ਅੰਗ੍ਰੇਜ਼ੀ ਦੀ ਇੱਕ ਕਹਾਵਤ ਹੈ ਜਿਸ ਦਾ ਸ਼ਾਬਦਿਕ ਅਰਥ ਹੈ ਸਾਰੀਆਂ ਸੜਕਾਂ ਰੋਮ ਵੱਲ ਜਾਂਦੀਆਂ ਹਨ। ਕੀ ਇਹ ਗੱਲ ਵਾਕਈ ਸੱਚ ਹੈ? ਜ਼ਰੂਰੀ ਤਾਂ ਨਹੀਂ। ਵੈਸੇ ਕਹਿਣ ਵਾਲੇ ਦਾ ਭਾਵ ਹੈ ਕਿ ਕੁਝ ਚੀਜ਼ਾਂ ਅਟੱਲ ਹੁੰਦੀਆਂ ਹਨ। ਹੁਣ ਉਪਰੋਕਤ ਕਹਾਵਤ ਨੂੰ ਹੀ ਲੈ ਲਈਏ ਤਾਂ ਕਹਿਣਾ ਪਵੇਗਾ ਕਿ ਇਟਾਲੀਅਨ ਬਿਹਤਰੀਨ ਪਾਸਤਾ ਤਾਂ ਬਣਾ ਸਕਦੇ ਹੋਣਗੇ, ਪਰ ਇਸ ਨਾਲ ਉਹ ਬ੍ਰਹਿਮੰਡ ਦਾ ਕੇਂਦਰ ਹਰਗਿਜ਼ ਨਹੀਂ ਬਣ ਜਾਂਦੇ। ਕਿੰਨੀ ਅਜੀਬ ਗੱਲ ਹੈ ਨਾ ਕਿ ਅਸੀਂ ਇਨ੍ਹਾਂ ਜਾਂ ਇਨ੍ਹਾਂ ਵਰਗੀਆਂ ਹੀ ਦੂਸਰੀਆਂ ਬੇਵਕੂਫ਼ਾਨਾ ਮਨੌਤਾਂ ਨੂੰ ਬਿਨਾਂ ਚੁਣੌਤੀ ਦਿੱਤੇ ਜਾਣ ਦਿੰਦੇ ਹਾਂ। ਕਈ ਵਾਰ, ਅਸੀਂ ਆਪਣੇ ਆਪ ਨੂੰ ਕਿਸੇ ਖ਼ਾਸ ਸਥਿਤੀ ‘ਚ ਬਹੁਤ ਮਹੱਤਵਪੂਰਣ ਰੋਲ ਨਿਭਾਉਂਦਾ ਸਮਝ ਰਹੇ ਹੁੰਦੇ ਹਾਂ ਜਦੋਂ ਕਿ ਸਾਡੀ ਉਸ ਵਿੱਚ ਭੂਮਿਕਾ ਕੇਵਲ ਸਹਾਇਕ ਹੁੰਦੀ ਹੈ। ਅਸੀਂ ਇਹ ਸੋਚ ਲੈਂਦੇ ਹਾਂ ਕਿ ਜੇਕਰ ਕੋਈ ਸ਼ੈਅ ਪਹਿਲਾਂ ਤੋਂ ਹੋਣੀ ਨਿਰਧਾਰਿਤ ਹੈ ਤਾਂ ਉਹ ਹੋ ਕੇ ਰਹੇਗੀ ਭਾਵੇਂ ਅਸੀਂ ਜੋ ਮਰਜ਼ੀ ਕਰੀਏ ਜਾਂ ਨਾ ਕਰੀਏ। ਇਸ ਵਕਤ ਜੇ ਤੁਸੀਂ ਕਿਸੇ ਖ਼ਾਸ ਜਗ੍ਹਾ ‘ਤੇ ਪਹੁੰਚਣਾ ਚਾਹੁੰਦੇ ਹੋ, ਇੱਕ ਸੜਕ ਹੈ ਜਿਹੜੀ ਤੁਹਾਨੂੰ ਉੱਥੇ ਲੈ ਜਾਵੇਗੀ, ਪਰ ਕਈ ਹੋਰ ਸੜਕਾਂ ਹਨ ਜਿਹੜੀਆਂ ਨਹੀਂ ਵੀ ਲੈ ਕੇ ਜਾਣਗੀਆਂ!

