Image Courtesy :jagbani(punjabkesar)

ਬੌਲੀਵੁਡ ਵਿੱਚ ਕਲਾਕਾਰਾਂ ਕੋਲ ਪਲੈਨ 2 ਹਮੇਸ਼ਾਂ ਤਿਆਰ ਰਹਿੰਦਾ ਹੈ। ਅਦਾਕਾਰੀ ਦੇ ਨਾਲ ਨਾਲ ਜਾਂ ਫ਼ਿਰ ਅਦਾਕਾਰੀ ਤੋਂ ਅਲੱਗ ਉਹ ਜਾਂ ਤਾਂ ਨਿਰਦੇਸ਼ਨ ਦੀ ਕਮਾਨ ਸੰਭਾਲ ਲੈਂਦੇ ਹਨ ਜਾਂ ਫ਼ਿਰ ਕਿਸੇ ਪਾਰਟ ਟਾਈਮ ਜਾਂ ਫ਼ੁੱਲ ਟਾਈਮ ਬਿਜ਼ਨਸ ਦਾ ਰੁਖ਼ ਕਰ ਲੈਂਦੇ ਹਨ। ਫ਼ਿਰ ਗੱਲ ਚਾਹੇ ਸਫ਼ਲ ਅਦਾਕਾਰਾਂ ਦੀ ਹੋਵੇ ਜਾਂ ਫ਼ਲੌਪ ਕਲਾਕਾਰਾਂ ਦੀ, ਨਿਰਦੇਸ਼ਨ ਸਭ ਦੀ ਪਸੰਦ ਹੈ। ਅਦਾਕਾਰਾਂ ਲਈ ਨਿਰਦੇਸ਼ਨ ਦੀ ਵਾਗਡੋਰ ਸੰਭਾਲਣਾ ਕੋਈ ਨਵੀਂ ਗੱਲ ਨਹੀਂ। ਰਾਜ ਕਪੂਰ ਅਤੇ ਗੁਰੂਦੱਤ ਤੋਂ ਬਾਅਦ ਕਈ ਅਦਾਕਾਰ ਇਸ ਖੇਤਰ ਵਿੱਚ ਉਤਰੇ। ਤਿੰਨ ਸਾਲ ਪਹਿਲਾਂ ਅਭਿਨੇਤਾ ਅਜੇ ਦੇਵਗਨ ਨੇ ਫ਼ਿਲਮ ਸ਼ਿਵਾਏ ਵਿੱਚ ਨਿਰਦੇਸ਼ਨ ਦੀ ਕਮਾਨ ਸੰਭਾਲੀ ਸੀ। ਅਦਾਕਾਰ ਵੱਡਾ ਹੋਵੇ ਜਾਂ ਛੋਟਾ, ਫ਼ਿਲਮ ਨਿਰਦੇਸ਼ਨ ਵਿੱਚ ਸਭ ਹੱਥ ਅਜ਼ਮਾਉਣਾ ਚਾਹੁੰਦੇ ਹਨ, ਬਸ ਇੰਤਜ਼ਾਰ ਰਹਿੰਦਾ ਹੈ ਸਹੀ ਮੌਕੇ ਦਾ ਕਿਉਂਕਿ ਫ਼ਿਲਮਾਂ ਬਣਾਉਣਾ ਇੰਨਾ ਵੀ ਆਸਾਨ ਨਹੀਂ।
ਦੇਖਿਆ ਜਾਵੇ ਤਾਂ ਨਿਰਦੇਸ਼ਕ ਬਣਨ ਦਾ ਆਤਮਵਿਸ਼ਵਾਸ ਹਰ ਦੂਜੇ ਅਦਾਕਾਰ ਦੇ ਚਿਹਰੇ ‘ਤੇ ਨਜ਼ਰ ਆਉਂਦਾਹੈ ਹੈ। ਟਰੇਡ ਵਿਸ਼ਲੇਸ਼ਕ ਆਮੋਦ ਮਹਿਰਾ ਦੱਸਦੇ ਹਨ, ”ਅਸਲ ਵਿੱਚ ਪ੍ਰਤਿਭਾ ਘੱਟ ਅਤੇ ਜ਼ਿਆਦਾ ਸਾਰੇ ਅਦਾਕਾਰਾਂ ਵਿੱਚ ਹੁੰਦੀ ਹੈ, ਅਤੇ ਇਸ ਵਿੱਚ ਜੋ ਵੀ ਜ਼ਿਆਦਾ ਸਫ਼ਲ ਹੋ ਜਾਂਦਾ ਹੈ ਉਹ ਇੱਕ ਵਾਰ ਤਾਂ ਇਸ ਕਿੱਤੇ ‘ਤੇ ਹੱਥ ਜ਼ਰੂਰ ਅਜ਼ਮਾਉਾਂਦਾਹੈ। ਅਜੇ ਦੇਵਗਨ ਹੀ ਨਹੀਂ ਨਿਰਦੇਸ਼ਨ ਦੀ ਇਹ ਚਿੰਗਾਰੀ ਕੰਗਨਾ ਦੇ ਨਾਲ ਹੀ ਅਨੁਸ਼ਕਾ ਸ਼ਰਮਾ, ਲਾਰਾ ਦੱਤਾ, ਪ੍ਰਿਯੰਕਾ ਚੋਪੜਾ, ਮਨੋਜ ਬਾਜਪਈ ਆਦਿ, ਕਈ ਅਦਾਕਾਰਾਂ ਅੰਦਰ ਦੱਬੀ ਹੋਈ ਹੈ। ਇਹ ਸਭ ਵੱਡੇ ਅਦਾਕਾਰ ਸਿਰਫ਼ ਸਮਾਂ ਅਤੇ ਸਹੀ ਮੌਕੇ ਦਾ ਇੰਤਜ਼ਾਰ ਕਰ ਰਹੇ ਹਨ।”
ਦੇਖਿਆ ਜਾਵੇ ਤਾਂ ਇਹ ਗੱਲ ਸਹੀ ਹੈ। ਅਜੇ ਦੇਵਗਨ ਵਰਗੇ ਵੱਡੇ ਸਟਾਰ ਨੂੰ ਵੀ ਯੂ ਮੀ ਔਰ ਹਮ ਤੋਂ ਬਾਅਦ ਦੁਬਾਰਾ ਨਿਰਦੇਸ਼ਨ ਦੀ ਵਾਗਡੋਰ ਸੰਭਾਲਣ ਲਈ ਕਈ ਸਾਲ ਦਾ ਸਮਾਂ ਲੱਗਾ। ਹੁਣ ਕੰਗਨਾ ਨੇ ਵੀ ਬਹੁਤ ਹਿੰਮਤ ਕਰ ਕੇ ਅਗਲਾ ਕਦਮ ਚੁੱਕਿਆ ਹੈ। ਕੰਗਨਾ ਮੰਨਦੀ ਹੈ ਕਿ ਮਣੀਕਰਣਿਕਾ ਦਾ ਵਿਸ਼ਾ ਜ਼ਿਆਦਾ ਉਸ ਦੇ ਮਨ ਮੁਤਾਬਿਕ ਨਹੀਂ ਸੀ। ਸ਼ਾਇਦ ਇਸ ਲਈ ਵੀ ਇਹ ਉਸ ਲਈ ਵੱਡੀ ਚੁਣੌਤੀ ਬਣ ਗਈ। ਉਹ ਦੱਸਦੀ ਹੈ ਮਣੀਕਰਣਿਕਾ ਤੋਂ ਉਸ ਨੂੰ ਬਹੁਤ ਉਮੀਦਾਂ ਸਨ, ਅਤੇ ਇਸ ਫ਼ਿਲਮ ਲਈ ਉਸ ਨੇ ਕੋਈ ਸਮਝੌਤਾ ਨਹੀਂ ਕੀਤਾ। ਇਸ ਫ਼ਿਲਮ ਲਈ ਉਸ ਨੂੰ ਇੱਕ ਖ਼ਾਸ ਦਿੱਖ, ਸਥਾਨ ਅਤੇ ਸਮੇਂ ਦੀ ਲੋੜ ਸੀ। ਇਸ ਲਈ ਇਸ ਦੌਰਾਨ ਉਸ ਨੇ ਕੋਈ ਫ਼ਿਲਮ ਵੀ ਸਾਈਨ ਨਹੀਂ ਕੀਤੀ। ਕੰਗਨਾ ਦਾ ਮੰਨਣਾ ਹੈ ਕਿ ਲਕਸ਼ਮੀ ਬਾਈ ਦੇ ਆਦਰਸ਼ ਹਰ ਔਰਤ ਅੰਦਰ ਹਨ। ਲਕਸ਼ਮੀ ਬਾਈ ਸਭ ਔਰਤਾਂ ਨੂੰ ਕੁੱਝ ਨਵਾਂ ਕਰਨ ਦੀ ਤਾਕਤ ਦਿੰਦੀ ਹੈ। ਕੰਗਨਾ ਨੇ ਕਿਹਾ, ”ਇਹੀ ਕਾਰਨ ਸੀ ਕਿ ਇੱਕ ਵਾਰ ਜਦੋਂ ਇਸ ਫ਼ਿਲਮ ਨੂੰ ਬਣਾਉਣ ਦੀ ਠਾਣੀ ਤਾਂ ਫ਼ਿਰ ਮੈਨੂੰ ਕਿਸੇ ਰੁਕਾਵਟ ਦਾ ਸਾਹਮਣਾ ਨਹੀਂ ਕਰਨਾ ਪਿਆ।”
ਫ਼ਿਲਹਾਲ ਤਾਂ ਉਸ ਦੀਆਂ ਕੋਸ਼ਿਸ਼ਾਂ ਦੀ ਤਾਰੀਫ਼ ਹੋ ਰਹੀ ਹੈ ਅਤੇ ਹੁਣ ਤਕ ਦਾ ਇਤਿਹਾਸ ਇਹ ਰਿਹਾ ਹੈ ਕਿ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਖ਼ੂਬ ਰੰਗ ਵੀ ਲਿਆਈਆਂ ਹਨ। ਕੰਗਨਾ ਨੇ ਆਪਣੇ ਅਦਾਕਾਰੀ ਦੇ ਕਰੀਅਰ ਦੀ ਸ਼ੁਰੂਆਤ ਤੋਂ ਹੀ ਨਿਰਦੇਸ਼ਕ ਬਣਨ ਦਾ ਸੁਪਨਾ ਬੁਣਿਆ ਸੀ। ਉਸ ਨੂੰ ਸਿਰਫ਼ ਸਹੀ ਮੌਕੇ ਦੀ ਤਲਾਸ਼ ਸੀ। ਅਮਰੀਕਾ ਦੇ ਫ਼ਿਲਮ ਇੰਸਟੀਚਿਊਟ ਤੋਂ ਪਟਕਥਾ ਲੇਖਕ ਦਾ ਕੋਰਸ ਕਰ ਚੁੱਕੀ ਇਸ ਅਭਿਨੇਤਰੀ ਨੇ ਦੋ ਫ਼ਿਲਮਾਂ ਦੀ ਪਟਕਥਾ ਵੀ ਲਿਖੀ ਹੈ। ਕੰਗਨਾ ਦੱਸਦੀ ਹੈ, ”ਮੇਰੀ ਭੈਣ ਨੂੰ ਜਿਸ ਤਰ੍ਹਾਂ ਦੀ ਘਟਨਾ ਦਾ ਸਾਹਮਣਾ ਕਰਨਾ ਪਿਆ, ਅਤੇ ਉਹ ਕਿਸ ਤਰ੍ਹਾਂ ਉਸ ਘਟਨਾ ‘ਚੋਂ ਬਾਹਰ ਨਿਕਲੀ, ਇਹ ਫ਼ਿਲਮ ਉਸ ਸੱਚੀ ਘਟਨਾ ਤੋਂ ਹੀ ਪ੍ਰੇਰਿਤ ਹੋਏਗੀ। ਸਹੀ ਸਮੇਂ ‘ਤੇ ਮੈਂ ਇਸ ‘ਤੇ ਅੱਗੇ ਵਧਾਂਗੀ।”
ਪ੍ਰਿਯੰਕਾ ਚੋਪੜਾ ਨੇ ਭੋਜਪੁਰੀ ਫ਼ਿਲਮਾਂ ਦਾ ਨਿਰਮਾਣ ਤਾਂ ਸ਼ੁਰੂ ਕਰ ਹੀ ਦਿੱਤਾ ਹੈ, ਅਤੇ ਹੁਣ ਉਹ ਜਲਦੀ ਹੀ ਹਿੰਦੀ ਫ਼ਿਲਮ ਦਾ ਨਿਰਮਾਣ ਵੀ ਸ਼ੁਰੂ ਕਰੇਗੀ। ਚਰਚਾ ਹੈ ਕਿ ਉਹ ਜਲਦੀ ਹੀ ਆਪਣੇ ਨਿਰਮਾਣ ਵਾਲੀ ਕਿਸੇ ਫ਼ਿਲਮ ਦਾ ਨਿਰਦੇਸ਼ਨ ਵੀ ਕਰੇਗੀ। ਦੂਜੀ ਤਰਫ਼, ਪ੍ਰਿਯੰਕਾ ਦਾ ਕਹਿਣਾ ਹੈ ਕਿ ਉਹ ਨਿਰਦੇਸ਼ਨ ਕਰਨਾ ਚਾਹੁੰਦੀ ਹੈ, ਪਰ ਇਸ ਮਾਮਲੇ ਵਿੱਚ ਕੋਈ ਜਲਦਬਾਜ਼ੀ ਨਹੀਂ ਕਰਨਾ ਚਾਹੁੰਦੀ। ਅਜੇ ਤਾਂ ਉਹ ਆਪਣੇ ਬੈਨਰ ਨੂੰ ਸਥਾਪਿਤ ਕਰ ਰਹੀ ਹੈ। ਕੁੱਝ ਅਜਿਹਾ ਹੀ ਅਨੁਸ਼ਕਾ ਦਾ ਕਹਿਣਾ ਹੈ। ਉਹ ਕਹਿੰਦੀ ਹੈ ਕਿ ਅਜੇ ਤਾਂ ਉਹ ਬਾਹਰ ਦੇ ਨਿਰਦੇਸ਼ਕਾਂ ਨੂੰ ਲੈ ਕੇ ਆਪਣੇ ਬੈਨਰ ਨੂੰ ਅੱਗੇ ਵਧਾ ਰਹੀ ਹੈ, ਪਰ ਜਿਸ ਦਿਨ ਕੋਈ ਵਿਸ਼ਾ ਉਸ ਨੂੰ ਬਹੁਤ ਪਸੰਦ ਆ ਗਿਆ ਤਾਂ ਉਹ ਨਿਰਦੇਸ਼ਨ ਦੇ ਖੇਤਰ ਵਿੱਚ ਅੱਗੇ ਵਧੇਗੀ।
ਜਿੱਥੋਂ ਤਕ ਨਿਰਦੇਸ਼ਕ ਤੋਂ ਅਦਾਕਾਰ ਬਣਨ ਦੀ ਗੱਲ ਹੈ ਤਾਂ ਸਿਰਫ਼ ਫ਼ਰਹਾਨ ਅਖ਼ਤਰ ਨੇ ਹੀ ਸਭ ਨੂੰ ਪ੍ਰਭਾਵਿਤ ਕੀਤਾ ਹੈ। ਉਂਝ ਤਿਗਮਾਂਸ਼ੂ ਧੂਲੀਆ ਵੀ ਇੱਕ ਚੰਗੇ ਅਦਾਕਾਰ ਦੇ ਤੌਰ ‘ਤੇ ਸਾਹਮਣੇ ਆਇਆ ਹੈ, ਪਰ ਇਸ ਕਾਰਨ ਉਸ ਦਾ ਨਿਰਦੇਸ਼ਨ ਦਾ ਕੰਮ ਬਹੁਤ ਪ੍ਰਭਾਵਿਤ ਹੋਣ ਲੱਗਿਆ ਹੈ। ਜਿੱਥੋਂ ਤਕ ਅਨੁਰਾਗ ਕਸ਼ਿਅਪ, ਸੁਧੀਰ ਮਿਸ਼ਰਾ, ਕਰਨ ਜੌਹਰ ਵਰਗੇ ਨਿਰਦੇਸ਼ਕਾਂ ਦਾ ਸੁਆਲ ਹੈ, ਇਨ੍ਹਾਂ ਨੂੰ ਦਰਸ਼ਕਾਂ ਨੇ ਜ਼ਿਆਦਾ ਪਸੰਦ ਨਹੀਂ ਕੀਤਾ। ਇਸ ਦ੍ਰਿਸ਼ਟੀ ਨਾਲ ਅਦਾਕਾਰ ਤੋਂ ਨਿਰਦੇਸ਼ਕ ਬਣੀਆਂ ਸ਼ਖ਼ਸੀਅਤਾਂ ਨੂੰ ਬਹੁਤ ਜ਼ਿਆਦਾ ਨੰਬਰ ਮਿਲਦੇ ਹਨ। ਹੁਣ ਉਮੀਦ ਤਾਂ ਇਹੀ ਕੀਤੀ ਜਾਣੀ ਚਾਹੀਦੀ ਹੈ ਕਿ ਇਸ ਪ੍ਰੀਖਿਆ ਵਿੱਚ ਕੰਗਨਾ ਵੀ ਪਾਸ ਹੋਏਗੀ।
ਅਦਾਕਾਰ ਤੋਂ ਨਿਰਦੇਸ਼ਕ ਬਣੀ ਸ਼ਖ਼ਸੀਅਤ ਦੀ ਕੋਈ ਵੀ ਚਰਚਾ ਰਾਜ ਕਪੂਰ ਅਤੇ ਗੁਰੂਦੱਤ ਬਿਨਾਂ ਅਧੂਰੀ ਹੈ। ਨਿਰਦੇਸ਼ਕ ਰਾਜ ਕੁਮਾਰ ਹਿਰਾਨੀ ਕਹਿੰਦੇ ਹਨ, ”ਗੁਰੂਦੱਤ ਅਤੇ ਰਾਜ ਕਪੂਰ ਫ਼ਿਲਮੀ ਖੇਤਰ ਦੇ ਦੋ ਨਾਯਾਬ ਨਿਰਦੇਸ਼ਕ ਹਨ। ਮੈਂ ਹੀ ਨਹੀਂ ਆਉਣ ਵਾਲੀਆਂ ਪੀੜ੍ਹੀਆਂ ਵੀ ਜੇਕਰ ਉਨ੍ਹਾਂ ਦੀ ਵਡਮੁੱਲੀ ਨਿਰਦੇਸ਼ਨ ਪ੍ਰਤਿਭਾ ਤੋਂ ਕੁੱਝ ਸਿੱਖਣਗੀਆਂ ਤਾਂ ਇਹ ਸਾਡੀਆਂ ਫ਼ਿਲਮਾਂ ਲਈ ਇੱਕ ਸ਼ੁਭ ਸੰਕੇਤ ਹੋਏਗਾ।” ਸੱਚ ਤਾਂ ਇਹ ਹੈ ਕਿ ਉਹ ਅਦਾਕਾਰ ਤੋਂ ਬਣੇ ਦੋ ਅਜਿਹੇ ਨਿਰਦੇਸ਼ਕ ਸਨ ਜਿਨ੍ਹਾਂ ਨੂੰ ਆਪਣੀ ਅਦਾਕਾਰੀ ਤੋਂ ਜ਼ਿਆਦਾ ਨਿਰਦੇਸ਼ਨ ਲਈ ਸਰਾਹਿਆ ਗਿਆ। ਇਨ੍ਹਾਂ ਨੂੰ ਪਹਿਲਾਂ ਨਿਰਦੇਸ਼ਕ ਸਮਝਿਆ ਗਿਆ, ਫ਼ਿਰ ਐਕਟਰ। ਉਨ੍ਹਾਂ ਤੋਂ ਇਲਾਵਾ ਮਨੋਜ ਕੁਮਾਰ, ਸੁਭਾਸ਼ ਘਈ, ਫ਼ਿਰੋਜ਼ ਖ਼ਾਨ, ਸੁਨੀਲ ਦੱਤ, ਦੇਵ ਆਨੰਦ, ਆਦਿ ਕਈ ਅਜਿਹੇ ਅਦਾਕਾਰ ਹਨ ਜਿਨ੍ਹਾਂ ਨੇ ਨਿਰਦੇਸ਼ਨ ਦੇ ਖੇਤਰ ਵਿੱਚ ਵੀ ਆਪਣੀ ਇੱਕ ਖ਼ਾਸ ਪਛਾਣ ਬਣਾਈ।
ਦੂਜੇ ਪਾਸੇ, ਇਸ ਖੇਤਰ ਵਿੱਚ ਸ਼ਮੀ ਕਪੂਰ, ਸ਼ਸ਼ੀ ਕਪੂਰ, ਸੰਜੇ ਖ਼ਾਨ, ਅਸਰਾਨੀ, ਮਹਿਮੂਦ, ਸਨੀ ਦਿਓਲ, ਆਦਿ ਕਈ ਅਦਾਕਾਰਾਂ ਨੇ ਵੀ ਕੋਸ਼ਿਸ਼ ਕੀਤੀ, ਪਰ ਉਹ ਅਸਫ਼ਲ ਰਹੇ। ਇਸ ਵਰਗ ਵਿੱਚ ਮਹਿਲਾ ਨਿਰਦੇਸ਼ਕਾਂ ਦਾ ਨਾਂ ਆਉਣਾ ਵੀ ਜ਼ਰੂਰੀ ਹੈ। ਸਾਧਨਾ, ਹੇਮਾ ਮਾਲਿਨੀ, ਅਪਰਣਾ ਸੇਨ, ਆਦਿ ਕਈ ਅਭਿਨੇਤਰੀਆਂ ਨੇ ਨਿਰਦੇਸ਼ਕ ਦੇ ਖੇਤਰ ਵਿੱਚ ਚੰਗੀ ਕੋਸ਼ਿਸ਼ ਕੀਤੀ, ਪਰ ਅੰਤਰਰਾਸ਼ਟਰੀ ਪੱਧਰ ‘ਤੇ ਸਿਰਫ਼ ਅਪਰਣਾ ਸੇਨ ਨੇ ਹੀ ਭਾਰਤ ਦਾ ਨਾਮ ਰੌਸ਼ਨ ਕੀਤਾ। ਜੇਕਰ ਤੁਲਨਾ ਕਰੀਏ ਤਾਂ ਦੇਵ ਆਨੰਦ, ਸੁਨੀਲ ਦੱਤ ਅਤੇ ਮਨੋਜ ਕੁਮਾਰ ਵਿੱਚ ਮਨੋਜ ਕੁਮਾਰ ਹੀ ਇਕਲੌਤਾ ਅਜਿਹਾ ਨਿਰਦੇਸ਼ਕ ਰਿਹਾ ਹੈ ਜਿਸ ਨੇ ਨਿਰਦੇਸ਼ਨ ਵਿੱਚ ਆਪਣਾ ਝੰਡਾ ਲਹਿਰਾਇਆ। ਬੇਹੱਦ ਜ਼ਹੀਨ ਮਨੋਜ ਕੁਮਾਰ ਨੂੰ ਲਿਖਣ ਦਾ ਸ਼ੌਕ ਸ਼ੁਰੂ ਤੋਂ ਹੀ ਸੀ, ਪਰ 1964 ਦੀ ਫ਼ਿਲਮ ਸ਼ਹੀਦ ਵਿੱਚ ਉਸ ਦੀ ਯੋਗਤਾ ਖੁੱਲ੍ਹ ਕੇ ਸਾਹਮਣੇ ਆਈ। ਫ਼ਿਰ 1967 ਦੀ ਫ਼ਿਲਮ ਉਪਕਾਰ ਤੋਂ ਉਹ ਪੂਰੇ ਸਮੇਂ ਵਾਲਾ ਨਿਰਦੇਸ਼ਕ ਬਣ ਗਿਆ। ਉਸ ਦੀਆਂ ਪੂਰਬ ਪਸ਼ਚਿਮ, ਰੋਟੀ, ਕੱਪੜਾ ਔਰ ਮਕਾਨ, ਕ੍ਰਾਂਤੀ ਵਰਗੀਆਂ ਫ਼ਿਲਮਾਂ ਨੇ ਉਸ ਨੂੰ ਦਿੱਗਜ ਨਿਰਦੇਸ਼ਕਾਂ ਦੀ ਸੂਚੀ ਵਿੱਚ ਲਿਆਂਦਾ।