ਲੋਕ ਕਹਿੰਦੇ ਨੇ, ਤੁਸੀਂ ਹਰ ਵਕਤ ਸਭ ਨੂੰ ਖ਼ੁਸ਼ ਨਹੀਂ ਕਰ ਸਕਦੇ। ਉਨ੍ਹਾਂ ਨੂੰ ਕਿਵੇਂ ਪਤਾ? ਸ਼ਾਇਦ ਉਨ੍ਹਾਂ ਨੇ ਆਪਣੀ ਪੂਰੀ ਵਾਹ ਨਹੀਂ ਲਗਾਈ ਹੋਣੀ। ਸ਼ਾਇਦ ਉਨ੍ਹਾਂ ਦਾ ਰਵੱਈਆ ਬਹੁਤ ਜ਼ਿਆਦਾ ਸਵਾਰਥੀ ਜਾਂ ਅਸੰਵੇਦਨਸ਼ੀਲ ਰਿਹਾ ਹੋਵੇਗਾ। ਕੀ ਸਾਡੇ ਚੋਂ ਕਿਸੇ ਨੂੰ ਵੀ ਖ਼ੁਸ਼ ਕਰਨਾ ਵਾਕਈ ਨਾਮੁਮਕਿਨ ਹੈ? ਕੀ ਅਸੀਂ ਸਾਰੇ ਇੱਕੋ ਜਿੱਕੀ ਖ਼ੁਸ਼ੀ ਨਹੀਂ ਭਾਲਦੇ? ਬਿਲਕੁਲ ਭਾਲਦੇ ਹਾਂ – ਘੱਟੋਘੱਟ ਸਿਧਾਂਤਕ ਤੌਰ ‘ਤੇ। ਪਰ ਸਾਡੇ ‘ਚੋਂ ਕਈ, ਲੱਗਦੈ, ਨਿਰਾਸ਼ ਹੋਣ ਵਾਲੇ ਕਿਸੇ ਨਾ ਕਿਸੇ ਕਾਰਨ ਦੀ ਹੋਂਦ ਵੀ ਖ਼ੂਬ ਪਸੰਦ ਕਰਦੇ ਨੇ। ਇਸ ਵੇਲੇ ਤੁਹਾਨੂੰ ਕੇਵਲ ਤਨਾਅ ਮੁਕਤ ਹੋਣ ਦੀ ਲੋੜ ਹੈ। ਤੁਹਾਨੂੰ ਇਹ ਨਿਜਾਤ ਹਾਸਿਲ ਹੋ ਸਕਦੀ ਹੈ ਜਿੰਨਾ ਚਿਰ ਤੁਸੀਂ ਕਿਸੇ ਅਜਿਹੀ ਲੋੜ ਨੂੰ ਪੂਰਾ ਕਰਨ ਦੀ ਬਹੁਤੀ ਜ਼ਿਆਦਾ ਕੋਸ਼ਿਸ਼ ਨਾ ਕਰੋ ਜੋ ਪੂਰਤੀ ਦੇ ਸੱਚਮੁੱਚ ਹੀ ਕਾਬਿਲ ਨਹੀਂ!

