Image Courtesy :jagbani(punjabkesari)

ਨੈਸ਼ਨਲ ਡੈਸਕ- ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ‘ਤੇ ਬਣੇ ਇਕ ਕਾਰਟੂਨ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕਰਨ ਲਈ ਸ਼ਿਵ ਸੈਨਾ ਦੇ 6 ਵਰਕਰਾਂ ਵਲੋਂ ਕੁੱਟਮਾਰ ਕੀਤੇ ਜਾਣ ਦੇ ਮਾਮਲੇ ‘ਚ ਜਲ ਸੈਨਾ ਦੇ ਇਕ ਰਿਟਾਇਰਡ ਅਧਿਕਾਰੀ ਮਦਨ ਸ਼ਰਮਾ ਨੇ ਅੱਜ ਯਾਨੀ ਮੰਗਲਵਾਰ ਨੂੰ ਸਾਬਕਾ ਫੌਜੀਆਂ ਨਾਲ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਰਾਜਪਾਲ ਤੋਂ ਊਧਵ ਸਰਕਾਰ ਨੂੰ ਹਟਾ ਕੇ ਮਹਾਰਾਸ਼ਟਰ ‘ਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਮੰਗ ਚੁੱਕੀ। ਰਾਜਪਾਲ ਨੂੰ ਮਿਲਣ ਤੋਂ ਬਾਅਦ ਸਾਬਕਾ ਜਲ ਸੈਨਾ ਅਧਿਕਾਰੀ ਮਦਨ ਸ਼ਰਮਾ ਨੇ ਕਿਹਾ ਕਿ ਜੋ ਘਟਨਾ ਹੋਈ ਅਸੀਂ ਰਾਜਪਾਲ ਨੂੰ ਦੱਸੀ। ਉਨ੍ਹਾਂ ਨੂੰ ਦੱਸਿਆ ਕਿ ਦੋਸ਼ੀਆਂ ਵਿਰੁੱਧ ਲਗਾਈ ਗਈਆਂ ਧਾਰਾਵਾਂ ਕਮਜ਼ੋਰ ਹਨ। ਰਾਜਪਾਲ ਜੀ ਨੇ ਕਿਹਾ ਹੈ ਕਿ ਅਸੀਂ ਇਸ ‘ਤੇ ਕਾਰਵਾਈ ਕਰਾਂਗੇ। ਮਦਨ ਸ਼ਰਮਾ ਨੇ ਕਿਹਾ ਕਿ ਮੈਂ ਇਹ ਵੀ ਮੰਗ ਕੀਤੀ ਕਿ ਸਰਕਾਰ ਨੂੰ ਬਰਖ਼ਾਸਤ ਕਰ ਕੇ ਰਾਸ਼ਟਰਪਤੀ ਸ਼ਾਸਨ ਲਗਾਇਆ ਜਾਵੇ, ਰਾਜਪਾਲ ਨੇ ਕਿਹਾ ਕਿ ਉਹ ਕੇਂਦਰ ਨਾਲ ਇਸ ਬਾਰੇ ਗੱਲ ਕਰਨਗੇ।
ਸੇਵਾਮੁਕਤ ਅਧਿਕਾਰੀ ਨੇ ਕਿਹਾ ਕਿ ਅੱਜ ਦੇ ਬਾਅਦ ਤੋਂ ਮੈਂ ਭਾਜਪਾ ਅਤੇ ਆਰ.ਐੱਸ.ਐੱਸ. ਨਾਲ ਹਾਂ। ਜਦੋਂ ਮੈਨੂੰ ਕੁੱਟਿਆ ਗਿਆ ਤਾਂ ਉਹ ਦੋਸ਼ ਲਗਾ ਰਹੇ ਸਨ ਕਿ ਮੈਂ ਆਰ.ਐੱਸ.ਐੱਸ. ਨਾਲ ਹਾਂ। ਮੈਂ ਹੁਣ ਐਲਾਨ ਕਰਦਾ ਹਾਂ ਕਿ ਮੈਂ ਭਾਜਪਾ-ਆਰ.ਐੱਸ.ਐੱਸ. ਨਾਲ ਹਾਂ। ਉਨ੍ਹਾਂ ਨੇ ਇਸ ਤੋਂ ਪਹਿਲਾਂ ਮੰਗ ਕੀਤੀ ਸੀ ਕਿ ਮੁੱਖ ਮੰਤਰੀ ਉਨ੍ਹਾਂ ਤੋਂ ਅਤੇ ਦੇਸ਼ ਤੋਂ ਮੁਆਫ਼ੀ ਮੰਗਣ। ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਸੂਬੇ ‘ਚ ਕਾਨੂੰਨ ਵਿਵਸਥਾ ਨੂੰ ਕਾਇਮ ਕਰਨ ‘ਚ ਉਹ ਅਸਮਰੱਥ ਹਨ ਤਾਂ ਠਾਕਰੇ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ। ਸ਼ਰਮਾ ਨੇ ਕਿਹਾ ਸੀ ਕਿ ਜੇਕਰ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਕੁਝ ਹੁੰਦਾ ਹੈ ਤਾਂ ਮੈਂ ਊਧਵ ਠਾਕਰੇ ਨੂੰ ਦੋਸ਼ੀ ਠਹਿਰਾਵਾਂਗਾ। ਦੱਸਣਯੋਗ ਹੈ ਕਿ ਜਲ ਸੈਨਾ ਦੇ ਸਾਬਕਾ ਅਧਿਕਾਰੀ ਮਦਨ ਸ਼ਰਮਾ ‘ਤੇ ਮੁੰਬਈ ‘ਚ ਉਨ੍ਹਾਂ ਦੀ ਸੋਸਾਇਟੀ ਦੇ ਕੰਪਲੈਕਸ ‘ਚ ਵੀ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ ਸੀ। ਰਿਪੋਰਟ ਅਨੁਸਾਰ ਹਮਲਾਵਰਾਂ ਨੇ ਖ਼ੁਦ ਨੂੰ ਸ਼ਿਵ ਸੈਨਿਕ ਦੱਸਿਆ ਸੀ। ਹਮਲੇ ਦਾ ਕਾਰਨ ਸ਼ਰਮਾ ਵਲੋਂ ਵਟਸਐੱਪ ਗਰੁੱਪ ‘ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦਾ ਇਕ ਕਾਰਟੂਨ ਸਾਂਝਾ ਕਰਨਾ ਦੱਸਿਆ ਗਿਆ ਸੀ।
News Credit :jagbani(punjabkesari)