਾ ਕਰੋ। ਜਲਦੀ ਕਰੋ – ਇਹ ਔਫ਼ਰ ਕੇਵਲ ਓਦੋਂ ਤਕ ਹੀ ਹੈ ਜਦੋਂ ਤਕ ਸਾਡੇ ਪਾਸ ਸਟੌਕ ਮੌਜੂਦ ਹੈ। ਇਹ ਮੌਕਾ ਮੁੜ ਦੁਬਾਰਾ ਨਹੀਂ ਆਉਣ ਵਾਲਾ, ਆਦਿ, ਆਦਿ। ਤੁਹਾਨੂੰ ਨੀਂਦ ਤਾਂ ਨਹੀਂ ਆਉਣ ਲੱਗੀ? ਸਾਨੂੰ ਸਭ ਨੂੰ ਹੀ ਇਸ ਨਿਤਨੇਮ ਬਾਰੇ ਬਾਖ਼ੂਬੀ ਪਤੈ, ਅਤੇ ਇਸ ਬਾਰੇ ਵੀ ਕਿ ਇਹ ਸਿਰਫ਼ ਸ਼ੌਪਿੰਗ ਚੈਨਲ ਹੀ ਨਹੀਂ ਜਿਨ੍ਹਾਂ ਜ਼ਰੀਏ ਲੋਕ ਸਾਨੂੰ ਕੁਝ ਨਾ ਕੁਝ ਵੇਚਣ (ਜਾਂ ਕਿਸੇ ਨਜ਼ਰੀਏ ਬਾਰੇ ਸਾਡੀ ਸਹਿਮਤੀ ਹਾਸਿਲ ਕਰਨ) ਦੀ ਤਾਕ ‘ਚ ਰਹਿੰਦੇ ਹਨ। ਸੋਸ਼ਲ ਮੀਡੀਆ, ਰੇਡੀਓ ਅਤੇ ਅਖ਼ਬਾਰਾਂ ਦੀ ਤਾਂ ਹਾਲੇ ਅਸੀਂ ਗੱਲ ਵੀ ਨਹੀਂ ਛੇੜੀ। ਉਹੀ ਚੁਣੋ ਜੋ ਸੱਚਮੁੱਚ ਲੋੜੀਂਦਾ ਹੈ।

ਚੇਤੇ ਰੱਖੋ ਅਸੀਂ ਤੁਹਾਡੇ ‘ਤੇ ਭਰੋਸਾ ਕੀਤੈ। ਜੇਕਰ ਤੁਹਾਡਾ ਹੱਥ ਇੱਕ ਸੈਕਿੰਡ ਲਈ ਵੀ ਫ਼ਿਸਲ ਗਿਆ, ਜੇਕਰ ਤੁਹਾਡੀ ਇਕਾਗਰਤਾ ਭੰਗ ਹੋ ਗਈ, ਜੇਕਰ ਤੁਹਾਡਾ ਹਿਸਾਬ ਪੰਜਵੀਂ ਦਸ਼ਮਲਵ ਬਿੰਦੀ ‘ਤੇ ਜਾ ਕੇ ਵੀ ਗ਼ਲਤ ਨਿਕਲਿਆ ਤਾਂ ਸਮਝ ਲਿਓ ਕਿ ਅਸੀਂ ਤਾਂ ਸਾਰੇ ਗਏ, ਉਹ ਵੀ ਇੱਕ ਹੈਂਡਕਾਰਟ ‘ਚ ਪਹਾੜੀ ਤੋਂ ਹੇਠਾਂ ਅਤੇ ਬ੍ਰੇਕ ਨੂੰ ਰਿਲੀਜ਼ ਕਰਨ ਦਾ ਜ਼ਿੰਮਾ ਹੋਵੇਗਾ ਤੁਹਾਡੇ ਸਿਰ। ਆਹ ਲੈ ਲਓ ਹੁਣ। ਕੀ ਤੁਹਾਡੀ ਪਹਿਲਾਂ ਤੋਂ ਹੀ ਓਵਰਲੋਡਿਡ ਗੁਨਾਹਗਾਰ ਭਾਵਨਾ ‘ਤੇ ਮੈਨੂੰ ਹੋਰ ਭਾਰ ਪਾਉਣਾ ਚਾਹੀਦੈ … ਜਾਂ ਫ਼ਿਰ ਕੀ ਤੁਹਾਨੂੰ ਅਤੇ ਮੈਨੂੰ ਬੈਠ ਕੇ ਉਸ ਯੋਜਨਾ ‘ਤੇ ਕੰਮ ਕਰਨਾ ਚਾਹੀਦੈ ਜਿਸ ਨਾਲ ਤੁਸੀਂ ਘੱਟ ਕਸੂਰਵਾਰ ਮਹਿਸੂਸ ਕਰੋ? ਤੁਸੀਂ ਆਪਣੀ ਪੂਰੀ ਵਾਹ ਲਗਾ ਰਹੇ ਹੋ। ਇਹ ਸਿਰਫ਼ ਚੰਗਾ ਹੀ ਨਹੀਂ ਸਗੋਂ ਉਸ ਤੋਂ ਕਿਤੇ ਬਿਹਤਰ ਹੈ। ਅਤੇ ਇਹ ਓਨਾ ਮਹੱਤਵਪੂਰਣ ਵੀ ਨਹੀਂ ਜਿੰਨਾ ਤੁਹਾਨੂੰ ਖ਼ਦਸ਼ਾ ਹੈ।