Image Courtesy :jagbani(punjabkesar)

ਮਾਸਕੋ/ਪੇਈਚਿੰਗ, – ਦੁਨੀਆ ਦੇ 2 ਸੁਪਰ ਪਾਵਰ ਦੇਸ਼ ਰੂਸ ਅਤੇ ਚੀਨ ਨਾ ਸਿਰਫ ਸਾਲਾਂ ਤੋਂ ਇਕ-ਦੂਸਰੇ ਦੇ ਦੋਸਤ ਹਨ, ਸਗੋਂ ਦੋਵੇਂ ਇਸ ਦਾ ਖੁੱਲ੍ਹ ਕੇ ਇਜ਼ਹਾਰ ਵੀ ਕਰਦੇ ਹਨ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਹੁਣ ਤਕ ਲਗਭਗ 30 ਵਾਰ ਮਿਲ ਚੁੱਕੇ ਹਨ। ਇਸ ਸਭ ਦੇ ਬਾਵਜੂਦ ਵੀ ਰੂਸ-ਚੀਨ ਦੋਸਤੀ ’ਚ ਵੱਡੀ ਤਰੇੜ ਪੈਂਦੀ ਨਜ਼ਰ ਆ ਰਹੀ ਹੈ। ਇਸ ਦਾ ਸਭ ਤੋਂ ਵੱਡਾ ਕਾਰਣ ਬਣਿਆ ਹੈ ਚੀਨ ਦੀ ਦਾਦਾਗਿਰੀ ਅਤੇ ਉਸ ਦਾ ਵਿਸਤਾਰਵਾਦੀ ਰਵੱਈਆ, ਜਿਸ ਦੇ ਕਾਰਣ ਰੂਸ ਅਮਰੀਕਾ ਦੇ ਨਾਲ ਆ ਰਿਹਾ ਹੈ। ਰੂਸ ਅਤੇ ਚੀਨ ਵਿਚਾਲੇ ਗਤੀਰੋਧ ਦੇ 3 ਮੁੱਖ ਕਾਰਣ ਹਨ-ਰੂਸ ਦੇ ਸ਼ਹਿਰ ਵਲਾਦੀਵੋਸਤੋਕ ’ਤੇ ਚੀਨ ਦਾ ਦਾਅਵਾ, ਰੂਸ ਵਲੋਂ ਭਾਰਤ ਨੂੰ ਹਥਿਆਰਾਂ ਦੀ ਸਪਲਾਈ ਅਤੇ ਚੀਨ ਨੂੰ ਐੱਸ-400 ਮਿਜ਼ਾਈਲਾਂ ਦੀ ਸਪਲਾਈ ’ਚ ਦੇਰੀ।
ਭਾਰਤੀ ਮੀਡੀਆ ’ਚ ਅਜਿਹੀਆਂ ਖਬਰਾਂ ਆਈਆਂ ਹਨ ਕਿ ਭਾਰਤ ਸਰਕਾਰ ਨੇ ਰੂਸ ਨੂੰ ਇੰਡੋ-ਪੈਸੀਫਿਕ ਰਿਜਨ ’ਚ ਅਮਰੀਕਾ ਦੀ ਅਗਵਾਈ ਵਾਲੇ ਗਰੁੱਪ ’ਚ ਸ਼ਾਮਲ ਹੋਣ ਦਾ ਸੁਝਾਅ ਦਿੱਤਾ ਹੈ। ਭਾਰਤ ਨੇ ਕਥਿਤ ਤੌਰ ’ਤੇ ਰੂਸ ਨੂੰ ਕਿਹਾ ਹੈ ਕਿ ਉਹ ਮਾਸਕੋ ਨੂੰ ਗ੍ਰੇਟਰ ਯੂਰੇਸ਼ੀਆ ਪ੍ਰਾਜੈਕਟ ਦਾ ਸਮਰਥਨ ਕਰਦਾ ਹੈ। ਇਸ ਸੁਝਾਅ ’ਤੇ ਚੀਨ ਦੇ ਵਿਸ਼ਲੇਸ਼ਕ ਭੜਕ ਉੱਠੇ ਹਨ। ਉਹ ਇਸ ਨੂੰ ਚੀਨ ਨਾਲ ਧੋਖਾ ਕਰਾਰ ਦੇ ਰਹੇ ਹਨ। ਕੁਝ ਤਾਂ ਇਹ ਵੀ ਕਹਿ ਰਹੇ ਹਨ ਕਿ ਰੂਸ ਨੂੰ ਨਾਟੋ ’ਚ ਵੀ ਸ਼ਾਮਲ ਹੋ ਜਾਣਾ ਚਾਹੀਦਾ ਹੈ, ਜਿਸ ਨੂੰ ਉਸ ਨੂੰ (ਰੂਸ ਨੂੰ) ਰੋਕਣ ਲਈ ਬਣਾਇਆ ਗਿਆ ਸੀ।
ਵਲਾਦੀਸਵੋਤੋਕ ’ਤੇ ਚੀਨ ਅਤੇ ਰੂਸ ਵਿਚਾਲੇ ਵਧਿਆ ਟਕਰਾਅ
