Image Courtesy :jagbani(punjabkesar)

ਨਵੀਂ ਦਿੱਲੀ – ਸੁਰੇਸ਼ ਰੈਨਾ ਬਾਰੇ ਕਿਹਾ ਗਿਆ ਹੈ ਕਿ ਉਹ ਨਿੱਜੀ ਕਾਰਣਾਂ ਤੋਂ ਇੰਡੀਅਨ ਪ੍ਰੀਮੀਅਰ ਲੀਗ (IPL) ਤੋਂ ਹਟਿਆ ਹੈ ਪਰ ਲੱਗਦਾ ਹੈ ਕਿ ਚੇਨਈ ਸੁਪਰ ਕਿੰਗਜ਼ ਨਾਲ ਉਸ ਦਾ ਲੰਬਾ ਸਫ਼ਰ ਹੁਣ ਖ਼ਤਮ ਹੋ ਚੁੱਕਾ ਹੈ ਕਿਉਂਕਿ ਇਹ ਫ਼੍ਰੈਂਚਾਈਜ਼ੀ 2021 ਸੈਸ਼ਨ ਤੋਂ ਪਹਿਲਾਂ ਉਸ ਨਾਲੋਂ ਆਪਣਾ ਨਾਤਾ ਤੋੜ ਸਕਦੀ ਹੈ। ਚੇਨੱਈ ਦੀ ਟੀਮ ਵਿੱਚ ਕੋਵਿਡ-19 ਦੇ 13 ਮਾਮਲੇ ਪਾਏ ਗਏ ਹਨ ਜਿਨ੍ਹਾਂ ਵਿੱਚ ਟੀਮ ਦੇ ਦੋ ਹੋਰ ਅਹਿਮ ਮੈਂਬਰ ਦੀਪਕ ਚਾਹਰ ਅਤੇ ਰੁਤੂਰਾਜ ਗਾਇਕਵਾੜ ਵੀ ਸ਼ਾਮਿਲ ਹਨ।
IPL ਸੂਤਰਾਂ ਅਨੁਸਾਰ, ਹਾਲ ਹੀ ਵਿੱਚ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਰੈਨਾ ਦੇ ਫ਼ੈਸਲੇ ਵਿੱਚ ਇਸ ਨੇ ਵੀ ਅਹਿਮ ਭੂਮਿਕਾ ਨਿਭਾਈ, ਪਰ ਹੁਣ ਪਤਾ ਲੱਗਾ ਹੈ ਕਿ ਟੀਮ ਮੈਨੇਜਮੈਂਟ ਇਕਾਂਤਵਾਸ ਦੌਰਾਨ ਇਸ 32 ਸਾਲਾ ਖਿਡਾਰੀ ਦੇ ਰਵੱਈਏ ਤੋਂ ਖੁਸ਼ ਨਹੀਂ ਸੀ ਜਿਸ ਤੋਂ CSK ਦੇ ਮਾਲਕ ਅਤੇ BCCI ਦੇ ਸਾਬਕਾ ਮੁਖੀ ਐੱਨ. ਸ਼੍ਰੀਨਿਵਾਸਨ ਵੀ ਨਾਰਾਜ਼ ਸੀ। IPL ਸੂਤਰਾਂ ਨੇ ਕਿਹਾ, ”CSK ਦੇ ਨਿਯਮਾਂ ਅਨੁਸਾਰ ਕੋਚ, ਕਪਤਾਨ ਅਤੇ ਮੈਨੇਜਰ ਨੂੰ ਹੋਟਲ ਵਿੱਚ ਰਹਿਣ ਲਈ ਸੂਈਟਸ ਮਿਲਦੇ ਹਨ, ਪਰ ਟੀਮ ਜਿਸ ਵੀ ਹੋਟਲ ਵਿੱਚ ਰੁਕਦੀ ਹੈ, ਉਸ ਵਿੱਚ ਰੈਨਾ ਨੂੰ ਵੀ ਸੂਈਟ ਮਿਲਦਾ ਹੈ। ਗੱਲ ਸਿਰਫ਼ ਇੰਨੀ ਸੀ ਕਿ ਉਸ ਦੇ ਕਮਰੇ ਵਿੱਚ ਬੈਲਕਨੀ ਨਹੀਂ ਸੀ।” ਸੂਤਰ ਨੇ ਕਿਹਾ, ”ਇਹ ਮਾਮਲਾ ਸੀ ਪਰ ਮੈਨੂੰ ਨਹੀਂ ਲੱਗਦਾ ਕਿ ਇਹ ਵਾਪਸੀ (ਭਾਰਤ ਪਰਤਣ) ਲਈ ਵੱਡਾ ਕਾਰਣ ਸੀ। ਟੀਮ ਵਿੱਚ ਕੋਵਿਡ ਮਾਮਲਿਆਂ ਦੇ ਵਧਣ ਤੋਂ ਵੀ ਵੱਡਾ ਕੋਈ ਮਾਮਲਾ ਹੋ ਸਕਦਾ ਹੈ।”
ਉਸ ਨੇ ਕਿਹਾ ਕਿ ਸਥਿਤੀ ਨੂੰ ਦੇਖਦੇ ਹੋਏ ਰੈਨਾ ਅਪ੍ਰੈਲ 2021 ਤੋਂ ਸ਼ੁਰੂ ਹੋਣ ਵਾਲੇ ਅਗਲੇ IPL ਤੋਂ ਵੀ ਚੇਨੱਈ ਦੀ ਟੀਮ ਵਿੱਚੋਂ ਬਾਹਰ ਹੋ ਸਕਦਾ ਹੈ। ਕੀ ਰੈਨਾ ਦੇ ਇਸ ਸੈਸ਼ਨ ਵਿੱਚ ਵਾਪਸੀ ਦੀ ਸੰਭਾਵਨਾ ਹੈ ਜਿਸ ਨਾਲ ਹਾਲਾਤ ਬਦਲ ਸਕਦੇ ਹਨ, ਇਸ ‘ਤੇ ਸੂਤਰਾਂ ਨੇ ਕਿਹਾ, ”ਉਹ ਇਸ ਸੈਸ਼ਨ ਵਿੱਚ ਉਪਲਬਧ ਨਹੀਂ ਰਹੇਗਾ ਅਤੇ CSK ਨੇ ਜਿਹੜਾ ਅਧਿਕਾਰਿਕ ਬਿਆਨ ਜਾਰੀ ਕੀਤਾ ਹੈ, ਉਸ ਵਿੱਚ ਇਹ ਸਪੱਸ਼ਟ ਹੈ। ਕੁੱਝ ਅਜਿਹੀਆਂ ਗੱਲਾਂ ਹਨ, ਜਿਹੜੀਆਂ ਚੋਟੀ ਦੇ ਅਧਿਕਾਰੀਆਂ ਨੂੰ ਨਾਮਨਜ਼ੂਰ ਹਨ।”
ਉਨ੍ਹਾਂ ਕਿਹਾ, ”ਇਸਦੀ ਘੱਟ ਹੀ ਸੰਭਾਵਨਾ ਹੈ ਕਿ ਜਿਹੜਾ ਖਿਡਾਰੀ ਸੰਨਿਆਸ ਲੈ ਚੁੱਕਾ ਹੋਵੇ ਅਤੇ ਸੰਭਾਵਿਤ ਕਿਸੇ ਤਰ੍ਹਾਂ ਦੀ ਕ੍ਰਿਕਟ ਨਹੀਂ ਖੇਡੇਗਾ, ਉਹ CSK ਵਿੱਚ ਵਾਪਸੀ ਕਰੇ। ਉਹ ਵਾਪਸ ਨਿਲਾਮੀ ਵਿੱਚ ਸ਼ਾਮਿਲ ਹੋਵੇਗਾ ਅਤੇ ਕੋਈ ਵੀ ਟੀਮ ਉਸ ਨੂੰ ਲੈ ਕੇ ਸਕਦੀ ਹੈ।” CSK ਨੇ ਰੁਤੂਰਾਜ ‘ਤੇ ਵੱਡੀ ਬੋਲੀ ਲਾਈ ਸੀ, ਉਸ ਨੂੰ ਉਮੀਦ ਹੈ ਕਿ ਇਕਾਂਤਵਾਸ ਤੋਂ ਪਰਤਣ ਤੋਂ ਬਾਅਦ ਉਹ ਫ਼ਿੱਟ ਹੋਵੇਗਾ ਅਤੇ ਦੋ ਟੈੱਸਟਾਂ ਵਿੱਚ ਨੈਗੇਟਿਵ ਆਉਣ ਤੋਂ ਬਾਅਦ ਅਭਿਆਸ ਸੈਸ਼ਨ ਵਿੱਚ ਹਿੱਸਾ ਲੈ ਸਕੇਗਾ। IPL ਸੂਤਰਾਂ ਨੇ ਕਿਹਾ, ”CSK ਨੇ ਅਜੇ ਰੈਨਾ ਦੇ ਬਦਲੇ ਕਿਸੇ ਹੋਰ ਖਿਡਾਰੀ ਦੀ ਮੰਗ ਨਹੀਂ ਕੀਤੀ। ਇਸ ਮਾਮਲੇ ਵਿੱਚ ਰੈਨਾ ਦੀ ਮੁਆਫ਼ੀ ਨਾਲ ਖ਼ਾਸ ਅਸਰ ਨਹੀਂ ਪਵੇਗਾ ਕਿਉਂਕਿ ਟੀਮ ਭਵਿੱਖ ਦੇ ਬਾਰੇ ਵਿੱਚ ਸੋਚ ਰਹੀ ਹੈ।” ਰੈਨਾ ਨੇ CSK ਵਲੋਂ 164 ਮੈਚਾਂ ਵਿੱਚ ਸਭ ਤੋਂ ਵੱਧ 4,527 ਦੌੜਾਂ ਬਣਾਈਆਂ ਹਨ। IPL ਵਿੱਚ ਉਸ ਦੇ ਨਾਂ ‘ਤੇ 5, 368 ਦੌੜਾਂ ਦਰਜ ਹਨ ਅਤੇ ਉਹ ਇਸ T-20 ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਭਾਰਤੀ ਕਪਤਾਨ ਵਿਰਾਟ ਕੋਹਲੀ (5, 412) ਤੋਂ ਬਾਅਦ ਦੂਜੇ ਸਥਾਨ ‘ਤੇ ਹੈ।