Image Courtesy :indiatvnews

ਰਾਂਚੀ – ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਹਾਲੀਆ ਰਿਪੋਰਟਾਂ ਮੁਤਾਬਿਕ, ਭਾਰਤੀ ਜਨਤਾ ਪਾਰਟੀ ਧੋਨੀ ਅਤੇ ਉਸ ਦੀ ਪਤਨੀ ਸਾਕਸ਼ੀ ਨੂੰ ਪਾਰਟੀ ਵਿੱਚ ਸ਼ਾਮਿਲ ਕਰਨ ‘ਤੇ ਵਿੱਚਾਰ ਕਰ ਰਹੀ ਹੈ। ਇਸ ਤੋਂ ਪਹਿਲਾਂ ਸਾਲ 2019 ਵਿੱਚ ਵੀ BJP ਨੇ ਚੋਣ ਪ੍ਰਚਾਰਕ ਦੇ ਰੂਪ ਵਿੱਚ ਧੋਨੀ ਨਾਲ ਗੱਲ ਕੀਤੀ ਸੀ, ਪਰ ਉਸ ਨੇ ਕਿਸੇ ਵੀ ਪਾਰਟੀ ਲਈ ਪ੍ਰਚਾਰ ਕਰਣ ਤੋਂ ਇਨਕਾਰ ਕਰ ਦਿੱਤਾ ਸੀ।
ਉਥੇ ਹੀ ਸੰਨਿਆਸ ਦੇ ਬਾਅਦ ਧੋਨੀ ਦੇ ਬਿਜ਼ਨਸ ਪਾਰਟਨਰ ਅਰੁਣ ਪੰਡਿਤ ਨੇ ਕਿਹਾ ਸੀ ਕਿ ਧੋਨੀ ਟੈਰੀਟੋਰੀਅਲ ਆਰਮੀ ਵਿੱਚ ਸਰਗਰਮ ਰਹੇਗਾ। ਅਜਿਹੇ ਵਿੱਚ ਹੋ ਸਕਦਾ ਹੈ ਕਿ ਭਾਜਪਾ ਸਾਕਸ਼ੀ ਧੋਨੀ ਨੂੰ ਰਾਜਨੀਤੀ ਵਿੱਚ ਆਉਣ ਲਈ ਮਨਾ ਲਏ। ਰਿਪੋਰਟਾਂ ਮੁਤਾਬਿਕ, ਸਾਕਸ਼ੀ ਨੂੰ 2024 ਆਮ ਲੋਕ ਸਭਾ ਚੋਣਾਂ ਵਿੱਚ ਰਾਂਚੀ ਤੋਂ ਟਿਕਟ ਦੀ ਪੇਸ਼ਕਸ਼ ਵੀ ਕੀਤੀ ਜਾ ਸਕਦੀ ਹੈ। ਫ਼ਿਲਹਾਲ ਇਹ ਸਿਰਫ਼ ਅਟਕਲਾਂ ਹੀ ਹਨ, ਅਤੇ ਇਸ ਬਾਰੇ ਕਿਸੇ ਵੀ ਪ੍ਰਕਾਰ ਦੀ ਪੁਖ਼ਤਾ ਜਾਣਕਾਰੀ ਨਹੀਂ ਅਤੇ ਨਾ ਹੀ ਧੋਨੀ ਜਾਂ ਉਸ ਦੇ ਮੈਨੇਜਰ ਵਲੋਂ ਇਸ ‘ਤੇ ਕੁੱਝ ਕਿਹਾ ਗਿਆ ਹੈ।
ਧਿਆਨਦੇਣ ਯੋਗ ਹੈ ਕਿ ਪਹਿਲਾਂ ਵੀ ਕਈ ਖਿਡਾਰੀ ਭਾਜਪਾ ਵਿੱਚ ਸ਼ਾਮਿਲ ਹੋ ਚੁੱਕੇ ਹਨ ਜਿਨ੍ਹਾਂ ਵਿੱਚ ਕ੍ਰਿਕਟਰ ਗੌਤਮ ਗੰਭੀਰ, ਨਵਜੋਤ ਸਿੰਘ ਸਿੱਧੂ (ਸਾਬਕਾ), ਸੁਰਗਵਾਸੀ ਕ੍ਰਿਕਕਟਰ ਚੇਤਨ ਚੁਹਾਨ, ਓਲੰਪਿਕਸ :ਤਮਗਾ ਜੇਤੂ ਰਾਜਵਰਧਨ ਸਿੰਘ ਰਾਠੌੜ, ਓਲੰਪਿਕਸ ਮੈਡਲਿਸਟ ਯੋਗੇਸ਼ਵਰ ਦੱਤ, ਕੌਮਨਵੈੱਲਥ ਗੇਮਜ਼ ਵਿੱਚ ਤਮਗ਼ਾ ਜਿੱਤਣ ਵਾਲੀ ਬਬੀਤਾ ਫ਼ੋਗਾਟ, ਓਲੰਪਿਕਸ ਤਮਗ਼ਾ ਜਿੱਤਣ ਵਾਲੀ ਪਹਿਲੀ ਭਾਰਤੀ ਸ਼ਟਲਰ ਸਾਈਨਾ ਨੇਹਵਾਲ, ਆਦਿ ਸ਼ਾਮਿਲ ਹਨ।