ਜੇਕਰ ਕੋਈ ਟਰੇਨ ਸਟੇਸ਼ਨ ਛੱਡ ਕੇ ਜਾ ਚੁੱਕੀ ਹੋਵੇ ਤਾਂ ਤੁਸੀਂ ਉਸ ਨੂੰ ਰੋਕ ਕਿਵੇਂ ਸਕਦੇ ਹੋ? ਐਮਰਜੈਂਸੀ ਬਟਨ ਦਬਾ ਕੇ? ਸਟੇਸ਼ਨ ‘ਤੇ ਮੋਜੂਦ ਰੇਲਵੇ ਕਰਮਚਾਰੀਆਂ ਦਾ ਗੁੱਸਾ ਮੁੱਲ ਲੈਣਾ ਜੇ? ਫ਼ਿਰ ਕੀ ਕੋਰਗੇ? ਪੱਟੜੀ ‘ਤੇ ਗੱਡੀ ਦੇ ਮਗਰ ਦੌੜੋਗੇ? ਤੁਸੀਂ ਗੱਡੀ ‘ਚ ਸਵਾਰ ਹੋ? ਉਸ ਦੇ ਚੱਕੇ ਘੁੰਮਣੇ ਸ਼ੁਰੂ ਹੋ ਚੁੱਕੇ ਹਨ। ਉਤਰਣ ਦਾ ਸਮਾਂ ਹੁਣ ਲੰਘ ਚੁੱਕੈ। ਅਗਲਾ ਮੌਕਾ ਆਉਣ ਵਾਲੈ। ਸੋ ਆਪਣੀ ਸੀਟ ‘ਤੇ ਬੈਠੇ-ਬੈਠੇ ਤਿਲਮਿਲਾਉਣਾ ਛੱਡੋ। ਇਹ ਪ੍ਰਤੀਰੋਧ ਹੀ ਤਾਂ ਹੈ ਜਿਹੜਾ ਹਾਲਾਤ ਨੂੰ ਹੋਰ ਮੁਸ਼ਕਿਲ ਬਣਾ ਰਿਹੈ। ਧੀਰਜ ਧਰੋ। ਜੋ ਅਟੱਲ ਹੈ, ਉਸ ਨੂੰ ਕਬੂਲ ਕਰ ਲਓ, ਘੱਟੋਘੱਟ ਜਦੋਂ ਤਕ ਉਸ ਨੂੰ ਬਦਲਣ ਦਾ ਇੱਕ ਵੀ ਮੌਕਾ ਮੌਜੂਦ ਹੈ। ਉਸ ਵੇਲੇ ਤਕ, ਹੋ ਸਕਦੈ ਤੁਸੀਂ ਇਹ ਫ਼ੈਸਲਾ ਕਰ ਲਓ ਕਿ ਜਿੱਥੇ ਤੁਸੀਂ ਜਾ ਰਹੇ ਹੋ ਤੁਹਾਨੂੰ ਉਹ ਪਸੰਦ ਹੈ ਅਤੇ ਉਹ ਢੰਗ ਵੀ ਜਿਵੇਂ ਤੁਸੀਂ ਉੱਥੇ ਪਹੁੰਚਣਾ ਹੈ। ਗ਼ਲਤੀ ਸ਼ਾਇਦ ਗ਼ਲਤੀ ਹੋਵੇ ਹੀ ਨਾ!

ਲੋਕ ਕਹਿੰਦੇ ਨੇ, ”ਸਾਨੂੰ ਸਭ ਨੂੰ ਪਿਆਰ ਕਰਨ ਲਈ ਕਿਸ ਨਾ ਕਿਸੇ ਵਿਅਕਤੀ ਦੀ ਲੋੜ ਹੁੰਦੀ ਹੈ।” ਪਰ ਉਹ ਇਹ ਵੀ ਕਹਿੰਦੇ ਨੇ, ”ਅਸੀਂ ਜਿਨ੍ਹਾਂ ਨੂੰ ਪਿਆਰ ਕਰਦੇ ਹਾਂ ਉਨ੍ਹਾਂ ਨੂੰ ਹਮੇਸ਼ਾ ਦੁੱਖ ਦਿੰਦੇ ਹਾਂ।” ਉਹ ਇਹ ਨਹੀਂ ਕਹਿੰਦੇ, ”ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ ਉਹ ਸਾਨੂੰ ਹਮੇਸ਼ਾ ਦੁੱਖ ਦਿੰਦੇ ਹਨ।” ਪਰ ਫ਼ਿਰ, ਉਨ੍ਹਾਂ ਨੂੰ ਇਹ ਕਹਿਣ ਦੀ ਲੋੜ ਵੀ ਨਹੀਂ। ਇਹ ਤਾਂ ਸਾਨੂੰ ਉਨ੍ਹਾਂ ਦੇ ਪਹਿਲੇ ਕਥਨ ਤੋਂ ਹੀ ਸਮਝ ਆ ਜਾਣਾ ਚਾਹੀਦਾ ਹੈ! ਹਾਂ ਜੇਕਰ, ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ ਉਹ ਸਾਨੂੰ ਪਿਆਰ ਨਾ ਕਰਦੇ ਹੋਣ ਤਾਂ ਫ਼ਿਰ ਗੱਲ ਵੱਖਰੀ ਹੈ। ਪਰ ਫ਼ਿਰ, ਉਹ ਤਾਂ ਸਾਨੂੰ ਹਰ ਹਾਲਤ ਦੁੱਖ ਪਹੁੰਚਾਉਂਦੇ ਹਨ! ਕਿੰਨੀ ਗ਼ਲਤ ਗੱਲ ਹੈ! ਫ਼ਿਲਾਸਫ਼ਰਾਂ ਨੂੰ ਇਸ ਵਿਸ਼ੇ ਬਾਰੇ ਬਾਕੀ ਸਭ ਤੋਂ ਵੱਧ ਪੁੱਛਿਆ ਜਾਂਦਾ ਹੈ। ਉਹ ਇਸ ਬਾਰੇ ਪੱਕੇ ਤੌਰ ‘ਤੇ ਕੀ ਕਹਿਣ? ਇਹ ਦੁੱਖ ਤਾਂ ਫ਼ਿਰ ਅਟੱਲ ਹੈ। ਪਰ ਮੈਂ ਤੁਹਾਡੇ ਲਈ ਇਸ ਵੇਲੇ ਇੱਕ ਪੇਸ਼ਨਿਗੋਈ ਕਰ ਸਕਦ ਹਾਂ। ਛੇਤੀ ਹੀ ਦਰਦ ਖ਼ਤਮ ਹੋ ਜਾਵੇਗਾ ਅਤੇ ਪਿਆਰ ਉਸੇ ਤਰ੍ਹਾਂ ਹੀ ਮਹਿਸੂਸ ਹੋਣ ਲੱਗੇਗਾ ਜਿਸ ਤਰ੍ਹਾਂ ਦਾ ਉਸ ਨੂੰ ਹੋਣਾ ਚਾਹੀਦੈ।

ਜਦੋਂ ਲੋਕਾਂ ਨੂੰ ਕਿਸੇ ਸਵਾਲ ਦਾ ਜਵਾਬ ਨਾ ਪਤਾ ਹੋਵੇ ਤਾਂ ਉਹ ਬਹੁਤਾ ਬੋਲਦੇ ਨਹੀਂ । ਇਸ ਦੀ ਬਜਾਏ, ਉਹ ਕਿਸੇ ਹੋਰ ਹੀ ਸਵਾਲ ਦਾ ਜਵਾਬ ਦੇਣਾ ਸ਼ੁਰੂ ਕਰ ਦਿੰਦੇ ਹਨ ਜਿਸ ਬਾਰੇ ਉਨ੍ਹਾਂ ਨੂੰ ਕੁਝ ਪਤਾ ਹੁੰਦੈ। ਜਾਂ ਉਹ ਬਲੱਫ਼ ਮਾਰਨਾ ਸ਼ੁਰੂ ਕਰ ਦਿੰਦੇ ਹਨ। ਜਾਂ ਅਟਕਲਾਂ ਲਗਾਉਣੀਆਂ। ਅਕਸਰ, ਦਰੁਸਤ ਤਥਾਂ ‘ਤੇ ਅਧਾਰਿਤ ਇੱਕ ਸਹੀ ਕਥਨ ਅਤੇ ਬਿਲਕੁਲ ਹਨੇਰੇ ‘ਚ ਅੰਨੇਵਾਹ ਮਾਰੀਆਂ ਗਈਆਂ ਡਾਂਗਾਂ ‘ਚ ਫ਼ਰਕ ਕਰਨਾ ਮੁਸ਼ਕਿਲ ਹੋ ਜਾਂਦੈ। ਆਵਾਜ਼ ਦੀ ਟੋਨ ਵੀ ਹਮੇਸ਼ਾ ਸਭ ਕੁਝ ਜ਼ਾਹਿਰ ਨਹੀਂ ਕਰਦੀ। ਨਾ ਹੀ ਬੌਡੀ ਲੈਂਗੁਏਜ। ਤੁਹਾਡੇ ਪਾਸ, ਪਰ, ਇਨ੍ਹਾਂ ਦਰਮਿਆਨ ਫ਼ਰਕ ਪਰਖਣ ਲਈ ਇੱਕ ਭਰੋਸੇਯੋਗ ਯੰਤਰ ਮੌਜੂਦ ਹੈ। ਤੁਹਾਡੀ ਸਮਝ। ਕੀ ਕਹਿ ਰਹੀ ਹੈ ਉਹ ਤੁਹਾਨੂੰ? ਉਸ ਵੱਲ ਥੋੜ੍ਹਾ ਧਿਆਨ ਦਿਓ। ਉਸ ਨੂੰ ਵਾਕਈ ਪਤੈ! ਜੇਕਰ ਤੁਸੀਂ ਉਸ ‘ਤੇ ਵਿਸ਼ਵਾਸ ਕਰਦੇ ਹੋ, ਉਹ ਤੁਹਾਨੂੰ ਸਹੀ ਰਸਤੇ ‘ਤੇ ਪਾ ਦੇਵੇਗੀ।

ਲੋਕ ਕਹਿੰਦੇ ਹਨ, ”ਤੁਹਾਨੂੰ ਓਦੋਂ ਤਕ ਇਹ ਪਤਾ ਨਹੀਂ ਲੱਗਦਾ ਕਿ ਕੀ ਮੁਮਕਿਨ ਹੈ ਜਦੋਂ ਤਕ ਤੁਸੀਂ ਕੋਸ਼ਿਸ਼ ਨਹੀ ਕਰਦੇ।” ਦਰਅਸਲ, ਤੁਹਾਨੂੰ ਓਦੋਂ ਤਕ ਪਤਾ ਨਹੀਂ ਚੱਲ ਸਕਦਾ ਕਿ ਕੀ ਸੰਭਵ ਹੈ ਅਤੇ ਕੀ ਨਹੀਂ ਜਦੋਂ ਤਕ ਤੁਸੀਂ ਬਾਰ-ਬਾਰ ਕੋਸ਼ਿਸ਼ ਨਹੀਂ ਕਰਦੇ। ਕਈ ਲੋਕ ਆਪਣੇ ਸੁਪਨੇ ਸਾਕਾਰ ਕਰਨ ਦੀ ਕੋਸ਼ਿਸ਼ ‘ਚ ਹਾਰ ਮੰਨਣ ਲਈ ਬਹੁਤ ਕਾਹਲ ਕਰ ਜਾਂਦੇ ਹਨ। ਉਨ੍ਹਾਂ ਦੇ ਦਿਮਾਗ਼ ‘ਚ ਕੋਈ ਖ਼ਿਆਲ ਆਉਂਦੈ, ਅਤੇ ਉਹ ਉਸ ਨੂੰ ਹਕੀਕਤ ‘ਚ ਬਦਲਣ ਦੀ ਕੁਝ ਕੋਸ਼ਿਸ਼ ਕਰਦੇ ਹਨ। ਪਰ ਕਿਸੇ ਵੀ ਅਸਲੀ ਮੁਸ਼ਕਿਲ ਨਾਲ ਦੋ-ਚਾਰ ਹੋਣ ਦੇ ਪਹਿਲੇ ਸੰਕੇਤ ‘ਤੇ ਹੀ ਉਹ ਹਾਰ ਮੰਨ ਲੈਂਦੇ ਹਨ। ਉਹ ਸ਼ਰਮਿੰਦਾ ਨਹੀਂ ਹੋਣਾ ਚਾਹੁੰਦੇ ਜਾਂ, ਇਸ ਤੋਂ ਵੀ ਵੱਧ, ਉਹ ਨਿਰਾਸ਼ ਨਹੀਂ ਹੋਣਾ ਚਾਹੁੰਦੇ। ਇਸ ਵਕਤ ਕਿਸੇ ਟੀਚੇ ਨੂੰ ਤਿਆਗਣ ਪਿੱਛੇ ਕੁਝ ਪ੍ਰਤੱਖ ਕਾਰਨ ਦਿੱਖ ਰਹੇ ਹਨ। ਤੁਸੀਂ ਉਹੋ ਜਿਹੀ ਪ੍ਰਗਤੀ ਨਹੀਂ ਕਰ ਰਹੇ ਜਿਸ ਦੀ ਤੁਸੀਂ ਕਦੇ ਉਮੀਦ ਕੀਤੀ ਸੀ। ਪਰ ਆਪਣੇ ਦਿਲ ਦੇ ਧੁਰ ਅੰਦਰ, ਤੁਹਾਨੂੰ ਪਤੈ ਕਿ ਤੁਹਾਨੂੰ ਉਸ ਨੂੰ ਹਾਸਿਲ ਕਰਨ ਦੀ ਘੱਟੋਘੱਟ ਇੱਕ ਹੋਰ ਕੋਸ਼ਿਸ਼ ਤਾਂ ਕਰਨੀ ਹੀ ਪੈਣੀ ਹੈ।