Image Courtesy :jagbani(punjabkesar)

ਲੌਕਡਾਊਨ ਤੋਂ ਪਹਿਲਾ ਬੌਲੀਵੁਡ ਵਿੱਚ ਵੱਡੇ ਸਿਤਾਰਿਆਂ ਆਮਿਰ ਖ਼ਾਨ, ਅਜੇ ਦੇਵਗਨ, ਅਕਸ਼ੇ ਕੁਮਾਰ ਸਮੇਤ ਕਈ ਦਿੱਗਜਾਂ ਦੀਆਂ ਫ਼ਿਲਮਾਂ ਦੀ ਸ਼ੂਟਿੰਗ ਚੱਲ ਰਹੀ ਸੀ। ਇਨ੍ਹਾਂ ਫ਼ਿਲਮਾਂ ਦੀ ਰਿਲੀਜ਼ ਮਿਤੀ ਦਾ ਐਲਾਨ ਕਾਫ਼ੀ ਪਹਿਲਾਂ ਹੀ ਹੋ ਚੁੱਕਿਆ ਹੈ। ਓਦੋਂ ਇਨ੍ਹਾਂ ਦਾ ਪ੍ਰੀ-ਪ੍ਰੋਡਕਸ਼ਨ ਵੀ ਸ਼ੁਰੂ ਨਹੀਂ ਸੀ ਹੋਈ ਜਦੋਂ ਰਿਲੀਜ਼ ਡੇਟਾਂ ਐਲਾਨ ਦਿੱਤੀਆਂ ਗਈਆਂ ਸਨ। ਫ਼ਿਲਮੀ ਸਨਅੱਤ ਵਿੱਚ ਇਹ ਨਵੀਂ ਗੱਲ ਦੇਖਣ ਨੂੰ ਮਿਲ ਰਹੀ ਹੈ ਕਿ ਫ਼ਿਲਮਸਾਜ਼ ਆਪਣੀਆਂ ਫ਼ਿਲਮਾਂ ਨੂੰ ਫ਼ਲੋਰ ‘ਤੇ ਲੈ ਕੇ ਜਾਣ ਤੋਂ ਪਹਿਲਾਂ ਹੀ ਅਗਲੇ ਦੋ ਸਾਲ ਦੀ ਰਿਲੀਜ਼ ਮਿਤੀ ਬੁੱਕ ਕਰਾ ਲੈਂਦੇ ਸਨ। ਉਸ ਤੋਂ ਬਾਅਦ ਉਹ ਆਪਣੀਆਂ ਫ਼ਿਲਮਾਂ ਦੇ ਐਲਾਨ ਦੇ ਨਾਲ ਹੀ ਦੱਸਦੇ ਸਨ ਕਿ ਫ਼ਿਲਮ ਕਿਸ ਦਿਨ ਰਿਲੀਜ਼ ਹੋਵੇਗੀ। ਨਿਰਮਾਤਾਵਾਂ ਵਿੱਚ ਦੀਵਾਲੀ, ਈਦ, ਹੋਲੀ, ਆਦਿ ਨੂੰ ਬੁੱਕ ਕਰਾਉਣ ਦੀ ਹੋੜ ਜਿਹੀ ਮਚ ਜਾਂਦੀ ਹੈ ਜਦੋਂਕਿ ਫ਼ਿਲਮ ਦੀ ਪਟਕਥਾ ਅਤੇ ਸ਼ੂਟਿੰਗ ਵਰਗੀਆਂ ਮੁੱਢਲੀਆਂ ਚੀਜ਼ਾਂ ਵੀ ਅਜੇ ਤੈਅ ਨਹੀਂ ਕੀਤੀਆਂ ਹੁੰਦੀਆਂ। ਇਹੀ ਵੱਡਾ ਕਾਰਨ ਹੈ ਕਿ ਫ਼ਿਲਮਾਂ ਦੀ ਰਿਲੀਜ਼ ਮਿਤੀ ਸਬੰਧੀ ਟਕਰਾਅ ਦੇਖਣ ਨੂੰ ਮਿਲਦਾ ਸੀ, ਪਰ ਲੌਕਡਾਊਨ ਵਿੱਚ ਫਿਲਮਾਂ ਦੀ ਰਿਲੀਜ਼ ਰੁਕਣ ਨਾਲ ਕਾਫ਼ੀ ਨੁਕਸਾਨ ਹੋ ਗਿਆ ਹੈ।
