ਭਾਰਤ ਅਤੇ ਪਾਕਿਸਤਾਨ ਦੇ ਬਣਦੇ-ਵਿਗੜਦੇ ਰਿਸ਼ਤੇ ਸਿਆਸੀ ਸਥਿਰਤਾ ਦੇ ਨਾਲ-ਨਾਲ ਫ਼ਿਲਮਾਂ ਦੀ ਸਫ਼ਲਤਾ ਦੀ ਵੀ ਗੈਰੰਟੀ ਮੰਨੇ ਜਾਂਦੇ ਹਨ। ਦੋਹਾਂ ਮੁਲਕਾਂ ਅਤੇ ਤਲਖ਼ ਰਿਸ਼ਤਿਆਂ ਨੂੰ ਪ੍ਰਿੰਟ ਅਤੇ ਇਲੈਕਟ੍ਰੌਨਿਕ ਮੀਡੀਆ ‘ਚ ਚੰਗੀ ਸਪੇਸ ਮਿਲਦੀ ਹੈ। ਇਹੀ ਨਹੀਂ, 1947 ਵਿੱਚ ਦੇਸ਼ ਵੰਡ ਤੋਂ ਲੈ ਕੇ ਹੁਣ ਤਕ ਸਾਹਿਤਕਾਰਾਂ ਅਤੇ ਫ਼ਿਲਮਸਾਜ਼ਾਂ ਦਾ ਇਹ ਪਸੰਦੀਦਾ ਵਿਸ਼ਾ ਰਿਹਾ ਹੈ। ਇਹ ਗਰਮ ਵਿਸ਼ਾ ਸਿਰਫ਼ ਭਾਰਤੀ ਫ਼ਿਲਮਸਾਜ਼ਾਂ, ਕਹਾਣੀਕਾਰਾਂ ਅਤੇ ਸਿਆਸਤਦਾਨਾਂ ਨੂੰ ਹੀ ਨਹੀਂ ਬਲਕਿ ਪਾਕਿਸਤਾਨੀ ਆਵਾਮ ਨੂੰ ਵੀ ਇੰਨਾ ਹੀ ਭਾਉਾਂਦਾ ਹੈ। ਫ਼ਿਰ ਉਹ ਮਈ 2018 ਵਿੱਚ ਰਿਲੀਜ਼ ਹੋਈ ਫ਼ਿਲਮ ਰਾਜ਼ੀ ਹੋਵੇ ਜਾਂ 1973 ‘ਚ ਚੇਤਨ ਆਨੰਦ ਦੁਆਰਾ ਨਿਰਦੇਸ਼ਿਤ ਅਤੇ ਰਾਜ ਕੁਮਾਰ, ਅਮਰੀਸ਼ ਪੁਰੀ ਅਤੇ ਅਮਜਦ ਖ਼ਾਨ ਵਰਗੇ ਅਦਾਕਾਰਾ ਦੇ ਅਭਿਨੈ ਨਾਲ ਸਜੀ ਫ਼ਿਲਮ ਹਿੰਦੁਸਤਾਨ ਕੀ ਕਸਮ, ਇਨ੍ਹਾਂ ਫ਼ਿਲਮਾਂ ਨੇ ਸਿਨੇਮਾ ਘਰਾਂ ‘ਚ ਦਰਸ਼ਕਾਂ ਨੂੰ ਆਖ਼ੀਰ ਤਕ ਬਿਠਾਈ ਰੱਖਿਆ ਅਤੇ ਚੰਗੀ ਕਮਾਈ ਕੀਤੀ।
ਫ਼ਿਲਮਾਂ ‘ਚ ਪਾਕਿਸਤਾਨ ਅਤੇ ਪੰਜਾਬ ਵਿਖਾਉਣਾ
ਭਾਰਤ ਪਾਕਿ ਸਬੰਧਾਂ ਬਾਰੇ ਬਣੀਆਂ ਜ਼ਿਆਦਾਤਰ ਫ਼ਿਲਮਾਂ ‘ਚ ਪੰਜਾਬ ਨੂੰ ਕੇਂਦਰ ਬਣਾ ਕੇ ਅੱਧੀ ਹਕੀਕਤ ਤੇ ਅੱਧੇ ਮਨਘੜਤ ਕਿੱਸੇ ਜੋੜੇ ਜਾਂਦੇ ਹਨ। ਇਸ ਕਥਾ ਵਸਤੂ ਦੇ ਆਧਾਰ ‘ਤੇ ਇਨ੍ਹਾਂ ਫ਼ਿਲਮਾਂ ਦੀ ਸ਼ੂਟਿੰਗ ਵੀ ਪੰਜਾਬ ਵਿੱਚ ਹੁੰਦੀ ਹੈ। ਭਾਵੇਂ ਉਹ ਭਾਰਤ-ਪਾਕਿ ਜੰਗ ‘ਤੇ ਆਧਾਰਿਤ ਹੋਣ ਜਾਂ ਭਾਰਤ ਵੰਡ ਬਾਰੇ। ਦੇਖਿਆ ਜਾਵੇ ਤਾਂ 1947 ‘ਚ ਵੰਡ ਦੇ ਸਮੇਂ ਜੋ ਸਥਿਤੀ ਪੈਦਾ ਹੋਈ ਸੀ, ਉਸ ਦਾ ਅਸਰ ਬੰਗਾਲ, ਗੁਜਰਾਤ ਅਤੇ ਰਾਜਸਥਾਨ ‘ਤੇ ਤਾਂ ਪਿਆ ਹੀ, ਪਰ ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬ ਅਤੇ ਪੰਜਾਬ ਵਾਸੀਆਂ ਨੂੰ ਝੱਲਣਾ ਪਿਆ। ਸ਼ਾਇਦ ਇਸ ਦਰਦ ਨੂੰ ਫ਼ਿਲਮਸਾਜ਼ਾਂ ਨੇ ਆਪੋ-ਆਪਣੇ ਨਜ਼ਰੀਏ ਤੋਂ ਪਰਦੇ ‘ਤੇ ਉਤਾਰਿਆ।
ਇਸ ਤੋਂ ਛੁੱਟ, ਅੰਮ੍ਰਿਤਾ ਪ੍ਰੀਤਮ ਅਤੇ ਖ਼ੁਸ਼ਵੰਤ ਸਿੰਘ ਵਰਗੇ ਮਸ਼ਹੂਰ ਸਾਹਿਤਕਾਰਾਂ ਦੀਆਂ ਅਮਰ ਲਿਖਤਾਂ ਨੂੰ ਫ਼ਿਲਮਸਾਜ਼ਾਂ ਨੇ ਬਿਹਤਰੀਨ ਢੰਗ ਨਾਲ ਮੂਰਤੀਮਾਨ ਕੀਤਾ, ਭਾਵੇਂ ਉਹ ਟ੍ਰੇਨ ਟੂ ਪਾਕਿਸਤਾਨ ਹੋਵੇ ਜਾਂ ਫ਼ਿਰ ਫ਼ਿਲਮ ਪਿੰਜਰ। ਇਹ ਦੋਹੇਂ ਫ਼ਿਲਮਾਂ ਭਾਰਤ ਦੀ ਵੰਡ ਦੇ ਉਹ ਦਸਤਾਵੇਜ਼ ਹਨ ਜਿਨ੍ਹਾਂ ਨੂੰ 1947 ਤੋਂ ਬਾਅਦ ਜਨਮੇ ਲੋਕ ਵੰਡ ਦਾ ਦੁੱਖ ਝੱਲ ਚੁੱਕੇ ਲੋਕਾਂ ਦੀ ਜ਼ੁਬਾਨੀ ਜਾਂ ਫ਼ਿਲਮੀ ਕਹਾਣੀਆਂ ‘ਚ ਦੇਖਦੇ ਆਏ ਹਨ। ਅਜਿਹੇ ਹਾਲਾਤ ‘ਚ ਫ਼ਿਲਮਸਾਜ਼ਾਂ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਭਾਰਤ-ਪਾਕਿ ਸਬੰਧਾਂ ‘ਤੇ ਬਣੀਆਂ ਫ਼ਿਲਮਾਂ ਦੀ ਸ਼ੂਟਿੰਗ ਉਹ ਪੰਜਾਬ ‘ਚ ਹੀ ਕਰਨ।
ਸਰਹੱਦੀ ਜ਼ਿਲ੍ਹਿਆਂ ‘ਚ ਸ਼ੂਟ ਹੋਈਆਂ ਫ਼ਿਲਮਾਂ
ਦੇਸ਼ ਵੰਡ ਬਾਰੇ ਬਣੀਆਂ ਫ਼ਿਲਮਾਂ ਦੀ ਸੂਚੀ ਕਾਫ਼ੀ ਲੰਬੀ ਹੈ। ਇਨ੍ਹਾਂ ‘ਚੋਂ ਪ੍ਰਮੁੱਖ ਫ਼ਿਲਮਾਂ ਸਨੀ ਦਿਓਲ ਦੀ ਗ਼ਦਰ, ਮਨੋਜ ਬਾਜਪਾਈ ਅਤੇ ਉਰਮਿਲਾ ਮਾਤੋਂਡਕਰ ਦੀ ਪਿੰਜਰ, ਟ੍ਰੇਨ ਟੂ ਪਾਕਿਸਤਾਨਅ, ਰਿਸ਼ੀ ਕਪੂਰ ਤੇ ਰੇਖਾ ਦੀ ਸਦੀਆਂ ਅਤੇ ਸਰਬਜੀਤ ਸਮੇਤ ਦਰਜਨਾਂ ਅਜਿਹੀਆਂ ਫ਼ਿਲਮਾਂ ਹਨ ਜਿਨ੍ਹਾਂ ਦੀ ਸ਼ੂਟਿੰਗ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ‘ਚ ਹੋਈ। ਇਹ ਫ਼ਿਲਮਾਂ ਦੇਸ਼ ਵੰਡ ਤੋਂ ਬਾਅਦ ਪੈਦਾ ਹੋਈ ਤ੍ਰਾਸਦੀ ‘ਤੇ ਆਧਾਰਿਤ ਸਨ।
