Image Courtesy :jagbani(punjabkesar)

ਦੁਬਈ – IPL ਟੀਮ ਚੇਨੱਈ ਸੁਪਰ ਕਿੰਗਜ਼ ਦੇ ਸਾਰੇ ਮੈਂਬਰਾਂ ਦੇ ਦੋ ਵਾਧੂ ਕੋਰੋਨਾ ਟੈੱਸਟਾਂ ਵਿਚੋਂ ਸੋਮਵਾਰ ਨੂੰ ਕੀਤੇ ਗਏ ਪਹਿਲੇ ਟੈੱਸਟ ਦੇ ਨਤੀਜੇ ਨੈਗੇਟਿਵ ਆਏ ਹਨ ਅਤੇ ਟੀਮ 4 ਸਤੰਬਰ ਤੋਂ ਆਪਣਾ ਅਭਿਆਸ ਸ਼ੁਰੂ ਕਰ ਸਕਦੀ ਹੈ। IPL ਦਾ 13ਵਾਂ ਸੈਸ਼ਨ UAE ਵਿੱਚ 19 ਸਤੰਬਰ ਤੋਂ ਸ਼ੁਰੂ ਹੋਣਾ ਹੈ। ਚੇਨੱਈ ਟੀਮ ਦੇ ਦੋ ਖਿਡਾਰੀਆਂ ਸਮੇਤ 13 ਮੈਂਬਰ ਹਾਲ ਹੀ ਵਿੱਚ ਪੌਜ਼ੇਟਿਵ ਪਾਏ ਗਏ ਸਨ ਅਤੇ ਉਨ੍ਹਾਂ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ। ਟੀਮ ਦਾ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲਾ ਅਭਿਆਸ ਕੈਂਪ 1 ਸਤੰਬਰ ਤਕ ਲਈ ਮੁਲਤਵੀ ਕਰ ਦਿੱਤਾ ਗਿਆ ਸੀ। IPL ਦੀਆਂ ਹੋਰ ਸਾਰੀਆਂ ਟੀਮਾਂ ਆਪਣਾ ਅਭਿਆਸ ਸ਼ੁਰੂ ਕਰ ਚੁੱਕੀਆਂ ਹਨ ਅਤੇ ਸਿਰਫ਼ ਚੇਨੱਈ ਦਾ ਅਭਿਆਸ ਸ਼ੁਰੂ ਨਹੀਂ ਹੋਇਆ। ਵੈਸੇ ਟੂਰਨਾਮੈਂਟ ਵਿੱਚ ਹੁਣ ਕੁੱਝ ਦਿਨ ਹੀ ਰਹਿੰਦੇ ਹਨ ਅਤੇ ਅਜੇ ਤਕ ਇਸ ਦਾ ਪ੍ਰੋਗਰਾਮ ਦਾ ਵੀ ਐਲਾਨ ਨਹੀਂ ਹੋਇਆ। ਭਾਰਤੀ ਤੇਜ਼ ਗੇਂਦਬਾਜ਼ ਦੀਪਕ ਚਾਹਰ ਅਤੇ ਭਾਰਤ-A ਦਾ ਬੱਲੇਬਾਜ਼ ਰੁਤੂਰਾਜ ਗਾਇਕਵਾੜ ਉਨ੍ਹਾਂ 13 ਲੋਕਾਂ ਵਿੱਚ ਸ਼ਾਮਿਲ ਹੈ ਜਿਹੜੇ ਕੋਵਿਡ-19 ਟੈੱਸਟ ਵਿੱਚ ਪੌਜ਼ੇਟਿਵ ਪਾਏ ਗਏ ਸਨ।
ਸੋਮਵਾਰ ਨੂੰ ਕੀਤੇ ਗਏ ਟੀਮ ਦੇ ਸਾਰੇ ਮੈਂਬਰਾਂ ਦੇ ਦੋ ਵਾਧੂ ਟੈੱਸਟਾਂ ਵਿੱਚੋਂ ਪਹਿਲੇ ਟੈੱਸਟ ਦਾ ਨਤੀਜਾ ਮੰਗਲਵਾਰ ਸਵੇਰੇ ਨੈਗੇਟਿਵ ਆਇਆ ਹੈ। ਦੂਜਾ ਟੈੱਸਟ 3 ਸਤੰਬਰ ਨੂੰ ਹੋਵੇਗਾ। ਜਿਹੜੇ ਖਿਡਾਰੀ ਤੇ ਮੈਂਬਰ ਪਹਿਲਾਂ ਪੌਜ਼ੇਟਿਵ ਪਾਏ ਗਏ ਸਨ, ਉਹ ਤਾਜ਼ਾ ਟੈੱਸਟਾਂ ਦਾ ਹਿੱਸਾ ਨਹੀਂ ਸਨ। ਪਹਿਲੇ ਪੌਜ਼ੇਟਿਵ ਪਾਏ ਗਏ 13 ਮੈਂਬਰਾਂ ਨੂੰ ਦੋ ਹਫ਼ਤੇ ਦੇ ਜ਼ਰੂਰੀ ਇਕਾਂਤਵਾਸ ਵਿੱਚੋਂ ਲੰਘਣ ਤੋਂ ਬਾਅਦ ਦੋ ਟੈੱਸਟਾਂ ਵਿਚੋਂ ਲੰਘਣਾ ਪਵੇਗਾ ਅਤੇ ਦੋਵੇਂ ਟੈੱਸਟਾਂ ਦਾ ਨਤੀਜਾ ਨੈਗੇਟਿਵ ਆਉਣ ਤੋਂ ਬਾਅਦ ਹੀ ਉਨ੍ਹਾਂ ਨੂੰ ਟੀਮ ਨਾਲ ਜੁੜਨ ਦੀ ਮਨਜ਼ੂਰੀ ਦਿੱਤੀ ਜਾਵੇਗੀ।