ਸਾਲ 2017 ਦੀ ਪਹਿਲੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਗੋਲਮਾਲ ਅਗੇਨ ‘ਤੋਂ ਬਾਅਦ ਅਜੇ ਦੇਵਗਨ ਕਾਫ਼ੀ ਸਮਝਦਾਰ ਹੋ ਗਿਆ ਹੈ। ਸਟਾਰਡਮ ਦੀ ਦੌੜ ਵਿੱਚ ਤਿੰਨ ਖ਼ਾਨਾਂ ਅਤੇ ਅਕਸ਼ੇ ਕੁਮਾਰ ਤੋਂ ਥੋੜ੍ਹਾ ਪਿੱਛੇ ਚੱਲਣ ਵਾਲਾ ਅਜੇ ਆਪਣੀ ਹਰ ਫ਼ਿਲਮ ਨੂੰ ਲੈ ਕੇ ਸੁਚੇਤ ਰਹਿੰਦਾ ਹੈ। ਉਹ ਚਾਹੇ ਬਾਦਸ਼ਾਹੋ ਹੋਵੇ, ਗੋਲਮਾਲ ਅਗੇਨ ਜਾਂ ਫ਼ਿਰ ਰੇਡ। ਉਸ ਦੀਆਂ ਫ਼ਿਲਮਾਂ ਦੀ ਰਿਲੀਜ਼ ਮਿਤੀ ਤੋਂ ਲੈ ਕੇ ਸਾਰੀ ਤਿਆਰੀ ਬਹੁਤ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਸੀ। ਹੁਣ ਉਸ ਦੀਆਂ ਅਗਲੀਆਂ ਦੋ ਫ਼ਿਲਮਾਂ ਦੀ ਰਿਲੀਜ਼ ਮਿਤੀ ਅਗਲੇ ਸਾਲ ਰੱਖੀ ਗਈ ਹੈ। ਪਹਿਲਾਂ ਤਾਨਾਜੀ-ਦਾ ਅਨਸੰਗ ਵਾਰਿਅਰ 10 ਜਨਵਰੀ 2020 ਨੂੰ ਅਤੇ ਉਸ ਤੋਂ ਬਾਅਦ ਭੁੱਜ – ਦਾ ਪ੍ਰਾਈਡ ਔਫ਼ ਇੰਡੀਆ ਅਗਸਤ 2020 ਵਿੱਚ ਰਿਲੀਜ਼ ਰੱਖੀ ਗਈ ਸੀ। ਉਸ ਤੋਂ ਪਹਿਲਾਂ ਗੋਲਮਾਲ ਅਗੇਨ ਦੇ ਮਾਮਲੇ ਵਿੱਚ ਵੀ ਉਹ ਇਸ ਤਰ੍ਹਾਂ ਹੀ ਕਰ ਚੁੱਕਿਆ ਹੈ। ਕਿਸੇ ਕਾਰਨ ਪਦਮਾਵਤ ਦੀ ਰਿਲੀਜ਼ ਮਿਤੀ ਅੱਗੇ ਵੱਧ ਗਈ ਸੀ ਅਤੇ ਗੋਲਮਾਲ ਅਗੇਨ ਨੂੰ ਆਮਿਰ ਦੇ ਪ੍ਰੋਡਕਸ਼ਨ ਹਾਊਸ ਦੀ ਫ਼ਿਲਮ ਦਾ ਸੀਕਰੇਟ ਸੁਪਰਸਟਾਰ ਨਾਲ ਟਕਰਾਉਣਾ ਪਿਆ। ਕੁੱਲ ਮਿਲਾ ਕੇ ਦੀਵਾਲੀ ਦੀਆਂ ਛੁੱਟੀਆਂ ਦਾ ਸਭ ਤੋਂ ਜ਼ਿਆਦਾ ਫ਼ਾਇਦਾ ਅਜੇ ਦੀ ਫ਼ਿਲਮ ਲੈ ਗਈ। ਇਸ ਫ਼ਿਲਮ ਦੀ ਕੁੱਲ ਕਮਾਈ 400 ਕਰੋੜ ਤੋਂ ਜ਼ਿਆਦਾ ਸੀ। ਉਸ ਤੋਂ ਬਾਅਦ ਫ਼ਿਲਮ ਰੇਡ ਦੀ ਰਿਲੀਜ਼ ਮਿਤੀ ਵੀ ਬਹੁਤ ਸੋਚ ਸਮਝ ਕੇ 16 ਮਾਰਚ 2018 ਬੁੱਕ ਕਰਾਈ ਗਈ।
ਉਂਝ ਆਮਿਰ ਖ਼ਾਨ ਇਸ ਮਾਮਲੇ ਵਿੱਚ ਅਲੱਗ ਹੈ। ਆਪਣੀਆਂ ਹੋਰ ਫ਼ਿਲਮਾਂ ਦੀ ਤਰ੍ਹਾਂ ਉਹ ਆਪਣੀ ਹੋਮ ਪ੍ਰੋਡਕਸ਼ਨ ਫ਼ਿਲਮ ਸੀਕਰੇਟ ਸੁਪਰਸਟਾਰ ਦੀ ਰਿਲੀਜ਼ ਮਿਤੀ ਵੀ ਉਸ ਨੇ ਬਹੁਤ ਸੋਚ ਸਮਝ ਕੇ ਰੱਖੀ ਸੀ। ਫ਼ਿਲਮ ਨਾਲ ਜੁੜੀਆਂ ਸਾਰੀਆਂ ਯੋਜਨਾਵਾਂ ਉਸ ਨੇ ਖ਼ੁਦ ਬਣਾਈਆਂ ਸਨ। ਇਸ ਵਿੱਚ ਉਸ ਨੂੰ ਸਫ਼ਲਤਾ ਵੀ ਮਿਲੀ, ਪਰ ਉਸ ਦੀ ਮੁੱਖ ਭੂਮਿਕਾ ਨਾਲ ਸਜੀ ਫ਼ਿਲਮ ਠੱਗਜ਼ ਔਫ਼ ਹਿੰਦੁਸਤਾਨ ਦੇ ਮਾਮਲੇ ਵਿੱਚ ਉਹ ਅਸਫ਼ਲ ਸਾਬਿਤ ਹੋਇਆ। ਸਾਲ 2018 ਵਿੱਚ ਦੀਵਾਲੀ ਦੇ ਮੌਕੇ ‘ਤੇ ਰਿਲੀਜ਼ ਹੋਈ ਇਸ ਫ਼ਿਲਮ ਦਾ ਜੋ ਹਸ਼ਰ ਹੋਇਆ ਉਸ ਬਾਰੇ ਜ਼ਿਆਦਾ ਦੱਸਣ ਦੀ ਲੋੜ ਨਹੀਂ। ਫ਼ਿਲਮ ਲਗਾਨ ਤੋਂ ਬਾਅਦ ਉਹ ਆਪਣੀਆਂ ਫ਼ਿਲਮਾਂ ਦੀ ਰਿਲੀਜ਼ ਮਿਤੀ ਨੂੰ ਲੈ ਕੇ ਬਹੁਤ ਸੰਜੀਦਾ ਹੋਇਆ ਹੈ। ਸਾਲ 2020 ਦੀ ਕ੍ਰਿਸਮਸ ‘ਤੇ ਰਿਲੀਜ਼ ਹੋਣ ਵਾਲੀ ਫ਼ਿਲਮ ਲਾਲ ਸਿੰਘ ਚੱਢਾ ਨੂੰ ਲੈ ਕੇ ਵੀ ਉਹ ਬਹੁਤ ਗੰਭੀਰ ਹੈ। ਅਕਸ਼ੇ ਕੁਮਾਰ ਦੀਆਂ ਫ਼ਿਲਮਾਂ ਵੀ ਆਮਿਰ ਦੀ ਤਰ੍ਹਾਂ ਸਹੀ ਯੋਜਨਾਬੰਦੀ ਨਾਲ ਸਹੀ ਸਮੇਂ ‘ਤੇ ਰਿਲੀਜ਼ ਹੁੰਦੀਆਂ ਹਨ। 