Image Courtesy :indianexpress

ਨਵੀਂ ਦਿੱਲੀ – ਬੇਸ਼ੁਮਾਰ ਦੌਲਤ ਨਾਲ ਭਰਪੂਰ IPL ਦੇ ਸੰਯੁਕਤ ਅਰਬ ਅਮੀਰਾਤ (UAE) ਵਿੱਚ 19 ਸਤੰਬਰ ਤੋਂ 10 ਨਵੰਬਰ ਤਕ ਹੋਣ ਵਾਲੇ 13ਵੇਂ ਸੀਜ਼ਨ ਲਈ ਭਾਰਤ ਦੇ ਸੁਰੇਸ਼ ਰੈਨਾ ਅਤੇ ਹਰਭਜਨ ਸਮੇਤ ਸੱਤ ਖਿਡਾਰੀ ਨਿੱਜੀ ਕਾਰਣਾਂ ਕਾਰਨ ਹੱਟ ਚੁੱਕੇ ਹਨ। ਭਾਰਤ ਦੇ ਸੁਰੇਸ਼ ਰੈਨਾ ਅਤੇ ਹਰਭਜਨ ਸਿੰਘ, ਸ਼੍ਰੀ ਲੰਕਾ ਦੇ ਲਸਿਤ ਮਲਿੰਗਾ, ਇੰਗਲੈਂਡ ਦੇ ਕ੍ਰਿਸ ਵੋਕਸ, ਹੈਰੀ ਗੁਰਨੀ, ਜੇਸਨ ਰੌਏ ਅਤੇ ਆਸਟਰੇਲੀਆ ਦੇ ਕੈਨ ਰਿਚਰਡਸਨ ਨਿੱਜੀ ਕਾਰਣਾਂ ਕਾਰਨ IPL ਤੋਂ ਹੱਟ ਚੁੱਕੇ ਹਨ। ਕੁੱਝ ਟੀਮਾਂ ਨੇ ਹੱਟਣ ਵਾਲੇ ਖਿਡਾਰੀਆਂ ਲਈ ਅਜੇ ਦੂਜੇ ਖਿਡਾਰੀਆਂ ਨੂੰ ਨਹੀਂ ਚੁਣਿਆ ਜਦੋਂ ਕਿ ਕੁੱਝ ਨੇ ਖਿਡਾਰੀ ਚੁਣ ਲਏ ਹਨ।
ਚੇਨੱਈ ਸੁਪਰਕਿੰਗਜ਼ ਦੇ ਸਟਾਰ ਬੱਲੇਬਾਜ ਸੁਰੇਸ਼ ਰੈਨਾ ਦੁਬਈ ਪਹੁੰਚ ਗਏ ਸਨ, ਪਰ ਨਿੱਜੀ ਕਾਰਣਾਂ ਕਾਰਨ ਦੁਬਈ ਤੋਂ ਆਪਣੇ ਦੇਸ਼ ਪਰਤ ਗਏ ਜਿਸ ਨੂੰ ਲੈ ਕੇ ਵਿਵਾਦ ਵੀ ਹੋਇਆ ਸੀ। 33 ਸਾਲਾ ਰੈਨਾ ਨੇ ਬਾਅਦ ਵਿੱਚ ਸਪੱਸ਼ਟ ਕੀਤਾ ਸੀ ਕਿ ਉਹ ਆਪਣੇ ਪਰਿਵਾਰ ਕਾਰਨ ਆਪਣੇ ਦੇਸ਼ ਪਰਤੇ ਹਨ। ਦਰਅਸਲ ਰੈਨਾ ਨੇ ਆਪਣੇ ਟੀਮ ਦੇ ਇੱਕ ਭਾਰਤੀ ਖਿਡਾਰੀ ਸਮੇਤ 10 ਮੈਂਬਰਾਂ ਦੇ ਕੋਰੋਨਾ ਨਾਲ ਪੀੜਤ ਹੋਣ ਤੋਂ ਬਾਅਦ ਭਾਰਤ ਪਰਤਣ ਦਾ ਫ਼ੈਸਲਾ ਕੀਤਾ ਸੀ। ਰੈਨਾ ਨੇ ਪਿਛਲੇ ਮਹੀਨੇ 15 ਅਗਸਤ ਨੂੰ ਚੇਨੱਈ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਤੋਂ ਬਾਅਦ ਅੰਤਰਰਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਕੁੱਝ ਦੇਰ ਬਾਅਦ ਹੀ ਆਪਣੇ ਸੰਨਿਆਸ ਦੀ ਵੀ ਘੋਸ਼ਣਾ ਕਰ ਦਿੱਤੀ ਸੀ। ਰੈਨਾ 2008 ਤੋਂ IPL ਵਿੱਚ ਚੇਨੱਈ ਟੀਮ ਲਈ ਖੇਡਿਆ ਸੀ, ਅਤੇ ਇਸ ਦੌਰਾਨ ਚੇਨੱਈ ਟੀਮ ਦੇ 2016 ਅਤੇ 2017 ਵਿੱਚ ਮੁਅੱਤਲ ਹੋਣ ‘ਤੇ ਉਸ ਨੇ ਨਵੀਂ ਟੀਮ ਗੁਜਰਾਤ ਲਾਇਨਜ਼ ਦੀ ਕਪਤਾਨੀ ਕੀਤੀ ਸੀ।
