Image Courtesy :jagbani(punjabkesar)

ਦੁਬਈ – ਹੁਣ ਤਕ ਇੰਡੀਅਨ ਪ੍ਰੀਮੀਅਰ ਲੀਗ ਦੇ ਸਾਰੇ ਸੀਜ਼ਨਾਂ ਵਿੱਚ ਮਿਲੀਆਂ ਅਸਫ਼ਲਤਾਵਾਂ ਤੋਂ ਖ਼ੁਦ ਨੂੰ ਵੱਖ ਕਰ ਕੇ ਵਿਰਾਟ ਕੋਹਲੀ ਅਤੇ ਉਸ ਦੀ ਰੌਇਲ ਚੈਲੰਜ਼ਰਜ਼ ਬੈਂਗਲੁਰੂ ਟੀਮ ਇਸ ਵਾਰ ਲੀਗ ਵਿੱਚ ਉਮੀਦਾਂ ਦੇ ਦਬਾਅ ਤੋਂ ਬਿਨਾਂ ਉਤਰੇਗੀ ਅਤੇ ਕੋਹਲੀ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਸ਼ਾਂਤੀ ਉਸ ਨੇ 2016 ਵਿੱਚ ਮਹਿਸੂਸ ਕੀਤੀ ਸੀ। ਟੀਮ ਵਿੱਚ ਕੋਹਲੀ ਅਤੇ ਏ. ਬੀ. ਡਿਵਿਲੀਅਰਜ਼ ਵਰਗੇ ਚੈਂਪੀਅਨ ਖਿਡਾਰੀਆਂ ਦੀ ਮੌਜੂਦਗੀ ਦੇ ਬਾਵਜੂਦ RCB ਪਿਛਲੇ ਤਿੰਨ ਸੀਜ਼ਨਾਂ ਵਿੱਚ ਪਲੇਅ ਔਫ਼ਜ਼ ਵਿੱਚ ਵੀ ਜਗ੍ਹਾ ਨਹੀਂ ਬਣਾ ਸਕੀ। ਆਖ਼ਰੀ ਵਾਰ ਟੀਮ 2016 ਦੇ ਫ਼ਾਈਨਲ ਵਿੱਚ ਪਹੁੰਚੀ ਸੀ ਜਿਸ ਵਿੱਚ ਕੋਹਲੀ ਨੇ ਚਾਰ ਸੈਂਕੜੇ ਲਗਾਏ ਸਨ।
ਭਾਰਤੀ ਕਪਤਾਨ ਨੇ RCB ਦੇ ਬਿਆਨ ਵਿੱਚ ਕਿਹਾ, ”2016 ਵਿੱਚ IPL ਦਾ ਹਿੱਸਾ ਹੋਣਾ ਸੁਖਦਾਇਕ ਸੀ। ਉਸ ਤੋਂ ਬਾਅਦ ਤੋਂ ਇਹ ਸਭ ਤੋਂ ਸੰਤੁਲਿਤ ਟੀਮ ਹੈ।” ਕੋਹਲੀ ਨੇ ਕਿਹਾ ਕਿ ਉਹ ਅਤੇ ਡਿਵਿਲੀਅਰਜ਼ ਦੋਵੇਂ ਮਹਿਸੂਸ ਕਰ ਰਹੇ ਹਨ ਕਿ ਇਸ ਸੀਜ਼ਨ ਵਿੱਚ ਕਾਮਯਾਬੀ ਮਿਲ ਸਕਦੀ ਹੈ। ਉਸ ਨੇ ਕਿਹਾ, ”ਮੈਂ ਕਿਸੇ ਵੀ ਸੀਜ਼ਨ ਤੋਂ ਪਹਿਲਾਂ ਇਸ ਤਰ੍ਹਾਂ ਦੀ ਸ਼ਾਂਤੀ ਕਦੇ ਮਹਿਸੂਸ ਨਹੀਂ ਕੀਤੀ। AB ਵੀ ਮਹਿਸੂਸ ਕਰ ਰਿਹਾ ਹੈ ਅਤੇ ਪੂਰੀ ਤਰ੍ਹਾਂ ਫ਼ਿੱਟ ਹੋ ਕੇ ਆਇਆ ਹੈ। ਮੈਨੂੰ ਲੱਗਦਾ ਹੈ ਕਿ ਜਿੱਥੋਂ ਤਕ IPL ਦੇ ਮਾਹੌਲ ਦਾ ਸਵਾਲ ਹੈ ਤਾਂ ਮੈਂ ਬਿਹਤਰ ਅਤੇ ਜ਼ਿਆਦਾ ਸੰਤੁਲਿਤ ਮਹਿਸੂਸ ਕਰ ਰਿਹਾ ਹਾਂ।”
ਕੋਹਲੀ ਨੇ ਕਿਹਾ, ”ਅਤੀਤ ਦੀਆਂ ਚੀਜ਼ਾਂ ਨੂੰ ਭੁੱਲ ਕੇ ਅਸੀਂ ਉਮੀਦਾਂ ਦੇ ਦਬਾਅ ਤੋਂ ਬਿਨਾਂ ਖੇਡਾਂਗੇ। ਪਹਿਲਾਂ ਵੀ ਕਈ ਵਾਰ ਅਜਿਹਾ ਕਰ ਚੁੱਕੇ ਹਾਂ।” ਉਸ ਨੇ ਕਿਹਾ, ”ਸਾਡੇ ਕੋਲ ਕਾਫ਼ੀ ਹੁਨਰਮੰਦ ਖਿਡਾਰੀ ਹਨ ਅਤੇ ਲੋਕ ਉਨ੍ਹਾਂ ਨੂੰ ਖੇਡਦੇ ਹੋਏ ਦੇਖਣਾ ਪਸੰਦ ਕਰਦੇ ਹਨ। ਇਹ ਹੀ ਵਜ੍ਹਾ ਹੈ ਕਿ ਟੀਮ ਤੋਂ ਇੰਨੀਆਂ ਉਮੀਦਾਂ ਵੀ ਹਨ।”