2019-20 ਵਿੱਚ ਰਿਲੀਜ਼ ਹੋਣ ਵਾਲੀਆਂ ਉਸ ਦੀਆਂ ਫ਼ਿਲਮਾਂ ਦੀ ਰਿਲੀਜ਼ ਮਿਤੀ ਪਹਿਲਾਂ ਤੋਂ ਹੀ ਤੈਅ ਹੋ ਚੁੱਕੀ ਸੀ, ਪਰ ਕੋਰੋਨਾ ਕਾਰਨ 2020 ਦੀਆਂ ਫ਼ਿਲਮਾਂ ਹੁਣ ਦੇਰ ਨਾਲ ਰਿਲੀਜ਼ ਹੋਣਗੀਆਂ। ਪਿੱਛਲੇ ਸਾਲ ਉਸ ਦੀ ਸ਼ੁਰੂਆਤ ਕੇਸਰੀ ਤੋਂ ਹੋਈ ਸੀ। ਫ਼ਿਰ ਵਾਰੀ ਆਈ ਮਿਸ਼ਨ ਮੰਗਲ, ਗੁੱਡ ਨਿਊਜ਼ ਅਤੇ ਹਾਊਸਫ਼ੁੱਲ ਵਰਗੀਆਂ ਫ਼ਿਲਮਾਂ ਦੀ। ਇਨ੍ਹਾਂ ਤਿੰਨਾਂ ਦੀ ਰਿਲੀਜ਼ ਮਿਤੀ ਬਹੁਤ ਪਹਿਲਾਂ ਹੀ ਤੈਅ ਹੋ ਚੁੱਕੀ ਸੀ। 15 ਅਗਸਤ 2019 ਨੂੰ ਰਿਲੀਜ਼ ਹੋਈ ਫ਼ਿਲਮ ਮਿਸ਼ਨ ਮੰਗਲ ਬਾਰੇ ਅਕਸ਼ੈ ਦਾ ਕਹਿਣਾ ਹੈ, ”ਇਸ ਫ਼ਿਲਮ ਦਾ ਵਿਸ਼ਾ ਹੀ ਕੁੱਝ ਅਜਿਹਾ ਹੈ ਕਿ ਇਸ ਲਈ ਸਹੀ ਰਿਲੀਜ਼ ਮਿਤੀ ਇਹੀ ਹੋ ਸਕਦੀ ਸੀ।”
ਕਦੇ ਸ਼ਾਹਰੁਖ਼ ਖ਼ਾਨ ਬਾਰੇ ਕਿਹਾ ਜਾਂਦਾ ਸੀ ਕਿ ਉਸ ਨੂੰ ਵੀ ਕੁੱਝ ਖ਼ਾਸ ਮੌਕਿਆਂ ‘ਤੇ ਫ਼ਿਲਮਾਂ ਰਿਲੀਜ਼ ਕਰਨਾ ਪਸੰਦ ਹੈ, ਪਰ ਜਦੋਂ ਤੋਂ ਉਸ ਦੀਆਂ ਕੁੱਝ ਫ਼ਿਲਮਾਂ ਟਿਕਟ ਖਿੜਕੀ ‘ਤੇ ਫ਼ਿਸਲ ਰਹੀਆਂ ਹਨ, ਉਹ ਇਸ ਮਾਮਲੇ ਵਿੱਚ ਢਿੱਲਾ ਪੈ ਗਿਆ। ਹੁਣ ਉਸ ਦਾ ਬੈਨਰ ਹੀ ਇਹ ਸਭ ਤੈਅ ਕਰ ਕੇ ਉਸ ਨੂੰ ਪੂਰੀ ਯੋਜਨਾਬੰਦੀ ਦੱਸ ਦਿੰਦਾ ਹੈ। ਉਂਝ ਸ਼ਾਹਰੁਖ਼ ਨੂੰ ਲੱਗਦਾ ਹੈ ਕਿ ਉਸ ਦਾ ਸਟਾਰਡਮ ਹਾਲੇ ਵੀ ਸਭ ਤੋਂ ਉੱਪਰ ਹੈ।
