Image Courtesy :jagbani(punjabkesar)

ਦੁਬਈ- ਚੇਨੱਈ ਸੁਪਰ ਕਿੰਗਸ ਦੇ ਆਲਰਾਊਂਡਰ ਸ਼ੇਨ ਵਾਟਸਨ ਨੇ ਅਭਿਆਸ ਸੈਸ਼ਨ ‘ਚ ਹਿੱਸਾ ਲੈਣ ਤੋਂ ਬਾਅਦ ਕਿਹਾ ਕਿ ਉਨ੍ਹਾਂ ਨੂੰ ਲੈਅ ਵਾਪਿਸ ਹਾਸਿਲ ਕਰਨ ‘ਚ ਜ਼ਿਆਦਾ ਸਮਾਂ ਨਹੀਂ ਲੱਗੇਗਾ। ਚੇਨੱਈ ਦੀ ਟੀਮ ਨੇ ਆਪਣਾ ਕੁਐਰਨਟੀਨ ਪੀਰੀਅਡ ਪੂਰਾ ਹੋਣ ਤੋਂ ਬਾਅਦ ਟ੍ਰੇਨਿੰਗ ਸ਼ੁਰੂ ਕੀਤੀ। ਚੇਨੱਈ ਦੀ ਟੀਮ 21 ਅਗਸਤ ਨੂੰ IPL ਲਈ ਸੰਯੁਕਤ ਅਰਬ ਅਮੀਰਾਤ (UAE) ਪਹੁੰਚੀ ਸੀ, ਜਿੱਥੇ IPL ਦੇ 13ਵੇਂ ਸੈਸ਼ਨ ਦਾ ਆਯੋਜਨ 19 ਸਤੰਬਰ ਤੋਂ 10 ਨਵੰਬਰ ਤਕ ਹੋਣਾ ਹੈ। UAE ਪਹੁੰਚਣ ‘ਤੇ ਨਿਯਮ ਅਨੁਸਾਰ ਉਨ੍ਹਾਂ ਨੂੰ ਛੇ ਦਿਨਾਂ ਤਕ ਕੁਐਰਨਟੀਨ ‘ਚ ਰਹਿਣਾ ਪਿਆ, ਪਰ ਦੋ ਖਿਡਾਰੀਆਂ ਸਮੇਤ ਟੀਮ ਦੇ 13 ਮੈਂਬਰ ਕੋਰੋਨਾ ਪੌਜ਼ੇਟਿਵ ਪਾਏ ਜਾਣ ਤੋਂ ਬਾਅਦ ਟੀਮ ਸਮੇਂ ‘ਤੇ ਟ੍ਰੇਨਿੰਗ ਸ਼ੁਰੂ ਨਹੀਂ ਕਰ ਸਕੀ। ਹਾਲਾਂਕਿ ਚੇਨੱਈ ਦੇ ਹੋਰ ਮੈਂਬਰਾਂ ਦਾ ਕੋਰੋਨਾ ਟੈੱਸਟ ਕੀਤਾ ਗਿਆ ਸੀ ਜਿਸ ‘ਚ ਸਾਰਿਆਂ ਦੇ ਨਤੀਜੇ ਨੈਗੇਟਿਵ ਆਉਣ ‘ਤੇ ਟੀਮ ਨੇ ਟ੍ਰੇਨਿੰਗ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ। ਵਾਟਸਨ ਚੇਨੱਈ ਦੇ ਅਨੁਭਵੀ ਅਤੇ ਮਹੱਤਵਪੂਰਣ ਖਿਡਾਰੀ ਹਨ। ਉਨ੍ਹਾਂ ਨੇ ਟੀਮ ਦੇ ਨਾਲ ਅਭਿਆਸ ‘ਚ ਹਿੱਸਾ ਲਿਆ।
ਵਾਟਸਨ ਨੇ ਟਵੀਟ ਕਰ ਕਿਹਾ ਕਿ ਪਹਿਲੇ ਅਭਿਆਸ ਸੈਸ਼ਨ ‘ਚ ਚੇਨੱਈ ਸੁਪਰ ਕਿੰਗਜ਼ ਦੇ ਆਪਣੇ ਸਾਥੀ ਖਿਡਾਰੀਆਂ ਨਾਲ ਪਰਤਣਾ ਬਹੁਤ ਰੋਮਾਂਚਕ ਰਿਹਾ। ਇਸ ‘ਚ ਬਹੁਤ ਮਜ਼ਾ ਆਇਆ। ਲੈਅ ਹਾਸਿਲ ਕਰਨ ‘ਚ ਜ਼ਿਆਦਾ ਸਮਾਂ ਨਹੀਂ ਲੱਗੇਗਾ। ਜ਼ਿਕਰਯੋਗ ਹੈ ਕਿ IPL ਸ਼ੁਰੂ ਹੋਣ ਤੋਂ ਪਹਿਲਾਂ ਚੇਨਈ ਸੁਪਰ ਕਿੰਗਸ ‘ਚ ਸੁਰੇਸ਼ ਰੈਨਾ ਅਤੇ ਸਪਿਨਰ ਹਰਭਜਨ ਸਿੰਘ ਨੇ ਨਿੱਜੀ ਕਾਰਣਾਂ ਨਾਲ IPL ਦੇ ਇਸ ਸੀਜ਼ਨ ‘ਚੋਂ ਹਟਣ ਦੇ ਕਾਰਨ ਦੋਹਰਾ ਝਟਕਾ ਲੱਗਿਆ ਹੈ।