Image Courtesy :jagbani(punjabkesar)

ਜਲੰਧਰ — ਜਲੰਧਰ ਜ਼ਿਲ੍ਹੇ ‘ਚ ਕੋਰੋਨਾ ਵਾਇਰਸ ਦਾ ਕਹਿਰ ਅਜੇ ਵੀ ਘਟਦਾ ਦਿਖਾਈ ਨਹੀਂ ਦੇ ਰਿਹਾ ਹੈ। ਸ਼ੁੱਕਰਵਾਰ ਨੂੰ ਦਿਨ ਚੜ੍ਹਦਿਆਂ ਹੀ ਜਿੱਥੇ 88 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ, ਉਥੇ ਹੀ 2 ਵਿਅਕਤੀਆਂ ਦੀ ਕੋਰੋਨਾ ਕਾਰਨ ਮੌਤ ਹੋਣ ਦੀ ਵੀ ਖਬਰ ਮਿਲੀ ਹੈ। ਮਰਨ ਵਾਲੇ ਦੀ ਪਛਾਣ ਸਥਾਨਕ ਟਾਂਡਾ ਰੋਡ ਵਾਸੀ 78 ਸਾਲਾ ਅਵਤਾਰ ਸਿੰਘ ਵਜੋਂ ਹੋਈ ਹੈ, ਜੋਕਿ ਕੋਰੋਨਾ ਪੀੜਤ ਸੀ। ਇਸ ਦੇ ਇਲਾਵਾ ਇਕ 64 ਸਾਲਾ ਕੋਰੋਨਾ ਪੀੜਤ ਬੀਬੀ ਨੇ ਨਿੱਜੀ ਹਸਪਤਾਲ ‘ਚ ਇਲਾਜ ਅਧੀਨ ਦਮ ਤੋੜ ਦਿੱਤਾ। ਅੱਜ ਦੇ ਮਿਲੇ ਪਾਜ਼ੇਟਿਵ ਕੇਸਾਂ ਨੂੰ ਮਿਲਾ ਕੇ ਜਲੰਧਰ ਜ਼ਿਲ੍ਹੇ ‘ਚ ਪੀੜਤਾਂ ਦਾ ਅੰਕੜਾ 5974 ਤੱਕ ਪਹੁੰਚ ਗਿਆ ਹੈ। ਪਾਜ਼ੇਟਿਵ ਪਾਏ ਗਏ ਕੇਸਾਂ ‘ਚ ਨਗਰ ਕੌਂਸਲ ਨੂਰਮਹਿਲ ਦੇ 3 ਕਾਮੇ ਅਤੇ ਬਲਿਊ ਡਾਟ ਦਾ ਇਕ ਸਟਾਫ਼ ਮੈਂਬਰ ਵੀ ਸ਼ਾਮਲ ਹੈ।
ਇਥੇ ਦੱਸਣਯੋਗ ਹੈ ਕਿ ਜਲੰਧਰ ਜ਼ਿਲ੍ਹੇ ‘ਚੋਂ ਰੋਜ਼ਾਨਾ ਵੱਡੀ ਗਿਣਤੀ ‘ਚ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਕਾਰਨ ਜਿੱਥੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ, ਉਥੇ ਹੀ ਸਿਹਤ ਮਹਿਕਮੇ ਲਈ ਵੀ ਇਹ ਇਕ ਚਿੰਤਾ ਦਾ ਵਿਸ਼ਾ ਹੈ। ਬੀਤੇ ਦਿਨ ਜਲੰਧਰ ਜ਼ਿਲ੍ਹੇ ‘ਚੋਂ 197 ਕੇਸ ਪਾਜ਼ੇਟਿਵ ਪਾਏ ਗਏ ਸਨ।
ਸਿਰਫ 616 ਲੋਕਾਂ ਦੇ ਸੈਂਪਲ ਲੈ ਸਕਿਆ ਸਿਹਤ ਮਹਿਕਮਾ
ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਮੇਂ-ਸਮੇਂ ‘ਤੇ ਸਿਹਤ ਮਹਿਕਮੇ ਨੂੰ ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ ਕਿ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੇ ਜ਼ਿਆਦਾ ਤੋਂ ਜ਼ਿਆਦਾ ਸੈਂਪਲ ਲਏ ਜਾਣ ਤਾਂ ਕਿ ਇਸ ‘ਤੇ ਕਾਬੂ ਪਾਇਆ ਜਾ ਸਕੇ ਪਰ ਲੱਗਦਾ ਹੈ ਕਿ ਸਿਹਤ ਮਹਿਕਮੇ ਦੇ ਅਧਿਕਾਰੀਆਂ ਨੂੰ ਉਕਤ ਨਿਰਦੇਸ਼ਾਂ ਦੀ ਕੋਈ ਪ੍ਰਵਾਹ ਨਹੀਂ। ਵੀਰਵਾਰ ਨੂੰ ਸਿਹਤ ਵਿਭਾਗ ਵਲੋਂ ਕੋਰੋਨਾ ਸਬੰਧੀ ਪ੍ਰੈੱਸ ਨੋਟ ਦੇ ਨਾਂ ‘ਤੇ ਜੋ ਪਰਚੀ ਜਾਰੀ ਕੀਤੀ ਗਈ, ਉਸ ‘ਚ ਦਿੱਤੀ ਗਈ ਜਾਣਕਾਰੀ ਅਨੁਸਾਰ ਮਹਿਕਮੇ ਨੇ ਵੀਰਵਾਰ ਨੂੰ ਸਿਰਫ 616 ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਭੇਜੇ ਹਨ।
ਵੀਰਵਾਰ ਨੂੰ 944 ਦੀ ਰਿਪੋਰਟ ਆਈ ਸੀ ਨੈਗੇਟਿਵ ਤੇ 153 ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਵੀਰਵਾਰ ਨੂੰ 944 ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਸੀ ਅਤੇ ਇਲਾਜ ਅਧੀਨ ਮਰੀਜ਼ਾਂ ‘ਚੋਂ 153 ਨੂੰ ਛੁੱਟੀ ਮਿਲ ਗਈ।
ਕੁੱਲ ਸੈਂਪਲ- 65397
ਨੈਗੇਟਿਵ ਆਏ- 58481
ਪਾਜ਼ੇਟਿਵ ਆਏ- 5974
ਡਿਸਚਾਰਜ ਹੋਏ- 3755
ਮੌਤਾਂ- 152
ਐਕਟਿਵ ਕੇਸ- 1981
News Credit :jagbani(punjabkesar)