ਸੰਜੇ ਲੀਲਾ ਭੰਸਾਲੀ ਬਾਰੇ ਇਹ ਗੱਲ ਮਸ਼ਹੂਰ ਹੈ ਕਿ ਉਹ ਆਪਣੀਆਂ ਫ਼ਿਲਮਾਂ ਦੀ ਰਿਲੀਜ਼ ਮਿਤੀ ਨੂੰ ਲੈ ਕੇ ਜ਼ਿਆਦਾ ਗੰਭੀਰ ਨਹੀਂ, ਅਤੇ ਇਸੇ ਲਈ ਉਹ ਇੱਕ ਮਹੀਨਾ ਪਹਿਲਾਂ ਹੀ ਇਸ ਦਾ ਐਲਾਨ ਕਰਦਾ ਸੀ, ਪਰ ਪਦਮਾਵਤ ਦੇ ਨਿਰਮਾਣ ਸਮੇਂ ਉਹ ਰਿਲੀਜ਼ ਮਿਤੀ ਨੂੰ ਲੈ ਕੇ ਕਾਫ਼ੀ ਗੰਭੀਰ ਦਿਖਿਆ। ਇਸ ਕਾਰਨ ਉਸ ਦੀ ਫ਼ਿਲਮ ਸੂਰਯਾਵੰਸ਼ੀ ਨਾਲ ਉਸ ਦਾ ਟਕਰਾਅ ਸ਼ੁਰੂ ਹੋ ਗਿਆ। ਹਾਲ ਹੀ ਵਿੱਚ ਟੀ-ਸੀਰੀਜ਼ ਵਾਲਿਆਂ ਨੇ 2020 ਵਿੱਚ ਪ੍ਰਦਰਸ਼ਿਤ ਹੋਣ ਵਾਲੀਆਂ ਆਪਣੀਆਂ ਦਸ ਫ਼ਿਲਮਾਂ ਦੀ ਸੂਚੀ ਜਾਰੀ ਕੀਤੀ ਹੈ। ਸੰਗੀਤ ਜਗਤ ਤੋਂ ਇਲਾਵਾ ਟੀ-ਸੀਰੀਜ਼ ਅੱਜਕੱਲ੍ਹ ਫ਼ਿਲਮ ਨਿਰਮਾਣ ਵਿੱਚ ਵੀ ਵੱਡਾ ਨਾਂ ਬਣ ਚੁੱਕਾ ਹੈ। ਇੱਕ ਹੀ ਸਮੇਂ ਵਿੱਚ ਉਨ੍ਹਾਂ ਦੀਆਂ ਇੱਕ ਦਰਜਨ ਤੋਂ ਜ਼ਿਆਦਾ ਫ਼ਿਲਮਾਂ ਦਾ ਨਿਰਮਾਣ ਕਾਰਜ ਵਿਭਿੰਨ ਪੜਾਵਾਂ ਵਿੱਚ ਜਾਰੀ ਰਹਿੰਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਆਪਣੀਆਂ ਇਨ੍ਹਾਂ ਫ਼ਿਲਮਾਂ ਦੀ ਰਿਲੀਜ਼ ਮਿਤੀ ਤੈਅ ਕਰਨਾ ਉਨ੍ਹਾਂ ਲਈ ਬਹੁਤ ਆਸਾਨ ਹੋ ਗਿਆ ਹੈ।
ਇਸ ਪੂਰੀ ਚਰਚਾ ਵਿੱਚ ਬਿਹਤਰ ਫ਼ਿਲਮ ਦਾ ਪ੍ਰਸੰਗ ਬਹੁਤ ਪਿੱਛੇ ਰਹਿ ਜਾਂਦਾ ਹੈ। ਟਰੇਡ ਵਿਸ਼ਲੇਸ਼ਕ ਕੋਮਲ ਨਾਹਟਾ ਮੁਤਾਬਿਕ ਕਿਸੇ ਵੀ ਫ਼ਿਲਮ ਦੇ ਨਿਰਮਾਣ ਦੇ ਹਰ ਖੇਤਰ ਵਿੱਚ ਬਿਹਤਰ ਯੋਜਨਾ ਬਹੁਤ ਅਹਿਮੀਅਤ ਰੱਖਦੀ ਹੈ, ਪਰ ਇਕੱਲਾ ਰਿਲੀਜ਼ ਮਿਤੀ ‘ਤੇ ਜ਼ੋਰ ਦੇਣਾ ਸਹੀ ਨਹੀਂ।