ਇਨ੍ਹਾਂ ‘ਚ ਫ਼ਿਲਮਸਾਜ਼ਾਂ ਨੇ ਦਰਸ਼ਕਾਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਕਿਸ ਤਰ੍ਹਾਂ ਭਾਰਤ ਦੀ ਕੁੱਖ ‘ਚੋਂ ਪਾਕਿਸਤਾਨ ਦੇ ਜਨਮ ਲੈਣ ਤੋਂ ਬਾਅਦ ਲੋਕਾਂ ਨੂੰ ਮਜਬੂਰ ਹੋ ਕੇ ਪਾਕਿਸਤਾਨ ਤੋਂ ਭਾਰਤ ਅਤੇ ਭਾਰਤ ਤੋਂ ਪਾਕਿਸਤਾਨ ਹਿਜਰਤ ਕਰਨੀ ਪਈ। ਗ਼ਦਰ ਅਤੇ ਟ੍ਰੇਨ ਟੂ ਪਾਕਿਸਤਾਨ ਅਜਿਹੀਆਂ ਫ਼ਿਲਮਾਂ ਸਨ ਜਿਨ੍ਹਾਂ ‘ਚ ਦਿਖਾਇਆ ਗਿਆ ਸੀ ਕਿ ਕਿਵੇਂ ਰੇਲ ਗੱਡੀਆਂ ‘ਤੇ ਲੋਕਾਂ ਦੀ ਲਾਸ਼ਾਂ ਪਾਕਿਸਤਾਨ ਤੋਂ ਭਾਰਤ ਆ ਰਹੀਆਂ ਸਨ। ਕੱਲ੍ਹ ਤਕ ਇੱਕ-ਦੂਜੇ ਦਾ ਦੁੱਖ-ਸੁੱਖ ਸਾਂਝਾ ਕਰਨ ਵਾਲੇ ਹਿੰਦੂ, ਸਿੱਖ ਅਤੇ ਮੁਸਲਮਾਨ ਇੱਕ ਦੂਸਰੇ ਦੇ ਖ਼ੂਨ ਦੇ ਪਿਆਸੇ ਹੋਏ ਪਏ ਸਨ।
ਫ਼ਿਲਮ ਪਿੰਜਰ ‘ਚ ਦੇਸ਼ ਵੰਡ ਦੌਰਾਨ ਇੱਕ ਕੁੜੀ ਦਾ ਜ਼ਬਰਦਸਤੀ ਧਰਮ ਤਬਦੀਲ ਕੀਤਾ ਜਾਂਦਾ ਹੈ। ਕੁੱਝ ਅਜਿਹਾ ਹੀ ਫ਼ਿਲਮ ਰੈਫ਼ਿਊਜੀ ‘ਚ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਅਭਿਸ਼ੇਕ ਬੱਚਨ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਦੀ ਵੀ ਜ਼ਿਆਦਾਤਰ ਸ਼ੂਟਿੰਗ ਪੰਜਾਬ ‘ਚ ਹੀ ਹੋਈ ਸੀ। ਹਾਲ ਹੀ ਵਿੱਚ, ਸਲਮਾਨ ਖ਼ਾਨ ਦੀ ਆਉਣ ਵਾਲੀ ਫ਼ਿਲਮ ਭਾਰਤ ਦੀ ਸ਼ੂਟਿੰਗ ਵੀ ਲੁਧਿਆਣੇ ਅਤੇ ਅੰਮ੍ਰਿਤਸਰ ਵਿੱਚ ਮੁਕੰਮਲ ਹੋਈ ਹੈ। ਇਸ ਫ਼ਿਲਮ ‘ਚ ਵੀ ਦੇਸ਼ ਦੀ ਵੰਡ ਦੇ ਕੁੱਝ ਸੀਨ ਫ਼ਿਲਮਾਏ ਗਏ ਹਨ।
ਦੋ ਹਿੱਸਿਆਂ ‘ਚ ਵੰਡੇ ਫ਼ਿਲਮਸਾਜ਼