IPL ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜਾਂ ਦੀ ਸੂਚੀ ਵਿੱਚ ਸੁਰੇਸ਼ ਰੈਨਾ (5, 368 ਦੌੜਾਂ) ਟੀਮ ਇੰਡੀਆ ਅਤੇ ਰੌਇਲ ਚੈਲੇਂਜਰਸ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ (5, 412 ਦੌੜਾਂ) ਤੋਂ ਬਾਅਦ ਦੂਜੇ ਨੰਬਰ ‘ਤੇ ਹੈ। ਚੇਨੱਈ ਨੇ ਉਸ ਦੇ ਬਦਲ ਲਈ ਅਜੇ ਤਕ ਕਿਸੇ ਦੂਜੇ ਖਿਡਾਰੀ ਦੇ ਨਾਮ ਦੀ ਘੋਸ਼ਣਾ ਨਹੀਂ ਕੀਤੀ ਹੈ। ਰੈਨਾ ਤੋਂ ਬਾਅਦ ਚੇਨੱਈ ਸੁਪਰ ਕਿੰਗਜ਼ ਦੇ ਭਾਰਤੀ ਔਫ਼ ਸਪਿਨਰ ਹਰਭਜਨ ਸਿੰਘ ਵੀ ਨਿੱਜੀ ਕਾਰਣਾਂ ਦਾ ਹਵਾਲਾ ਦੇ ਕੇ IPL ਤੋਂ ਹੱਟ ਗਿਆ। ਹਰਭਜਨ ਅਗਸਤ ਵਿੱਚ ਚੇਨੱਈ ਟੀਮ ਨਾਲ UAE ਨਹੀਂ ਸੀ ਗਿਆ। 40 ਸਾਲਾ ਹਰਭਜਨ 16 ਤੋਂ 20 ਅਗਸਤ ਤਕ ਚੇਨੱਈ ਵਿੱਚ ਹੋਏ ਛੇ ਦਿਨ ਦੇ ਕੈਂਪ ਵਿੱਚ ਵੀ ਸ਼ਾਮਿਲ ਨਹੀਂ ਸੀ ਹੋਇਆ। IPL ਵਿੱਚ ਹਰਭਜਨ ਨੇ 160 ਮੁਕਾਬਲੇ ਖੇਡੇ ਹਨ। ਉਸ ਨੇ IPL ਵਿੱਚ 26.45 ਦੀ ਔਸਤ ਨਾਲ 150 ਵਿਕਟਾਂ ਲਈਆਂ ਹਨ। ਇਸ ਤੋਂ ਇਲਾਵਾ ਉਸ ਨੇ 138.17 ਦੇ ਸਟਰਾਈਕ ਰੇਟ ਨਾਲ 829 ਦੌੜਾਂ ਵੀ ਬਣਾਈਆਂ ਹਨ ਜਿਸ ਵਿੱਚ ਇੱਕ ਹਾਫ਼-ਸੈਂਚਰੀ ਸ਼ਾਮਿਲ ਹੈ। ਚੇਨੱਈ ਨੇ ਹਰਭਜਨ ਲਈ ਅਜੇ ਤਕ ਬਦਲ ਦੀ ਘੋਸ਼ਣਾ ਨਹੀਂ ਕੀਤੀ।
ਪਿਛਲੇ ਚੈਂਪੀਅਨ ਮੁੰਬਈ ਇੰਡੀਅਨਜ਼ ਦੇ ਤੇਜ਼ ਗੇਂਦਬਾਜ ਮਲਿੰਗਾ ਵੀ ਨਿੱਜੀ ਕਾਰਣਾਂ ਕਾਰਨ IPL ਤੋਂ ਹੱਟ ਗਿਆ ਹੈ। ਮਲਿੰਗਾ ਨੇ ਟੀਮ ਨੂੰ ਬੇਨਤੀ ਕੀਤੀ ਸੀ ਕਿ ਉਹ ਨਿੱਜੀ ਕਾਰਣਾਂ ਅਤੇ ਸ਼੍ਰੀ ਲੰਕਾ ਵਿੱਚ ਆਪਣੇ ਪਰਿਵਾਰ ਨਾਲ ਰਹਿਣ ਕਾਰਨ ਇਸ ਸੀਜ਼ਨ ਲਈ ਉਪਲਬਧ ਨਹੀਂ। ਮੁੰਬਈ ਇੰਡੀਅਨਜ਼ ਨੇ ਮਲਿੰਗਾ ਦੀ ਜਗ੍ਹਾ ਆਸਟਰੇਲੀਆ ਦੇ ਤੇਜ਼ ਗੇਂਦਬਾਜ ਜੇਮਜ਼ ਪੈਟਿਨਸਨ ਨੂੰ ਸਮਝੌਤਾ ਕੀਤਾ ਹੈ। ਮਲਿੰਗਾ IPL ਦਾ ਸਭ ਤੋਂ ਸਫ਼ਲ ਗੇਂਦਬਾਜ ਹੈ ਅਤੇ ਉਹ 2009 ਤੋਂ 2019 ਤਕ ਮੁੰਬਈ ਇੰਡੀਅਨਜ਼ ਲਈ ਖੇਡਿਆ ਅਤੇ ਉਸ ਨੇ 122 ਮੈਚਾਂ ਵਿੱਚ 170 ਵਿਕਟਾਂ ਲਈਆਂ ਜੋ IPL ਵਿੱਚ ਸਭ ਤੋਂ ਜ਼ਿਆਦਾ ਹਨ।
ਇੰਗਲੈਂਡ ਦੇ ਆਲਰਾਊਂਡਰ ਕ੍ਰਿਸ ਵੋਕਸ ਸਿਹਤ ਕਾਰਣਾਂ ਕਾਰਨਾਂ IPL ਤੋਂ ਹੱਟ ਗਿਆ। ਦਿੱਲੀ ਕੈਪੀਟਲਜ਼ ਨੇ ਦੱਖਣੀ ਅਫ਼ਰੀਕਾ ਦੇ ਤੇਜ਼ ਗੇਂਦਬਾਜ ਐਨਰਿਚ ਨੋਰਤਜੇ ਨੂੰ ਵੋਕਸ ਦੀ ਜਗ੍ਹਾ ਟੀਮ ਵਿੱਚ ਸ਼ਾਮਿਲ ਕੀਤਾ ਹੈ। ਨੋਰਤਜੇ ਦੁਬਈ ਵਿੱਚ ਦਿੱਲੀ ਟੀਮ ਨਾਲ ਜੁੜ ਗਿਆ ਹੈ। ਵੋਕਸ ਨੇ IPL ਵਿੱਚ 25 ਵਿਕਟਾਂ ਲਈ ਸਨ ਅਤੇ ਉਹ ਡੈੱਥ ਓਵਰਾਂ ਦਾ ਮਾਹਿਰ ਮੰਨਿਆ ਜਾਂਦਾ ਹੈ।
ਦਿੱਲੀ ਕੈਪੀਟਲਜ਼ ਦਾ ਜੇਸਨ ਰੌਏ ਸੱਟ ਕਾਰਨ IPL ‘ਚੋਂ ਬਾਹਰ ਹੋ ਗਿਐ ਅਤੇ ਟੀਮ ਨੇ ਉਸ ਦੇ ਸਥਾਨ ‘ਤੇ ਆਸਟਰੇਲੀਆ ਦੇ ਗੇਂਦਬਾਜ਼ੀ ਆਲਰਾਊਂਡਰ ਡੈਨੀਅਲ ਸੈਮਜ਼ ਨਾਲ ਸਮਝੌਤਾ ਕੀਤਾ ਹੈ। 27 ਸਾਲਾ ਸੈਮਜ਼ ਨੂੰ ਇਸ ਸਾਲ ਦੇ ਸ਼ੁਰੂ ਵਿੱਚ ਬਿਗ ਬੈਸ਼ ਲੀਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਦਾ ਇਹ ਈਨਾਮ ਮਿਲਿਆ ਹੈ।
ਆਸਟਰੇਲੀਆ ਦੇ ਤੇਜ਼ ਗੇਂਦਬਾਜ ਕੈੱਨ ਰਿਚਰਡਸਨ ਨੇ ਆਪਣੇ ਪਹਿਲੇ ਬੱਚੇ ਦੇ ਜਨਮ ਕਾਰਨ IPL ਦੇ 13ਵੇਂ ਸੀਜ਼ਨ ਵਿੱਚ ਨਾ ਖੇਡਣ ਦਾ ਫ਼ੈਸਲਾ ਕੀਤਾ ਹੈ ਜਿਸ ਤੋਂ ਬਾਅਦ ਰੌਇਲ ਚੈਲੇਂਜਰਜ਼ ਬੈਂਗਲੁਰੂ ਨੇ ਰਿਚਰਡਸਨ ਦੀ ਜਗ੍ਹਾ ਆਸਟਰੇਲੀਆਈ ਲੈੱਗ ਸਪਿਨਰ ਐਡਮ ਜ਼ੈਂਪਾ ਨੂੰ ਆਪਣੀ ਟੀਮ ਵਿੱਚ ਸ਼ਾਮਿਲ ਕੀਤਾ ਹੈ। ਕੋਲਕਾਤਾ ਨਾਈਟਰਾਈਡਰਜ਼ ਦਾ ਤੇਜ਼ ਗੇਂਦਬਾਜ ਹੈਰੀ ਗੁਰਨੀ ਮੋਢੇ ‘ਤੇ ਲੱਗੀ ਸੱਟ ਕਾਰਨ ਟੂਰਨਾਮੈਂਟ ਤੋਂ ਹੱਟ ਗਿਐ। ਉਸ ਦੀ ਸਰਜਰੀ ਇਸ ਮਹੀਨੇ (ਸਤੰਬਰ ‘ਚ) ਹੋਵੇਗੀ।