ਬੌਲੀਵੁਡ ਅਦਾਕਾਰਾ ਤਾਪਸੀ ਪੰਨੂ ਅਤੇ ਸਾਊਥ ਅਦਾਕਾਰਾ ਲਕਸ਼ਮੀ ਮੰਚੂ ਨੇ ਰੀਆ ਚੱਕਰਵਰਤੀ ਖ਼ਿਲਾਫ਼ ਹੋਣ ਵਾਲੇ ਮੀਡੀਆ ਟ੍ਰਾਇਲ ਪ੍ਰਤੀ ਨਾਰਾਜ਼ਗੀ ਜਤਾਈ ਹੈ। ਰੀਆ ਚੱਕਰਵਰਤੀ ‘ਤੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਆਤਮ ਹੱਤਿਆ ਲਈ ਉਕਸਾਉਣ ਦਾ ਦੋਸ਼ ਹੈ। ਲਕਸ਼ਮੀ ਨੇ ਟਵੀਟ ‘ਤੇ ਇੱਕ ਨੋਟ ਲਿਖਿਆ ਸੀ ਜਿਸ ‘ਚ ਉਸ ਨੇ ਸੁਸ਼ਾਂਤ ਨੂੰ ਨਿਆਂ ਦਿਵਾਉਣ ਦੇ ਨਾਲ-ਨਾਲ ਰੀਆ ਦੇ ਨਿਆਂ ਦੀ ਵੀ ਮੰਗ ਕੀਤੀ। ਉਸ ਦੀ ਲੰਬੀ ਪੋਸਟ ਨੂੰ ਤਾਪਸੀ ਪੰਨੂ ਨੇ ਰੀ-ਟਵੀਟ ਕੀਤਾ ਅਤੇ ਮੀਡੀਆ ਟ੍ਰਾਇਲ ਨੂੰ ਲੈ ਕੇ ਇਤਰਾਜ਼ ਜਤਾਇਆ।
ਤਾਪਸੀ ਨੇ ਟਵੀਟ ‘ਚ ਕਿਹਾ, ”ਮੈਂ ਸੁਸ਼ਾਂਤ ਸਿੰਘ ਰਾਜਪੂਤ ਨੂੰ ਨਿੱਜੀ ਤੌਰ ‘ਤੇ ਨਹੀਂ ਸੀ ਜਾਣਦੀ ਅਤੇ ਨਾ ਹੀ ਰੀਆ ਨੂੰ ਜਾਣਦੀ ਹਾਂ ਪਰ ਇਹ ਜਾਣਦੀ ਹਾਂ ਕਿ ਕਿਸੇ ਨੂੰ ਦੋਸ਼ੀ ਸਾਬਿਤ ਕਰਨ ਲਈ ਨਿਆਂਪਾਲਿਕਾ ਤੋਂ ਅੱਗੇ ਨਿਕਲਣਾ ਕਿੰਨਾ ਗ਼ਲਤ ਹੈ। ਆਪਣੀ ਅਤੇ ਮ੍ਰਿਤਕ ਦੀ ਪਵਿੱਤਰਤਾ ਲਈ ਇਥੋਂ ਦੇ ਕਾਨੂੰਨ ‘ਤੇ ਭਰੋਸਾ ਰੱਖੋ।”
ਉਥੇ ਲਕਸ਼ਮੀ ਮੰਚੂ ਨੇ ਲਿਖਿਆ, ”ਇਸ ਬਾਰੇ ਬਹੁਤ ਸੋਚਿਆ ਕਿ ਕੀ ਮੈਨੂੰ ਬੋਲਣਾ ਚਾਹੀਦਾ ਹੈ ਜਾਂ ਨਹੀਂ। ਮੈਂ ਬਹੁਤ ਸਾਰੇ ਲੋਕਾਂ ਨੂੰ ਇਸ ਲਈ ਚੁੱਪ ਦੇਖਦੀ ਹਾਂ ਕਿਉਂਕਿ ਮੀਡੀਆ ਨੇ ਇੱਕ ਲੜਕੀ ਨੂੰ ਡਾਇਨ ਬਣਾ ਦਿੱਤਾ ਹੈ। ਮੈਨੂੰ ਸੱਚਾਈ ਦਾ ਪਤਾ ਨਹੀਂ ਹੈ ਅਤੇ ਮੈਂ ਸੱਚਾਈ ਜਾਣਨਾ ਚਾਹੁੰਦੀ ਹਾਂ ਅਤੇ ਮੈਨੂੰ ਉਮੀਦ ਹੈ ਕਿ ਸੱਚਾਈ ਸਭ ਤੋਂ ਈਮਾਨਦਾਰ ਤਰੀਕੇ ਨਾਲ ਸਾਹਮਣੇ ਆਵੇਗੀ। ਮੈਨੂੰ ਨਿਆਂਪਾਲਿਕਾ ਪ੍ਰਣਾਲੀ ਅਤੇ ਸੁਸ਼ਾਂਤ ਨੂੰ ਨਿਆਂ ਦਿਵਾਉਣ ‘ਚ ਸ਼ਾਮਿਲ ਸਾਰੀਆਂ ਏਜੰਸੀਆਂ ‘ਤੇ ਪੂਰਾ ਭਰੋਸਾ ਹੈ।”