ਭਾਰਤ ਅਤੇ ਪਾਕਿਸਤਾਨ ਦੇ ਸਿਆਸਤਦਾਨ ਹੀ ਨਹੀਂ ਬਲਕਿ ਫ਼ਿਲਮਸਾਜ਼ ਵੀ ਦੋ ਹਿੱਸਿਆਂ ‘ਚ ਵੰਡੇ ਹੋਏ ਹਨ। ਪਹਿਲਾ ਹਿੱਸਾ ਉਹ ਹੈ ਜੋ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਈਆਂ ਚਾਰ ਜੰਗਾਂ ਅਤੇ ਅਤਿਵਾਦ ‘ਤੇ ਫ਼ਿਲਮਾਂ ਬਣਾਉਂਦੇ ਹਨ। ਇਨ੍ਹਾਂ ‘ਚ ਹੀ ਭਾਰਤ ਦੀ ਵੰਡ ਅਤੇ ਉਸ ਤੋਂ ਬਾਅਦ ਪੈਦਾ ਹੋਏ ਹਾਲਾਤ ਨੂੰ ਲੈ ਕੇ ਫ਼ਿਲਮਾਂ ਬਣਾਉਂਦੇ ਹਨ ਜਦਕਿ ਫ਼ਿਲਮਸਾਜ਼ਾਂ ਦੇ ਦੂਸਰੇ ਹਿੱਸੇ ਨੇ ਦੋਹਾਂ ਦੇਸ਼ਾਂ ਦੇ ਦਰਸ਼ਕਾਂ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਯਤਨ ਕੀਤਾ ਹੈ। ਅਜਿਹੀਆਂ ਫ਼ਿਲਮਾਂ ‘ਚ ਵੀਰਜ਼ਾਰਾ, ਬਜਰੰਗੀ ਭਾਈਜਾਨ ਅਤੇ ਸਦੀਆਂ ਪ੍ਰਮੁੱਖ ਹਨ।
ਇਨ੍ਹਾਂ ਸਾਰੀਆਂ ਫ਼ਿਲਮਾਂ ‘ਚ ਦੇਸ਼ ਵੰਡ ਤੋਂ ਬਾਅਦ ਭਾਰਤ-ਪਾਕਿ ‘ਚ ਰਹਿ ਰਹੇ ਲੋਕਾਂ ਦੀ ਕਸਕ ਨੂੰ ਵਿਖਾਇਆ ਹੈ। ਇਨ੍ਹਾਂ ਫ਼ਿਲਮਾਂ ‘ਚ ਇਹ ਵੀ ਦਿਖਾਉਣ ਦਾ ਯਤਨ ਕੀਤਾ ਗਿਆ ਹੈ ਕਿ ਦੋਹਾਂ ਦੇਸ਼ਾਂ ਦਾ ਸਭਿਆਚਾਰ ਇੱਕੋ ਜਿਹਾ ਹੈ। ਉੱਥੇ ਦੇ ਲੋਕਾਂ ਦੇ ਦਿਲਾਂ ‘ਚ ਵੀ ਭਾਰਤ ਵਾਸੀਆਂ ਲਈ ਪ੍ਰੇਮ ਹੈ, ਪਰ ਦੋਹਾਂ ਦੇਸ਼ਾਂ ਵਿਚਾਲੇ ਖਿੱਚੀ ਗਈ ਲਕੀਰ ਅਤੇ ਕੁੱਝ ਸਿਆਸਤਦਾਨ ਉਨ੍ਹਾਂ ਨੂੰ ਆਪਸ ‘ਚ ਮਿਲਣ ਨਹੀਂ ਦੇ ਰਹੇ।
ਭਾਰਤ ‘ਚ ਰਿਲੀਜ਼ ਹੋਈਆਂ ਪਾਕਿਸਤਾਨੀ ਫ਼ਿਲਮਾਂ
ਭਾਰਤੀ ਫ਼ਿਲਮਸਾਜ਼ਾਂ ਵਾਂਗ ਪਾਕਿਸਤਾਨੀ ਫ਼ਿਲਮਸਾਜ਼ ਵੀ ਦੋਹਾਂ ਦੇਸ਼ਾਂ ਦੇ ਸਬੰਧਾਂ ‘ਤੇ ਫ਼ਿਲਮਾਂ ਬਣਾਉਣ ਤੋਂ ਪਿੱਛੇ ਨਹੀਂ ਹਨ। ਜੇ ਪਾਕਿਸਤਾਨੀ ਫ਼ਿਲਮਾਂ ਦੀ ਗੱਲ ਕਰੀਏ ਤਾਂ ਪਾਕਿ ‘ਚ ਬਣੀ ਫ਼ਿਲਮ ਜ਼ਿੰਦਾ ਭਾਗ ‘ਚ ਭਾਰਤੀ ਅਭਿਨੇਤਾ ਨਸੀਰੂਦੀਨ ਸ਼ਾਹ ਨੇ ਦਮਦਾਰ ਅਦਾਕਾਰੀ ਦਿਖਾਈ ਹੈ। ਇਸ ਫ਼ਿਲਮ ਨੂੰ 86ਵੇਂ ਅਕਾਦਮਿਕ ਪੁਰਸਕਾਰਾਂ ਲਈ ਨਾਮਜਦ ਕੀਤਾ ਗਿਆ ਸੀ। ਇਹ ਪਿਛਲੇ 50-52 ਸਾਲ ‘ਚ ਅਕਾਦਮਿਕ ਪੁਰਸਕਾਰਾਂ ‘ਚ ਜਾਣ ਵਾਲੀ ਪਹਿਲੀ ਪਾਕਿਸਤਾਨੀ ਫ਼ਿਲਮ ਸੀ।
ਵੇਸੈ ਇਹ ਕੋਈ ਪਹਿਲੀ ਫ਼ਿਲਮ ਨਹੀਂ, ਇਸ ਤੋਂ ਪਹਿਲਾਂ ਵੀ ਭਾਰਤ ‘ਚ ਪਾਕਿਸਤਾਨੀ ਫ਼ਿਲਮਾਂ ਦਿਖਾਈਆਂ ਜਾਂਦੀਆਂ ਰਹੀਆਂ ਹਨ। ਇਸ ਤੋਂ ਪਹਿਲਾਂ 2008 ‘ਚ ਪਾਕਿਸਤਾਨੀ ਨਿਰਦੇਸ਼ਕ ਸ਼ੋਇਬ ਮਨਸੂਰ ਦੀ ਫ਼ਿਲਮ ਖ਼ੁਦਾ ਕੇ ਲੀਏ ਆਈ ਸੀ। ਇਹ ਪਿਛਲੇ 43 ਸਾਲਾਂ ‘ਚ ਸ਼ਾਇਦ ਪਹਿਲੀ ਫ਼ਿਲਮ ਸੀ ਜਿਸ ਨੂੰ ਸਰਹੱਦ ਤੋਂ ਪਾਰ ਭਾਰਤ ‘ਚ ਰਿਲੀਜ਼ ਕੀਤਾ ਗਿਆ ਸੀ। ਇਸ ਤੋਂ ਬਾਅਦ ਮਹਿਰੀਨ ਜੱਬਰ ਦੀ ਫ਼ਿਲਮ ਰਾਮਚੰਦ ਪਾਕਿਸਤਾਨੀ ਆਈ। ਇਹੀ ਨਹੀਂ, ਸਾਲ 2011 ‘ਚ ਮਨਸੂਰ ਦੀ ਫ਼ਿਲਮ ਬੋਲ ਨੂੰ ਵੀ ਭਾਰਤ ‘ਚ ਰਿਲੀਜ਼ ਕੀਤਾ ਗਿਆ ਸੀ ਜਿਸ ਨੂੰ ਵੱਡੀ ਸਫ਼ਲਤਾ ਮਿਲੀ ਸੀ।
ਭਾਰਤ ‘ਚ ਰਿਲੀਜ਼ ਹੋਈਆਂ ਇਨ੍ਹਾਂ ਸਾਰੀਆਂ ਫ਼ਿਲਮਾਂ ‘ਚ ਭਾਰਤ-ਪਾਕਿ ਸਰਹੱਦ ‘ਤੇ ਵੱਸਦੇ ਪਿੰਡਾਂ ਦੇ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਦਿਖਾਇਆ ਗਿਆ ਸੀ ਜਿਵੇਂ ਕਿ ਉਹ ਗ਼ਲਤੀ ਨਾਲ ਕਿਵੇਂ ਸਰਹੱਦ ਪਾਰ ਕਰ ਕੇ ਭਾਰਤ ‘ਚ ਆ ਜਾਂਦੇ ਹਨ। ਇਨ੍ਹਾਂ ਫ਼ਿਲਮਾਂ ‘ਚ ਇਹ ਵੀ ਦਿਖਾਉਣ ਦਾ ਯਤਨ ਕੀਤਾ ਗਿਆ ਹੈ ਕਿ ਦੋਹਾਂ ਦੇਸ਼ਾਂ ਦੇ ਲੋਕਾਂ (ਭਾਰਤੀ ਤੇ ਪਾਕਿਸਤਾਨੀ ਪੰਜਾਬ) ਦਾ ਸਭਿਆਚਾਰ ਅਤੇ ਬੋਲਚਾਲ ਕਾਫ਼ੀ ਮਿਲਦੀ-ਜੁਲਦੀ ਹੈ। ਜੇਲ੍ਹਾਂ ‘ਚ ਬੰਦ ਪਾਕਿਸਤਾਨੀ ਕੈਦੀ ਜੋ ਰਾਸਤਾ ਭੱਟਕ ਕੇ ਭਾਰਤ ਆ ਜਾਂਦੇ ਹਨ ਤੇ ਫ਼ਿਰ ਉਨ੍ਹਾਂ ਨਾਲ ਕੀਤੇ ਜਾਂਦੇ ਵਿਹਾਰ ਨੂੰ ਵਿਖਾਇਆ ਗਿਆ ਹੈ। ਇਨ੍ਹਾਂ ਫ਼ਿਲਮਾਂ ਨੇ ਭਾਰਤ ‘ਚ ਚੰਗੀ ਕਮਾਈ ਕੀਤੀ। ਇਸ ਦੇ ਨਾਲ ਹੀ ਭਾਰਤੀ ਫ਼ਿਲਮ ਬਜਰੰਗੀ ਭਾਈਜਾਨ ਅਤੇ ਵੀਰਜ਼ਾਰਾ ਨੇ ਵੀ ਪਾਕਿ ‘ਚ ਚੰਗੀ ਕਮਾਈ ਕੀਤੀ ਸੀ।
