Image Courtesy :jagbani(punjabkesar)

ਨਵੀਂ ਦਿੱਲੀ – IPL ਟੀਮ ਚੇਨੱਈ ਸੁਪਰ ਕਿੰਗਜ਼ ਦੇ ਸਟਾਰ ਬੱਲੇਬਾਜ਼ ਸੁਰੇਸ਼ ਰੈਨਾ ਦੇ ਅਚਾਨਕ ਦੁਬਈ ਤੋਂ ਵਾਪਿਸ ਆਉਣ ਪਿੱਛੇ ਪਹਿਲਾਂ ਨਿੱਜੀ ਕਾਰਣ ਦੱਸਿਆ ਜਾ ਰਿਹਾ ਸੀ, ਪਰ ਹੁਣ ਇਸ ਮਾਮਲੇ ਵਿੱਚ ਇੱਕ ਨਵਾਂ ਐਂਗਲ ਸਾਹਮਣੇ ਆ ਰਿਹਾ ਹੈ ਕਿ ਰੈਨਾ ਦੁਬਈ ਵਿੱਚ ਉਸ ਨੂੰ ਹੋਟਲ ਵਿੱਚ ਮਿਲੇ ਕਮਰੇ ਤੋਂ ਨਾਰਾਜ਼ ਸੀ, ਅਤੇ ਇਸ ਨੂੰ ਲੈ ਕੇ ਉਸ ਦੀ ਕਪਤਾਨ ਮਹਿੰਦਰ ਸਿੰਘ ਧੋਨੀ ਨਾਲ ਬਹਿਸਬਾਜ਼ੀ ਵੀ ਹੋ ਗਈ ਸੀ। ਰੈਨਾ ਦੇ ਅਚਾਨਕ ਵਤਨ ਪਰਤਣ ‘ਤੇ ਚੇਨਈ ਸੁਪਰ ਕਿੰਗਜ਼ (CSK) ਦੇ ਮਾਲਕ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਾਬਕਾ ਮੁਖੀ ਐੱਨ. ਸ਼੍ਰੀਨਿਵਾਸਨ ਨੇ ਵੀ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਹੈ ਕਿ ਰੈਨਾ ਦੁਬਈ ਪਹੁੰਚਣ ਤੋਂ ਬਾਅਦ ਤੋਂ ਹੀ ਵੱਖ-ਵੱਖ ਗੱਲਾਂ ਲਈ ਸ਼ਿਕਾਇਤ ਕਰਦਾ ਰਿਹਾ ਸੀ ਹਾਲਾਂਕਿ ਕਪਤਾਨ ਧੋਨੀ ਨੇ ਸ਼੍ਰੀਨਵਾਸਨ ਨੂੰ ਭਰੋਸਾ ਦਿਵਾਇਆ ਹੈ ਕਿ ਟੀਮ ਵਿੱਚ ਕੋਈ ਪਰੇਸ਼ਾਨੀ ਨਹੀਂ ਹੈ ਤੇ ਸਭ ਕੁੱਝ ਕੰਟਰੋਲ ਵਿੱਚ ਹੈ।
ਰੈਨਾ ਦੇ ਪਰਤਣ ਦੇ ਪਿੱਛੇ ਟੀਮ ਦੇ CEO ਕਾਸ਼ੀ ਵਿਸ਼ਵਨਾਥਨ ਨੇ ਵੀ ਟਵੀਟ ਕਰ ਕੇ ਪਰਤਣ ਨੂੰ ਨਿੱਜੀ ਕਾਰਣ ਦੱਸਿਆ ਸੀ, ਪਰ ਇਸ ਵਿਚਾਲੇ ਇਹ ਗੱਲ ਵੀ ਸਾਹਮਣੇ ਆਈ ਸੀ ਕਿ 19-20 ਅਗਸਤ ਦੀ ਰਾਤ ਨੂੰ ਪਠਾਨਕੋਟ ਦੇ ਥਰਿਆਲ ਪਿੰਡ ਵਿੱਚ ਜਿਸ ਸਰਕਾਰੀ ਠੇਕੇਦਾਰ ਦੀ ਹੱਤਿਆ ਕਰ ਕੇ ਘਰ ਵਿੱਚ ਲੁੱਟਮਾਰ ਕੀਤੀ ਗਈ ਸੀ, ਉਹ ਕ੍ਰਿਕਟਰ ਸੁਰੇਸ਼ ਰੈਨਾ ਦਾ ਫ਼ੁੱਫ਼ੜ ਅਸ਼ੋਕ ਕੁਮਾਰ (58) ਸੀ। ਰੈਨਾ ਨੂੰ ਇਸ ਪਰਿਵਾਰਿਕ ਲੋੜ ਕਾਰਣ ਵਤਨ ਪਰਤਣਾ ਪਿਆ।
ਇਸ ਵਿਚਾਲੇ ਇਹ ਖ਼ਬਰ ਵੀ ਆਈ ਕਿ ਰੈਨਾ ਨੇ ਕਿਹਾ ਹੈ ਕਿ ਉਸ ਲਈ ਬੱਚਿਆਂ ਦੀ ਸਿਹਤ ਸਭ ਤੋਂ ਵੱਡੀ ਪਹਿਲ ਹੈ ਅਤੇ CSK ਵਿੱਚ ਅਚਾਨਕ ਕੋਵਿਡ-19 ਪੌਜ਼ੇਟਿਵ ਕੇਸ ਆਉਣ ਤੋਂ ਬਾਅਦ ਉਹ ਥੋੜ੍ਹਾ ਘਬਰਾ ਗਿਆ ਸੀ ਅਤੇ ਉਸ ਨੇ ਵਤਨ ਪਰਤਣ ਦਾ ਫ਼ੈਸਲਾ ਕੀਤਾ, ਪਰ ਹੁਣ ਸਭ ਤੋਂ ਵੱਡਾ ਐਂਗਲ ਸਾਹਮਣੇ ਆ ਰਿਹਾ ਹੈ ਕਿ ਦੁਬਈ ਵਿੱਚ ਹੋਟਲ ਵਿੱਚ ਰੈਨਾ ਨੂੰ ਜਿਹੜਾ ਕਮਰਾ ਮਿਲਿਆ ਸੀ, ਉਸ ਵਿੱਚ ਬੈਲਕਨੀ ਨਹੀਂ ਸੀ ਜਦਕਿ ਕਪਤਾਨ ਧੋਨੀ ਨੂੰ ਬਾਲਕਾਨੀ ਵਾਲਾ ਕਮਰਾ ਦਿੱਤਾ ਗਿਆ ਸੀ। ਇਸ ਨੂੰ ਲੈ ਕੇ ਉਸ ਦੀ ਧੋਨੀ ਦੇ ਨਾਲ ਬਹਿਸਬਾਜ਼ੀ ਵੀ ਹੋਈ ਸੀ।