Image Courtesy :indiaeducation

ਬੌਲੀਵੁਡ ਵਿੱਚ ਸੀਕੁਅਲ ਅਤੇ ਰੀਮੇਕ ਬਣਾਉਣ ਦਾ ਰੁਝਾਨ ਜਾਰੀ ਹੈ। ਇੱਕ ਤੋਂ ਬਾਅਦ ਇੱਕ ਨਿਰਮਾਤਾ ਜਿਸ ਤਰ੍ਹਾਂ ਨਾਲ ਰੀਮੇਕਸ ਦਾ ਐਲਾਨ ਕਰ ਰਹੇ ਹਨ ਉਸ ਤੋਂ ਤਾਂ ਲੱਗਦਾ ਹੈ ਕਿ ਗਲੈਮਰ ਇੰਡਸਟਰੀ ਵਿੱਚ ਇੱਕ ਹੋੜ ਜਿਹੀ ਲੱਗੀ ਹੋਈ ਹੈ। ਹੁਣ ਤਕ ਟਿਕਟ ਖਿੜਕੀ ‘ਤੇ ਜ਼ਿਆਦਾਤਰ ਸੀਕੁਅਲ ਅਤੇ ਰੀਮੇਕ ਕਾਮਯਾਬ ਰਹੇ ਹਨ। ਨਿਰਮਾਤਾ ਨੂੰ ਵੀ ਅਗਲੀ ਫ਼ਿਲਮ ਲਈ ਨਾ ਤਾਂ ਨਵਾਂ ਸਿਰਲੇਖ ਲੱਭਣਾ ਪੈਂਦਾ ਹੈ ਅਤੇ ਨਾ ਹੀ ਕਹਾਣੀਕਾਰ ਤਲਾਸ਼ਣੇ ਪੈਂਦੇ ਹਨ। ਅਜਿਹੇ ਵਿੱਚ ਪਿਛਲੀ ਕਾਮਯਾਬ ਫ਼ਿਲਮ ਦਾ ਸੀਕੁਅਲ ਬਣਾਉਣਾ ਉਨ੍ਹਾਂ ਨੂੰ ਫ਼ਾਇਦੇ ਦਾ ਸੌਦਾ ਲੱਗਦਾ ਹੈ। ਤਾਜ਼ਾ ਸਰਵੇਖਣਾਂ ‘ਤੇ ਗ਼ੌਰ ਕਰੀਏ ਤਾਂ ਇਸ ਸਮੇਂ ਘੱਟ ਤੋਂ ਘੱਟ ਦੋ ਦਰਜਨ ਛੋਟੀਆਂ ਵੱਡੀਆਂ ਸੀਕੁਅਲ ਫ਼ਿਲਮਾਂ ‘ਤੇ ਕੰਮ ਚੱਲ ਰਿਹਾ ਹੈ ਜਿਨ੍ਹਾਂ ਵਿੱਚੋਂ ਕੁੱਝ ਇਸ ਸਾਲ ਅਤੇ ਕੁੱਝ 2020 ਤਕ ਪਰਦੇ ‘ਤੇ ਆਉਣ ਵਾਲੀਆਂ ਹਨ।
ਬੌਲੀਵੁਡ ਵਿੱਚ 1990 ਵਿੱਚ ਮਹੇਸ਼ ਭੱਟ ਦੀ ਫ਼ਿਲਮ ਸੜਕ ਸੁਪਰਹਿੱਟ ਸੀ। ਫ਼ਿਲਮ ਵਿੱਚ ਐਕਸ਼ਨ, ਮਾਰਧਾੜ ਅਤੇ ਬਿਹਤਰੀਨ ਸੰਗੀਤ ਨਾਲ ਉਹ ਸਾਰੀ ਸਮੱਗਰੀ ਸੀ ਜੋ ਉਸ ਦੌਰ ਵਿੱਚ ਕਿਸੇ ਫ਼ਿਲਮ ਨੂੰ ਹਿੱਟ ਕਰਾਉਣ ਲਈ ਜ਼ਰੂਰੀ ਸੀ। ਉਸ ਦੀ ਕਾਮਯਾਬੀ ਨਾਲ ਮਹੇਸ਼ ਭੱਟ ਦੀ ਵੱਡੀ ਬੇਟੀ ਪੂਜਾ ਭੱਟ ਦਾ ਕਰੀਅਰ ਗ੍ਰਾਫ਼ ਵੀ ਕਾਫ਼ੀ ਉੱਚਾ ਹੋ ਗਿਆ। ਹੁਣ ਜਲਦੀ ਹੀ ਮਹੇਸ਼ ਭੱਟ ਆਪਣੀ ਛੋਟੀ ਬੇਟੀ ਆਲੀਆ ਨਾਲ ਸੜਕ-2 ਲੈ ਕੇ ਆ ਰਿਹਾ ਹੈ।