ਚੀਨ ਨੇ ਹੁਣ ਰੂਸ ਦੇ ਸ਼ਹਿਰ ਵਲਾਦੀਸਵੋਤਕ ’ਤੇ ਆਪਣਾ ਦਾਅਵਾ ਕੀਤਾ ਹੈ। ਚੀਨ ਦੇ ਸਰਕਾਰੀ ਨਿਊਜ਼ ਚੈਨਲ ਸੀ. ਜੀ. ਟੀ. ਐੱਨ. ਦੇ ਸੰਪਾਦਕ ਸ਼ੇਨ ਸਿਵਈ ਨੇ ਦਾਅਵਾ ਕੀਤਾ ਕਿ ਰੂਸ ਦਾ ਵਲਾਦੀਸਵੋਤਕ ਸ਼ਹਿਰ 1860 ਤੋਂ ਪਹਿਲਾਂ ਚੀਨ ਦਾ ਹਿੱਸਾ ਸੀ। ਇੰਨਾ ਹੀ ਨਹੀਂ, ਉਸ ਨੇ ਇਹ ਵੀ ਕਿਹਾ ਕਿ ਇਸ ਸ਼ਹਿਰ ਨੂੰ ਪਹਿਲਾਂ ਹੈਸ਼ੇਨਵਾਈ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਜਿਸ ਨੂੰ ਰੂਸ ਨੇ ਇਕਤਰਫਾ ਸਮਝੌਤੇ ਤਹਿਤ ਚੀਨ ਤੋਂ ਖੋਹ ਲਿਆ ਸੀ। ਚੀਨ ’ਚ ਸਾਰੇ ਮੀਡੀਆ ਸੰਗਠਨ ਸਰਕਾਰੀ ਹਨ। ਇਨ੍ਹਾਂ ’ਚ ਬੈਠੇ ਲੋਕ ਚੀਨ ਦੀ ਕਮਿਊਨਿਸਟ ਪਾਰਟੀ ਦੇ ਇਸ਼ਾਰੇ ’ਤੇ ਹੀ ਕੁਝ ਵੀ ਲਿਖਦੇ ਹਨ। ਚੀਨ ’ਚ ਅਜਿਹੇ ਕਈ ਪੋਸਟਰ ਲਾਏ ਗਏ ਹਨ, ਜਿਨ੍ਹਾਂ ’ਚ ਸਰਕਾਰ ਨੂੰ ਹੈਸ਼ੇਨਵਾਈ ’ਤੇ ਸਥਿਤੀ ਸਪੱਸ਼ਟ ਕਰਨ ਅਤੇ ਕ੍ਰੀਮਿਆ ਦੇ ਬਾਰੇ ਆਪਣਾ ਰੁਖ ਬਦਲਣ ਦੀ ਮੰਗ ਕੀਤੀ ਗਈ ਹੈ। ਮਾਹਰਾਂ ਦਾ ਕਹਿਣਾ ਹੈ ਕਿ ਚੀਨ ’ਚ ਇਸ ਵਿਰੋਧ ਦੇ ਬਾਅਦ ਰੂਸ ਨੂੰ ਇਹ ਇਹ ਅਹਿਸਾਸ ਹੋ ਗਿਆ ਹੈ ਕਿ ਸਰਹੱਦੀ ਵਿਵਾਦ ਦਾ ਮੁੱਦਾ ਅਜੇ ਖਤਮ ਨਹੀਂ ਹੋਇਆ ਹੈ। ਚੀਨ ਦੀ ਦਾਅਵੇਦਾਰੀ ਇਸ ਸਬੰਧ ਨੂੰ ਖਰਾਬ ਕਰ ਰਹੀ ਹੈ।
ਯੂਕ੍ਰੇਨ ਨਾਲ ਚੀਨ ਦੀ ਦੋਸਤੀ ਰੂਸ ਨੂੰ ਪਸੰਦ ਨਹੀਂ
ਆਸਟ੍ਰੇਲੀਆ ਦੀ ਕੁਰਟਿਨ ਯੂਨੀਵਰਸਿਟੀ ’ਚ ਪ੍ਰੋਫੈਸਰ ਅਲੈਕਸੀ ਮੁਰਵਿਈਵ ਕਹਿੰਦੇ ਹਨ ਕਿ ਰੂਸ ਨੂੰ ਚੀਨ ਅਤੇ ਯੂਕ੍ਰੇਨ ਵਿਚਾਲੇ ਸਹਿਯੋਗ ਪਸੰਦ ਨਹੀਂ ਹੈ। ਚੀਨ ਯੂਕ੍ਰੇਨ ਦੇ ਨਾਲ ਫੌਜ ਅਤੇ ਬਿਜ਼ਨੈੱਸ ਮਾਮਲਿਆਂ ਨੂੰ ਲੈ ਕੇ ਸਹਿਯੋਗ ਕਰ ਰਿਹਾ ਹੈ। ਇਸ ਤੋਂ ਇਲਾਵਾ ਚੀਨ ਰੂਸ ਦੇ ਹਥਿਆਰਾਂ ਦਾ ਡਿਜ਼ਾਈਨ ਚੋਰੀ ਕਰਕੇ ਆਪਣੇ ਇਥੇ ਪ੍ਰੋਡਕਸ਼ਨ ਕਰ ਰਿਹਾ ਹੈ।
News Credit :jagbani(punjabkesar)