ਮੀਲ ਪੱਥਰ ਸਾਬਤ ਹੋਏ ਨਾਵਲ
ਫ਼ਿਲਮਾਂ ਅਤੇ ਫ਼ਿਲਮ ਨਿਰਮਾਤਾ ਹੀ ਨਹੀਂ ਬਲਕਿ ਸਮੇਂ-ਸਮੇਂ ‘ਤੇ ਸਾਹਿਤਕਾਰਾਂ ਨੇ ਵੀ ਆਪਣੀ ਲੇਖਣੀ ਨਾਲ ਕਿਤਾਬਾਂ ਦੇ ਪੰਨਿਆਂ ‘ਤੇ ਦੁਨੀਆ ਦੀ ਸਭ ਤੋਂ ਵੱਡੀ ਤਬਦੀਲੀ ਅਤੇ ਇਸ ਦੌਰਾਨ ਹੋਈ ਫ਼ਿਰਕੂ ਹਿੰਸਾ ਅਤੇ ਉਸ ਤੋਂ ਪ੍ਰਭਾਵਿਤ ਲੋਕਾਂ ਦੇ ਦਰਦ ਨੂੰ ਸ਼ਬਦਾਂ ‘ਚ ਪਰੋਇਆ ਹੈ। ਇਨ੍ਹਾਂ ਲੇਖਕਾਂ ‘ਚ ਸਆਦਤ ਹਸਨ ਮੰਟੋ, ਅੰਮ੍ਰਿਤਾ ਪ੍ਰੀਤਮ, ਖ਼ੁਸ਼ਵੰਤ ਸਿੰਘ ਦੇ ਨਾਮ ਪ੍ਰਮੁੱਖ ਹਨ। ਦੇਸ਼ ਦੀ ਵੰਡ ਦਾ ਦਰਦ ਖ਼ੁਦ ਪ੍ਰਸਿੱਧ ਸ਼ਾਇਰ ਗ਼ੁਲਜ਼ਾਰ ਅਤੇ ਮਨੋਜ ਕੁਮਾਰ ਵਰਗੇ ਅਦਾਕਾਰ ਝੱਲ ਚੁੱਕੇ ਹਨ।
ਅੰਮ੍ਰਿਤਾ ਪ੍ਰੀਤਮ ਅਤੇ ਖ਼ੁਸ਼ਵੰਤ ਸਿੰਘ ਦਾ ਲਿਖਿਆ ਨਾਵਲ ਪਿੰਜਰ ਅਤੇ ਟ੍ਰੇਨ ਟੂ ਪਾਕਿਸਤਾਨ ਚਰਚਿਤ ਰਹੇ ਹਨ। ਮੰਟੋ ਨੇ ਵੀ ਭਾਰਤ-ਪਾਕਿ ਵੰਡ ‘ਤੇ ਦਰਜਨਾਂ ਕਹਾਣੀਆਂ ਲਿਖੀਆਂ ਜਿਨ੍ਹਾਂ ‘ਚ ਭਾਰਤ ਵੰਡ ਦੇ ਦਰਦ ਨੂੰ ਸਾਫ਼ ਮਹਿਸੂਸ ਕੀਤਾ ਜਾ ਸਕਦਾ ਹੈ। ਉਸ ਦੀਆਂ ਕਹਾਣੀਆਂ ‘ਚ ਟੋਬਾ ਟੇਕ ਸਿੰਘ ਅਤੇ ਠੰਡਾ ਗੋਸ਼ਤ ਵਧੇਰੇ ਪ੍ਰਸਿੱਧ ਹੋਈਆਂ।
ਇਹ ਗੱਲ ਵੱਖ ਹੈ ਕਿ ਪਾਕਿਸਤਾਨੀ ਸਰਕਾਰ ਅੱਗੇ-ਪਿੱਛੇ ਭਾਰਤੀ ਫ਼ਿਲਮਾਂ ਨੂੰ ਪਾਕਿਸਤਾਨ ‘ਚ ਰਿਲੀਜ਼ ਕਰਨ ‘ਤੇ ਰੋਕ ਲਗਾਉਂਦੀ ਹਿੰਦੀ ਹੈ। ਫ਼ਿਰ ਵੀ, ਉੱਥੇ ਸ਼ਾਹਰੁਖ਼ ਖ਼ਾਨ, ਆਮਿਰ ਖ਼ਾਨ ਅਤੇ ਸਲਮਾਨ ਖ਼ਾਨ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਭਾਰਤੀ ਫ਼ਿਲਮਾਂ ਅਤੇ ਉਨ੍ਹਾਂ ਵਿਚਲੇ ਅਦਾਕਾਰਾਂ ਦੀ ਦੀਵਾਨਗੀ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਦਸੰਬਰ ਦੇ ਅਖ਼ੀਰਲੇ ਹਫ਼ਤੇ ਪਾਕਿਸਤਾਨੀ ਕੈਦੀ ਨੂੰ ਕਰੀਬ ਸੱਤ ਸਾਲ ਬਾਅਦ ਰਿਹਾਈ ਮਿਲੀ ਕਿਉਂਕਿ ਉਹ ਸ਼ਾਹਰੁਖ਼ ਖ਼ਾਨ ਨੂੰ ਮਿਲਣ ਗ਼ੈਰ-ਕਾਨੂੰਨੀ ਤਾਰੀਕੇ ਨਾਲ ਸਰਹੱਦ ਪਾਰ ਕਰ ਕੇ ਭਾਰਤ ਆ ਗਿਆ ਸੀ, ਪਰ ਉਸ ਦੀ ਹਸਰਤ ਅਧੂਰੀ ਹੀ ਰਹੀ। ਫ਼ਿਰ ਵੀ ਉਸ ਦਾ ਸ਼ਾਹਰੁਖ਼ ਨੂੰ ਮਿਲਣ ਦਾ ਹੌਂਸਲਾ ਅਜੇ ਬੁਲੰਦ ਹੈ।
ਹਮੇਸ਼ਾ ਹਿੱਟ ਹੋਣਗੀਆਂ ਅਜਿਹੀਆਂ ਫ਼ਿਲਮਾਂ
ਪੰਜਾਬੀ ਫ਼ਿਲਮਾਂ ਦੇ ਨਿਰਮਾਤਾ, ਨਿਰਦੇਸ਼ਕ ਅਤੇ ਅਦਾਕਾਰ ਹਰਿੰਦਰ ਸੋਹਲ ਕਹਿੰਦੇ ਹਨ ਕਿ ਦੇਸ਼ ਵੰਡ ਇੱਕ ਬਹੁਤ ਵੱਡੀ ਭੁੱਲ ਸੀ। ਇਸ ‘ਚ ਦਸ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਆਪਣਾ ਸਭ ਕੁੱਝ ਛੱਡ ਇਧਰੋਂ-ਉਧਰ ਅਤੇ ਉਧਰੋਂ-ਇਧਰ ਆਉਣਾ ਪਿਆ। ਇਹੀ ਨਹੀਂ ਹਾਜ਼ਾਰਾਂ ਲੋਕਾਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣੇ ਪਏ ਸਨ।
ਇਸ ਤ੍ਰਾਸਦੀ ਨੂੰ ਨਵੀਂ ਪੀੜ੍ਹੀ ਸਿਰਫ਼ ਕਿਤਾਬਾਂ ‘ਚ ਹੀ ਪੜ੍ਹਦੀ ਹੈ, ਅਤੇ ਇਨ੍ਹਾਂ ਨੂੰ ਫ਼ਿਲਮਸਾਜ਼ ਪਰਦੇ ‘ਤੇ ਸਜੀਵ ਕਰਦੇ ਹਨ। ਇਹ ਇੱਕ ਅਜਿਹਾ ਵਿਸ਼ਾ ਹੈ ਜਿਸ ‘ਤੇ ਬਣੀਆਂ ਫ਼ਿਲਮਾਂ ਹਰ ਦੌਰ ‘ਚ ਸਫ਼ਲ ਹੋਣਗੀਆਂ। ਭਾਵੇਂ ਉਹ ਕਿਸੇ ਵੀ ਕਹਾਣੀ ‘ਤੇ ਬਣੀਆਂ ਹੋਣ। ਉਹ ਕਹਿੰਦੇ ਹਨ ਕਿ ਹਿੰਦੀ ਹੀ ਨਹੀਂ ਪੰਜਾਬੀ ਵਿੱਚ ਵੀ ਭਾਰਤ ਦੀ ਵੰਡ ‘ਤੇ ਤਕਰੀਬਨ ਦਸ ਸਾਲ ਪਹਿਲਾਂ ਫ਼ਿਲਮ ਵਾਹਗਾ ਬਣੀ ਸੀ। ਜ਼ਿਕਰਯੋਗ ਹੈ ਕਿ ਵਾਹਗਾ ਪਾਕਿਸਤਾਨ ‘ਚ ਸਥਿਤ ਇੱਕ ਛੋਟਾ ਜਿਹਾ ਪਿੰਡ ਹੈ ਅਤੇ ਭਾਰਤ ਦੀ ਅੰਤਰਰਾਸ਼ਟਰੀ ਸਰਹੱਦ ਦਾ ਨਾਂ ਵੀ ਪਹਿਲਾਂ ਵਾਹਗਾ ਹੀ ਸੀ ਜਿਸ ਨੂੰ ਹੁਣ ਅਟਾਰੀ ਬਾਰਡਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਸਭ ਤੋਂ ਵੱਧ ਸਫ਼ਲ ਰਹੀਆਂ ਫ਼ਿਲਮਾਂ
ਅਬ ਤੁਮ੍ਹਾਰੇ ਹਵਾਲੇ ਵਤਨ ਸਾਥੀਓ, ਲਕਸ਼, ਜੇਪੀ ਦੱਤਾ ਦੁਆਰਾ ਨਿਰਦੇਸ਼ਤ ਬੌਰਡਰ, ਕਾਰਗਿਲ, ਫ਼ੈਂਟਮ, ਹਿੰਦੁਸਤਾਨ ਕੀ ਕਸਮ (ਨਵੀਂ ਅਤੇ ਪੁਰਾਣੀ) ਅਤੇ ਦਾ ਹੀਰੋ ਸਫ਼ਲ ਫ਼ਿਲਮਾਂ ਰਹੀਆਂ। ਇਨ੍ਹਾਂ ਤੋਂ ਇਲਾਵਾ ਭਾਰਤੀ ਜਾਸੂਸਾਂ, ਜਿਨ੍ਹਾਂ ਨੇ ਭਾਰਤ ਦੀ ਸੁਰੱਖਿਆ ਲਈ ਲੰਬੇ ਸਮੇਂ ਤਕ ਪਾਕਿਸਤਾਨ ‘ਚ ਜਾਸੂਸੀ ਕੀਤੀ, ਦੀ ਜ਼ਿੰਦਗੀ ‘ਤੇ ਆਧਾਰਿਤ ਕੁੱਝ ਖ਼ਾਸ ਫ਼ਿਲਮਾਂ ਦੀ ਗੱਲ ਕਰੀਏ ਤਾਂ ਸਲਮਾਨ ਖ਼ਾਨ ਦੀ ਏਕ ਥਾ ਟਾਈਗਰ, ਟਾਈਗਰ ਜਿੰਦਾ ਹੈ ਅਤੇ ਪਿਛਲੇ ਸਾਲ ਰਿਲੀਜ਼ ਹੋਈ ਆਲੀਆ ਭੱਟ ਦੀ ਸੁਪਰਹਿੱਟ ਫ਼ਿਲਮ ਰਾਜ਼ੀ ਸ਼ਾਮਿਲ ਹਨ। ਜੇ ਇਨ੍ਹਾਂ ਫ਼ਿਲਮਾਂ ਦੀ ਕਮਾਈ ਦੀ ਗੱਲ ਕਰੀਏ ਤਾਂ ਗ਼ਦਰ ਨੇ ਓਦੋਂ 77 ਕਰੋੜ, ਦਾ ਹੀਰੋ ਨੇ 26 ਕਰੋੜ ਅਤੇ ਹਰਿੰਦਰ ਸਿੱਕਾ ਦੀ ਇੱਕ ਨਾਵਲ ਕਾਲਿੰਗ ਸਹਿਮਤ ‘ਤੇ ਬਣੀ ਫ਼ਿਲਮ ਰਾਜ਼ੀ, ਇਸ ਫ਼ਿਲਮ ਵਿੱਚ ਦਿਖਾਇਆ ਗਿਆ ਹੈ ਕਿ 1971 ਦੀ ਭਾਰਤ-ਪਾਕਿ ਜੰਗ ‘ਚ ਇੱਕ ਕੁੜੀ ਭਾਰਤ ਦੀ ਕਵਰ ਏਜੰਟ ਸੀ ਅਤੇ ਦੇਸ਼ ਲਈ ਉਹ ਕਿਵੇਂ ਪਾਕਿਸਤਾਨ ਦੀ ਜਾਸੂਸੀ ਕਰਦੀ ਹੈ। ਇਹ ਫ਼ਿਲਮ ਸਫ਼ਲਤਾ ਦੇ ਸਾਰੇ ਰਿਕਾਰਡ ਤੋੜਦੇ ਹੋਏ 122 ਕਰੋੜ ਦੀ ਕਮਾਈ ਕਰ ਗਈ। ਜੌਨ ਐਬਰਾਹਿਮ ਦੀ ਵੀ ਇੱਕ ਅਜਿਹੀ ਹੀ ਫ਼ਿਲਮ ਜਲਦ ਰਿਲੀਜ਼ ਹੋਵੇਗੀ ਜਿਸ ‘ਚ ਉਹ ਵੀ ਭਾਰਤ ਲਈ ਪਾਕਿਸਤਾਨ ਜਾ ਕੇ ਜਾਸੂਸੀ ਕਰਦਾ ਨਜ਼ਰ ਆਵੇਗਾ।