ਸੜਕ-2 ਦੇ ਐਲਾਨ ਨਾਲ ਦਰਸ਼ਕਾਂ ਦੇ ਮਨ ਵਿੱਚ ਸਵਾਲ ਉਠਦਾ ਹੈ ਕਿ ਕਈ ਸਾਲਾਂ ਬਾਅਦ ਵਾਪਿਸ ਆਏ ਇਸ ਨਿਰਦੇਸ਼ਕ ਨੂੰ ਅਜਿਹੀ ਕੀ ਮਜਬੂਰੀ ਸੀ ਕਿ ਕਿਸੇ ਅਲੱਗ ਵਿਸ਼ੇ ‘ਤੇ ਫ਼ਿਲਮ ਬਣਾਉਣ ਦੀ ਬਜਾਏ ਉਸ ਨੇ ਆਪਣੀ ਹੀ ਇੱਕ ਸੁਪਰਹਿੱਟ ਫ਼ਿਲਮ ਦਾ ਸੀਕੁਅਲ ਬਣਾਉਣਾ ਠੀਕ ਸਮਝਿਆ। ਟਰੇਡ ਵਿਸ਼ਲੇਸ਼ਕ ਆਮੋਦ ਮਹਿਰਾ ਮੁਤਾਬਿਕ, ਅਸਲ ਵਿੱਚ ਕਈ ਨਿਰਮਾਤਾਵਾਂ ਨੂੰ ਇਹ ਇੱਕ ਸੁਰੱਖਿਅਤ ਖੇਡ ਲੱਗਦੀ ਹੈ। ਇਸ ਦੇ ਨਾਲ ਹੀ ਅੱਜਕੱਲ੍ਹ ਦਬੰਗ-2, ਗੋਲਮਾਲ-5, ਫ਼ੁਕਰੇ-3, ਤਨੂ ਵੈੱਡਜ਼ ਮਨੂ ਰੀ-ਯੁਨਾਈਟ, ਪਿਆਰ ਕਾ ਪੰਚਨਾਮਾ, ਰੇਸ ਸੀਰੀਜ਼, ਧੂਮ-ਸੀਰੀਜ਼, ਸਲਮਾਨ ਨਾਲ 1234, ਸਟਰੀਟ ਡੈਂਸਰ, ਹਾਊਸਫ਼ੁੱਲ-4, ਹੇਰਾ ਫ਼ੇਰੀ-3, ਸਿੰਘਮ-3, ਆਸ਼ਿਕੀ-3, ਕ੍ਰਿਸ਼-4 ਅਤੇ ਸੂਰਿਆਵੰਸ਼ੀ ਵਰਗੀਆਂ ਕਈ ਫ਼ਿਲਮਾਂ ਦੀ ਧੂਮ ਮਚੀ ਹੋਈ ਹੈ। ਕੁੱਲ ਮਿਲਾ ਕੇ ਜਿਵੇਂ ਨਿਰਮਾਤਾਵਾਂ ਵਿਚਕਾਰ ਇੱਕ ਦੌੜ ਲੱਗੀ ਹੋਈ ਹੈ। ਜਿਸ ਨਿਰਮਾਤਾ ਦੀ ਵੀ ਪਿਛਲੀ ਫ਼ਿਲਮ ਹਿੱਟ ਹੋਈ, ਉਹ ਤੁਰੰਤ ਉਸੀ ਫ਼ਿਲਮ ਦਾ ਸੀਕੁਅਲ ਬਣਾਉਣ ਦੀ ਯੋਜਨਾ ਬਣਾ ਲੈਂਦਾ ਹੈ। ਟਰੇਡ ਵਿਸ਼ਲੇਸ਼ਕ ਆਮੋਦ ਮਹਿਰਾ ਕਹਿੰਦੇ ਹਨ, ”ਉਨ੍ਹਾਂ ਨੂੰ ਲੱਗਦਾ ਹੈ ਕਿ ਪਿਛਲੀ ਹਿੱਟ ਦੇ ਸਹਾਰੇ ਸੀਕੁਅਲ ਫ਼ਿਲਮ ਨੂੰ ਆਸਾਨੀ ਨਾਲ ਦਰਸ਼ਕਾਂ ਨੂੰ ਪਰੋਸਿਆ ਜਾ ਸਕਦਾ ਹੈ। ਜਿੱਥੋਂ ਤਕ ਦਰਸ਼ਕਾਂ ਦਾ ਸਵਾਲ ਹੈ, ਉਹ ਇਸ ਭੁਲੇਖੇ ਵਿੱਚ ਹਨ ਕਿ ਪਿਛਲੀ ਫ਼ਿਲਮ ਮਨੋਰੰਜਕ ਸੀ ਤਾਂ ਇਹ ਵੀ ਮਨੋਰੰਜਕ ਹੀ ਹੋਵੇਗੀ।”
ਕਈ ਮੌਕਿਆਂ ‘ਤੇ ਤਾਂ ਅਜਿਹਾ ਹੀ ਲੱਗਦਾ ਹੈ ਕਿ ਨਿਰਮਾਤਾ ਨਿਰਦੇਸ਼ਕ ਇਸ ਭੁਲੇਖੇ ਵਿੱਚ ਰਹਿੰਦੇ ਹਨ ਕਿ ਪਹਿਲੀ ਹਿੱਟ ਹੈ ਤਾਂ ਦੂਜੀ ਨੂੰ ਵੀ ਦਰਸ਼ਕ ਪਸੰਦ ਕਰਨਗੇ। ਜ਼ਿਆਦਾਤਰ ਨਿਰਮਾਤਾ ਸਿਰਫ਼ ਮਾਰਕੀਟ ਨੂੰ ਧਿਆਨ ਵਿੱਚ ਰੱਖ ਕੇ ਇਸ ਤਰ੍ਹਾਂ ਦੇ ਪ੍ਰੌਜੈਕਟ ਦਾ ਐਲਾਨ ਕਰ ਰਹੇ ਹਨ। ਇਸ ਵਜ੍ਹਾ ਨਾਲ ਇਹ ਹੋ ਰਿਹਾ ਹੈ ਕਿ ਉਨ੍ਹਾਂ ਨੂੰ ਪ੍ਰੌਜੈਕਟ ਨੂੰ ਸਮਝਣ ਲਈ ਜ਼ਿਆਦਾ ਸਮੇਂ ਦੀ ਲੋੜ ਨਹੀਂ ਪੈਂਦੀ। ਫ਼ਿਲਮ ਦੇ ਸੀਕੁਅਲ ਦਾ ਐਲਾਨ ਹੁੰਦੇ ਹੀ ਟਰੇਡਰ ਇਸ ਭੁਲੇਖੇ ਵਿੱਚ ਆ ਜਾਂਦਾ ਹੈ ਕਿ ਹਿੱਟ ਫ਼ਿਲਮ ਦਾ ਸੀਕੁਅਲ ਹੈ ਤਾਂ ਚੰਗਾ ਹੀ ਬਣੇਗਾ, ਪਰ ਰੇਸ ਅਤੇ ਹਾਊਸਫ਼ੁੱਲ ਸੀਰੀਜ਼ ਦੀਆਂ ਪਿਛਲੀਆਂ ਫ਼ਿਲਮਾਂ ਦਾ ਅਨੁਭਵ ਚੰਗਾ ਨਹੀਂ ਰਿਹਾ।
ਅਹਿਮ ਸਵਾਲ ਪਟਕਥਾ ਦਾ ਹੈ। ਸਾਜਿਦ ਨਾਡਿਆਡਵਾਲਾ ਦੀ ਹਾਊਸਫ਼ੁੱਲ ਨੇ ਪਹਿਲਾਂ 100 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਤਾਂ ਉਹ ਕਾਫ਼ੀ ਉਤਸ਼ਾਹਿਤ ਸੀ। ਫ਼ਿਰ ਸਾਜਿਦ ਦੇ ਨਿਰਦੇਸ਼ਨ ਵਿੱਚ ਹੀ ਹਾਊਸਫ਼ੁੱਲ-2 ਨੇ ਸੌ ਕਰੋੜ ਦੀ ਕਮਾਈ ਤਾਂ ਨਹੀਂ ਕੀਤੀ, ਪਰ ਉਹ ਠੀਕ ਠੀਕ ਰਹੀ। ਇਸ ਨਾਲ ਹੀ ਸਾਜਿਦ ਦਾ ਸੀਕੁਅਲ ਬਣਾਉਣ ਦਾ ਉਤਸ਼ਾਹ ਮੱਠਾ ਪੈ ਗਿਆ। ਹਾਊਸਫ਼ੁੱਲ-3 ਵਿੱਚ ਉਸ ਨੇ ਸਾਜਿਦ ਫ਼ਰਹਾਦ ਨੂੰ ਇਸ ਦੀ ਜ਼ਿੰਮੇਵਾਰੀ ਸੌਂਪੀ, ਪਰ 50 ਕਰੋੜ ਦੀ ਫ਼ਿਲਮ ਨੇ ਮੁਸ਼ਕਿਲ ਨਾਲ 80 ਕਰੋੜ ਰੁਪਏ ਕਮਾਏ। ਹੁਣ ਸਾਜਿਦ ਨੂੰ ਲੱਗਦਾ ਹੈ ਕਿ ਇਸ ਨਾਲੋਂ ਚੰਗੇ ਤਾਂ ਉਸ ਦੇ ਦੂਜੇ ਪ੍ਰੌਜੈਕਟ ਹਨ, ਪਰ ਫ਼ਿਰ ਵੀ ਉਹ ਹਾਊਸਫ਼ੁੱਲ-4 ਦਾ ਨਿਰਮਾਣ ਕਰ ਰਿਹਾ ਹੈ।
ਡੇਵਿਡ ਧਵਨ ਵਰਗੇ ਕਈ ਹਿੱਟ ਫ਼ਿਲਮਾਂ ਦੇ ਨਿਰਦੇਸ਼ਕ ਵੀ ਇਸ ਦੌੜ ਵਿੱਚ ਸ਼ਾਮਿਲ ਹੋ ਚੁੱਕੇ ਹਨ। ਹੁਣ ਉਹ ਵਰੁਣ ਧਵਨ ਨੂੰ ਲੈ ਕੇ ਜੁੜਵਾਂ ਤੋਂ ਬਾਅਦ ਹੀਰੋ-1 ਦਾ ਸੀਕੁਅਲ ਬਣਾਏਗਾ। ਨਿਰਮਾਤਾ ਗੌਰਾਂਗ ਦੋਸ਼ੀ ਅਰਸੇ ਬਾਅਦ 2002 ਦੀ ਹਿੱਟ ਫ਼ਿਲਮ ਆਂਖੇਂ ਦਾ ਸੀਕੁਅਲ ਬਣਾ ਰਿਹਾ ਹੈ। ਇਸ ਦੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਅਨੀਸ ਬਜ਼ਮੀ ਨੂੰ ਸੌਂਪੀ ਗਈ ਹੈ।
ਦੇਖਿਆ ਜਾਵੇ ਤਾਂ ਸਿਰਫ਼ ਮੁੰਨਾਭਾਈ ਹੀ ਅਜਿਹੀ ਫ਼ਿਲਮ ਹੈ ਜਿਸ ਦਾ ਸੀਕੁਅਲ ਹਰ ਦ੍ਰਿਸ਼ਟੀ ਤੋਂ ਸਹੀ ਲੱਗਦਾ ਹੈ। ਰਾਜਕੁਮਾਰ ਹਿਰਾਨੀ ਕਹਿੰਦੇ ਹਨ, ”ਮੁੰਨਾਭਾਈ MBBS ਦੀ ਹਰਮਨਪਿਆਰਤਾ ਤੋਂ ਬਾਅਦ ਮੇਰੇ ਮਨ ਵਿੱਚ ਇਹ ਖ਼ਿਆਲ ਆਇਆ ਸੀ ਕਿ ਇਹ ਉਹ ਫ਼ਿਲਮ ਹੈ ਜਿਸ ਦਾ ਸਹੀ ਸੀਕੁਅਲ ਬਣ ਸਕਦਾ ਹੈ। ਮੈਂ ਇਸ ‘ਤੇ ਪੂਰਾ ਵਕਤ ਦਿੱਤਾ ਜਿਸ ਦਾ ਨਤੀਜਾ ਸੀ ਲਗੇ ਰਹੋ ਮੁੰਨਾਭਾਈ ਦੀ ਸਫ਼ਲਤਾ। ਉਸ ਤੋਂ ਬਾਅਦ ਮੈਂ ਜਲਦਬਾਜ਼ੀ ਨਹੀਂ ਕੀਤੀ। ਉਸ ਦੇ ਸੀਕੁਅਲ ਦੀ ਅਗਲੀ ਪਟਕਥਾ ‘ਤੇ ਕੰਮ ਜਾਰੀ ਹੈ। ਇਸ ਵਿਚਕਾਰ ਪੀਕੇ ਵੀ ਬਣਾ ਦਿੱਤੀ। ਫ਼ਿਰ ਸੰਜੇ ਦੱਤ ਦੀ ਬਾਇਓਪਿਕ ਸੰਜੂ ਵੀ ਬਣਾਈ। ਹੁਣ ਸ਼ਾਇਦ ਮੁੰਨਾਭਾਈ ਦੇ ਅਗਲੇ ਸੀਕੁਅਲ ‘ਤੇ ਫ਼ਿਲਮ ਬਣਾਵਾਂਗਾ। ਉਸ ਦੀ 2020 ਦੇ ਅੰਤ ਵਿੱਚ ਸ਼ੂਟਿੰਗ ਕਰਾਂਗਾ।”
ਰਾਜਕੁਮਾਰ ਹਿਰਾਨੀ ਦੀ ਖ਼ਾਸੀਅਤ ਹੈ ਕਿ ਉਹ ਆਪਣੇ ਸੀਕੁਅਲ ਵਿੱਚ ਵੀ ਇੱਕ ਨਵੀਂ ਕਹਾਣੀ ਪੇਸ਼ ਕਰਦਾ ਹੈ। ਪਿਛਲੀ ਫ਼ਿਲਮ ਦੇ ਦੋ ਤਿੰਨ ਪਾਤਰਾਂ ਨੂੰ ਲੈ ਕੇ ਉਹ ਉਸ ਦੀ ਕਹਾਣੀ ਨੂੰ ਅੱਗੇ ਵਧਾਉਾਂਦਾ ਹੈ। ਇਸ ਲਈ ਉਸ ਦੀਆਂ ਫ਼ਿਲਮਾਂ ਪੂਰੀ ਤਰ੍ਹਾਂ ਸੀਕੁਅਲ ਨਹੀਂ ਹੁੰਦੀਆਂ, ਪਰ ਦੂਜੇ ਫ਼ਿਲਮਸਾਜ਼ ਇਸ ਤਰ੍ਹਾਂ ਦੀਆਂ ਤਬਦੀਲੀਆਂ ਕਰ ਕੇ ਵੀ ਨਵੀਂ ਕਹਾਣੀ ਪੇਸ਼ ਨਹੀਂ ਕਰ ਸਕਦੇ। ਇਸ ਦੀ ਮੁੱਖ ਵਜ੍ਹਾ ਹੈ ਕਮਜ਼ੋਰ ਕਹਾਣੀ।
ਟਰੇਡ ਵਿਸ਼ਲੇਸ਼ਕ ਕੋਮਲ ਨਾਹਟਾ ਕਹਿੰਦਾ ਹੈ, ”ਅਸਲ ਵਿੱਚ ਖ਼ਾਸ ਖੇਡ ਫ਼ਰੈਂਚਾਇਜ਼ੀ ਦੀ ਹੈ। ਇੱਕ ਹਿੱਟ ਫ਼ਿਲਮ ਦਾ ਪਿੱਛਾ ਨਿਰਮਾਤਾ ਆਸਾਨੀ ਨਾਲ ਨਹੀਂ ਛੱਡਣਾ ਚਾਹੁੰਦਾ। ਇਸ ਲਈ ਸੀਕੁਅਲ ਦੇ ਬਹਾਨੇ ਉਹ ਕੁੱਝ ਵੀ ਬਣਾ ਦਿੰਦੇ ਹਨ। ਜੇਕਰ ਹਿੱਟ ਫ਼ਰੈਂਚਾਇਜ਼ੀ ਦਾ ਸਹਾਰਾ ਲੈਣਾ ਹੈ ਤਾਂ ਹਰ ਵਾਰ ਕੁੱਝ ਨਵਾਂ ਕਰਨਾ ਜ਼ਰੂਰੀ ਹੈ ਨਹੀਂ ਤਾਂ ਰੇਸ-3 ਵਰਗੀ ਹਾਲਤ ਹੋ ਜਾਵੇਗੀ।” ਇਸ ਲਈ ਫ਼ਿਲਮਸਾਜ਼ ਰਾਕੇਸ਼ ਰੌਸ਼ਨ ਦਾ ਉਦਾਹਰਨ ਦੇਣਾ ਠੀਕ ਰਹੇਗਾ। ਉਹ ਅੱਜਕੱਲ੍ਹ ਕ੍ਰਿਸ਼-4 ਦੀ ਪਟਕਥਾ ਦੀ ਤਿਆਰੀ ਕਰ ਰਿਹਾ ਹੈ। ਕੋਈ ਮਿਲ ਗਿਆ ਤੋਂ ਬਾਅਦ ਉਸ ਨੇ ਕ੍ਰਿਸ਼ ਬਣਾਈ, ਫ਼ਿਰ ਕ੍ਰਿਸ਼-2, ਕ੍ਰਿਸ਼-3 ਬਣਾਈ ਅਤੇ ਹਰ ਵਾਰ ਇੱਕ ਨਵੀਂ ਕਹਾਣੀ ਨਾਲ ਦਰਸ਼ਕਾਂ ਵਿਚਕਾਰ ਆਇਆ, ਪਰ ਪਿਛਲੀ ਕਹਾਣੀ ਨਾਲ ਉਨ੍ਹਾਂ ਦਾ ਰਿਸ਼ਤਾ ਜੁੜਿਆ ਰਿਹਾ। ਦੇਖਿਆ ਜਾਵੇ ਤਾਂ ਇਸ ਨੂੰ ਇੱਕ ਢੁਕਵੀਂ ਸੀਕੁਅਲ ਫ਼ਿਲਮ ਕਿਹਾ ਜਾ ਸਕਦਾ ਹੈ। ਅੱਜਕੱਲ੍ਹ ਫ਼ਿਰੋਜ਼ ਨਾਡਿਆਡਵਾਲਾ ਦੀ ਹੇਰਾ-ਫ਼ੇਰੀ-3 ਦੀ ਪ੍ਰੀ ਪ੍ਰੋਡਕਸ਼ਨ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾ ਰਿਹਾ ਹੈ। 2000 ਦੀ ਹਿੱਟ ਫ਼ਿਲਮ ਹੇਰਾ-ਫ਼ੇਰੀ ਦਾ ਸੀਕੁਇਲ 2006 ਵਿੱਚ ਫ਼ਿਰ ਹੇਰੀ-ਫ਼ੇਰੀ ਬਣ ਕੇ ਸਾਹਮਣੇ ਆਇਆ, ਪਰ 2017 ਵਿੱਚ ਹੇਰਾ-ਫ਼ੇਰੀ-3 ਵਿੱਚ ਉਸ ਦੇ ਤਿੰਨੋਂ ਮੁੱਖ ਪਾਤਰ ਪਰੇਸ਼ ਰਾਵਲ, ਅਕਸ਼ੇ ਕੁਮਾਰ ਅਤੇ ਸੁਨੀਲ ਸ਼ੈਟੀ ਸਨ ਬਦਲ ਦਿੱਤੇ ਗਏ, ਅਤੇ ਉਨ੍ਹਾਂ ਦੀ ਜਗ੍ਹਾ ਨਾਨਾ ਪਾਟੇਕਰ, ਜੌਹਨ ਐਬਰਾਹਮ ਅਤੇ ਅਭਿਸ਼ੇਕ ਬੱਚਨ ਆ ਗਏ। ਉਮੀਦ ਹੈ ਕਿ ਪੂਰੀ ਕਾਸਟਿੰਗ ਬਦਲਣ ਨਾਲ ਇਸ ਵਾਰ ਫ਼ਿਲਮ ਦੇ ਸੀਕੁਅਲ ਵਿੱਚ ਵੀ ਤਬਦੀਲੀ ਦੇਖਣ ਨੂੰ ਮਿਲੇਗੀ।