ਜੇ ਤੁਸੀਂ ਕਿਸੇ ਚੀਜ਼ ਜਾਂ ਨਜ਼ਰੀਏ ਨਾਲ ਸਹਿਮਤ ਨਹੀਂ, ਬਹਿਸ ਨਾ ਕਰੋ। ਉਸ ਦੀ ਬਜਾਏ ਸਬੂਤ ਇਕੱਤਰ ਕਰੋ। ਪਹੁੰਚ ਵਾਲੇ ਵਿਅਕਤੀਆਂ ਦੀ ਪ੍ਰਸੰਨਤਾ ਹਾਸਿਲ ਕਰਨ ਲਈ ਉਨ੍ਹਾਂ ਦੀ ਖ਼ੁਸ਼ਾਮਦ ਕਰੋ। ਗੱਠਜੋੜ ਬਣਾਓ। ਹੌਲੀ-ਹੌਲੀ, ਇੱਕ ਮੁਹਿੰਮ ਖੜ੍ਹੀ ਕਰੋ। ਜੇਕਰ ਤੁਸੀਂ ਕਿਸੇ ਸ਼ੈਅ ਨੂੰ ਵਾਪਰਣੋਂ ਸੱਚਮੁੱਚ ਹੀ ਰੋਕਣਾ ਚਾਹੁੰਦੇ ਹੋ, ਉਸ ਦੇ ਸਮਰਥਨ-ਤੰਤਰ ‘ਤੇ ਹਮਲਾ ਕਰ ਦਿਓ। ਜੋੜ-ਤੋੜ ਲੜਾਓ। ਜੇਕਰ ਤੁਸੀਂ ਇਹ ਸਭ ਕੁਝ ਕਰ ਲਿਆ ਤਾਂ ਤੁਸੀਂ ਜਿੱਤ ਜਾਓਗੇ। ਪਰ ਇਸ ਤੋਂ ਪਹਿਲਾਂ ਕਿ ਤੁਸੀਂ ਇੰਨੀ ਸਾਰੀ ਸ਼ਕਤੀ ਜ਼ਾਇਆ ਕਰੋ, ਚੰਗਾ ਹੋਵੇ ਜੇ ਤੁਸੀਂ ਆਪਣੇ ਆਪ ਨੂੰ ਪੁੱਛੋ ਕਿ ਕੀ ਇਹ ਸਭ ਕਰਨਾ ਸੱਚਮੁੱਚ ਜ਼ਰੂਰੀ ਹੈ? ਕੀ ਇਸ ਨਾਲ ਵਾਕਈ ਬਹੁਤ ਜ਼ਿਆਦਾ ਫ਼ਰਕ ਪਵੇਗਾ? ਇਸ ਜੰਗ ‘ਚ ਤੁਹਾਨੂੰ ਆਪਣਾ ਬਹੁਤ ਕੁਝ ਝੌਂਕਣਾ ਪੈਣੈ। ਸ਼ਾਇਦ ਤੁਸੀਂ ਇਹ ਫ਼ੈਸਲਾ ਕਰ ਲਓ ਕਿ ਕੁਝ ਹੋਰ ਅਜਿਹੇ ਜ਼ਬਰਦਸਤ ਟੀਚੇ ਮੌਜੂਦ ਹਨ ਜਿਨ੍ਹਾਂ ਦਾ ਪਿੱਛਾ ਕੀਤਾ ਜਾ ਸਕਦੈ।

ਸਾਨੂੰ ਜ਼ਿੰਦਗੀ ਲਈ ਤਿਆਰ ਕਰਨ ਦੀ ਕੋਸ਼ਿਸ਼ ‘ਚ ਉਹ ਸਾਨੂੰ ਸਕੂਲ ਭੇਜਦੇ ਨੇ। ਬਾਅਦ ‘ਚ ਜੀਵਨ ਸਾਨੂੰ ਅਹਿਸਾਸ ਕਰਾਉਂਦੈ ਕਿ ਜੋ ਕੁਝ ਅਸੀਂ ਸਿਖਿਆ ਸੀ, ਉਸ ‘ਚੋਂ ਬਹੁਤਾ ਕੁਝ ਸਾਨੂੰ ਅਣਸਿਖਣਾ ਪੈਣੈ। ਪਰ ਫ਼ਿਰ, ਜ਼ਿੰਦਗੀ ਤਾਂ ਇੱਕ ਬਹੁਤ ਲੰਬੀ ਪੜ੍ਹਾਈ ਹੈ, ਅਤੇ ਅਸੀਂ ਇਸ ਵਿੱਚ ਖੋਜਾਂ ਕਰਨੀਆਂ ਕਦੇ ਵੀ ਬੰਦ ਨਹੀਂ ਕਰਦੇ। ਤੁਹਾਨੂੰ ਇੰਝ ਮਹਿਸੂਸ ਹੋਣਾ ਸ਼ੁਰੂ ਹੋ ਗਿਐ ਜਿਵੇਂ ਆਪਣੀ ਹੱਥਲੀ ਸਥਿਤੀ ਨਾਲ ਨਜਿੱਠਣ ਦੇ ਤੁਸੀਂ ਪੂਰੀ ਤਰ੍ਹਾਂ ਕਾਬਿਲ ਨਹੀਂ। ਤੁਹਾਨੂੰ ਡਰ ਹੈ ਕਿ ਤੁਸੀਂ ਜੋ ਕੁਝ ਵੀ ਕਰੋਗੇ, ਤੁਹਾਡੇ ਤੋਂ ਗ਼ਲਤੀ ਹੋ ਜਾਣੀ ਹੈ। ਪਰ ਤੁਹਾਡੇ ਤੋਂ ਇਲਾਵਾ ਹੋਰ ਕੌਣ ਤੁਹਾਡੀ ਆਲੋਚਨਾ ਕਰ ਰਿਹੈ? ਅਤੇ ਤੁਸੀਂ ਆਪਣੇ ਆਪ ‘ਤੇ ਇੰਨੀ ਸਖ਼ਤੀ ਕਿਉਂ ਕਰ ਰਹੇ ਹੋ? ਕਿਸੇ ਵੀ ਮੁਸ਼ਕਿਲ ਨਾਲ ਫ਼ਰਕ ਤਾਂ ਹੀ ਪੈਂਦੈ ਜੇ ਤੁਸੀਂ ਸਮਝੋ ਕਿ ਉਸ ਨਾਲ ਪੈਂਦੈ। ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਹੋਰ ਪੜਚੋਲ ਕਰੋ।

ਕਈ ਵਾਰ, ਸਮਾਧਾਨ ਨਵੀਆਂ ਸਮੱਸਿਆਵਾਂ ਪੈਦਾ ਕਰ ਦਿੰਦੇ ਹਨ। ਕਈ ਵਾਰ, ਸਮੱਸਿਆਵਾਂ ਨਵੇਂ ਸਮਾਧਾਨਾਂ ਤਕ ਲੈ ਜਾਂਦੀਆਂ ਹਨ। ਇਹ ਸਭ ਭੁੱਲ ਜਾਣਾ ਅਤੇ ਕਿਸੇ ਵੀ ਸਥਿਤੀ ‘ਤੇ ਸਰਸਰੀ ਜਿਹੀ ਝਾਤ ਮਾਰ ਕੇ ਫ਼ੈਸਲਾ ਕਰ ਲੈਣਾ ਬਹੁਤ ਸੌਖਾ ਹੁੰਦੈ। ਤੁਹਾਨੂੰ ਆਹਿਸਤਾ ਆਹਿਸਤਾ ਇਸ ਗੱਲ ਦਾ ਅਹਿਸਾਸ ਹੋ ਰਿਹੈ ਕਿ ਬਹੁਤੀਆਂ ਚੀਜ਼ਾਂ ਉਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਦਾ ਤੁਸੀਂ ਚਾਹੁੰਦੇ ਸੀ ਕਿ ਉਹ ਹੁੰਦੀਆਂ। ਜਿੰਨਾ ਜ਼ਿਆਦਾ ਤੁਸੀਂ ਇਸ ਬਾਰੇ ਸੋਚੋਗੇ, ਓਨਾ ਜ਼ਿਆਦਾ ਤੁਹਾਨੂੰ ਡਰ ਲੱਗੇਗਾ ਕਿ ਇਹ ਤਾਂ ਕੇਵਲ ਸ਼ੁਰੂਆਤ ਹੈ ਅਤੇ, ਛੇਤੀ ਹੀ, ਕੋਈ ਨਾ ਕੋਈ ਨਵਾਂ ਨਾਟਕ ਹੱਥੋਂ ਬਾਹਰ ਨਿਕਲ ਜਾਣੈ। ਪਰ ਇਹ ਸਿਰਫ਼ ਇਸ ਲਈ ਕਿਉਂਕਿ ਅਤੀਤ ‘ਚ ਕੋਈ ਸਮਾਧਾਨ ਸਮੱਸਿਆ ਬਣ ਗਿਆ ਸੀ। ਜ਼ਿੰਦਗੀ ਵਿੱਚ, ਕਈ ਵਾਰ, ਤਵਾਜ਼ਨ ਕਾਇਮ ਰੱਖਣ ਵਾਲੀ ਕਿਸੇ ਨਿਹਾਇਤ ਜ਼ਰੂਰੀ ਪ੍ਰਕਿਰਿਆ ਦੇ ਘਟਣ ਦੀ ਲੋੜ ਹੁੰਦੀ ਹੈ।

ਬਾਈਬਲ ਦਾ ਹਵਾਲਾ ਦੇ ਕੇ ਸਾਨੂੰ ਅਧਿਕਾਰਪੂਰਣ ਤਰੀਕੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਛੇ ਦਿਨਾਂ ‘ਚ ਇਸ ਸ੍ਰਿਸ਼ਟੀ ਦੀ ਰਚਨਾ ਕਰਨ ਉਪਰੰਤ ਪ੍ਰਭੂ ਨੇ ਸਿਰਜਣਾ ਦੇ ਪਹਿਲੇ ਹਫ਼ਤੇ ਦੇ ਸੱਤਵੇਂ ਦਿਨ ਮੁਕੰਮਲ ਆਰਾਮ ਫ਼ਰਮਾਇਆ ਸੀ। ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਇਹ ਸਾਰੀ ਸ੍ਰਿਸ਼ਟੀ ਇੰਨੀ ਜਲਦੀ ਨਾਲ ਤਿਆਰ ਕਰ ਦਿੱਤੀ ਗਈ, ਪਰ ਇਸ ਸੰਸਾਰ ‘ਚ ਬਿਨਾਂ ਵਿਵਾਦਾਂ ਅਤੇ ਕਸ਼ਟਾਂ ਦੇ ਰਹਿ ਸਕਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਾਨੂੰ ਸਮੇਂ ਦੀ ਅਨੰਤਤਾ ਵੀ ਘੱਟ ਪੈ ਰਹੀ ਹੈ। ਫ਼ਿਰ ਵੀ, ਤੁਹਾਡੀ ਜਾਚੇ ਸ੍ਰਿਸ਼ਟੀ ਸਿਰਜਣ ਦਾ ਕੰਮ ਕਾਹਲੀ ‘ਚ ਕੀਤਾ ਗਿਆ ਹੈ। ਸਿਰਫ਼ ਜੇਕਰ ਸਿਰਜਣਹਾਰਾ ਇਸ ਸਾਰੇ ਉੱਦਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਥੋੜ੍ਹਾ ਜ਼ਿਆਦਾ ਵਿਚਾਰਵਾਨ ਬਣਿਆ ਹੁੰਦਾ ਤਾਂ ਅਸੀਂ ਸਭ ਇਸ ਸਾਰੀ ਮੁਸੀਬਤ ਤੋਂ ਬੱਚ ਗਏ ਹੁੰਦੇ। ਹੁਣ, ਤੁਹਾਡੇ ਲਈ ਸਵਾਲ ਹੈ: ਕੀ ਤੁਸੀਂ ਹੱਲ ਪੈਦਾ ਕਰ ਰਹੇ ਹੋ ਜਾਂ ਫ਼ਿਰ ਨਵੇਂ ਨਕੋਰ ਮਸਲੇ? ਥੋੜ੍ਹੀ ਸਾਵਧਾਨੀ ਤੋਂ ਕੰਮ ਲਓ!