Image Courtesy :jagbani(punjabkesari)

ਜੰਮੂ- ਜੰਮੂ-ਕਸ਼ਮੀਰ ‘ਚ ਰਾਜੌਰੀ ਜ਼ਿਲ੍ਹੇ ਦੇ ਸੁੰਦਰਬਨੀ ਸੈਕਟਰ ‘ਚ ਕੰਟਰੋਲ ਰੇਖਾ ਕੋਲ ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ ‘ਚ ਇਕ ਜਵਾਨ ਸ਼ਹੀਦ ਹੋ ਗਿਆ ਹੈ। ਰੱਖਿਆ ਬੁਲਾਰੇ ਨੇ ਬੁੱਧਵਾਰ ਨੂੰ ਦੱਸਿਆ ਕਿ ਪਾਕਿਸਤਾਨੀ ਫੌਜ ਨੇ ਮੰਗਲਵਾਰ ਸ਼ਾਮ ਨੂੰ ਰਾਜੌਰੀ ਦੇ ਸੁੰਦਰਬਨੀ ਸੈਕਟਰ ‘ਚ ਕੰਟਰੋਲ ਰੇਖਾ ਕੋਲ ਜੰਗਬੰਦੀ ਦੀ ਉਲੰਘਣਾ ਕਰ ਕੇ ਬਿਨਾਂ ਕਾਰਨ ਗੋਲੀਬਾਰੀ ਕੀਤੀ।
ਉਨ੍ਹਾਂ ਨੇ ਦੱਸਿਆ ਕਿ ਭਾਰਤੀ ਫੌਜੀਆਂ ਨੇ ਗੋਲੀਬਾਰੀ ਦਾ ਮੂੰਹ ਤੋੜ ਜਵਾਬ ਦਿੱਤਾ ਪਰ ਗੋਲੀਬਾਰੀ ‘ਚ ਨਾਇਕ ਅਨੀਸ਼ ਥਾਮਸ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਅਤੇ ਬਾਅਦ ‘ਚ ਉਨ੍ਹਾਂ ਦੀ ਮੌਤ ਹੋ ਗਈ। ਬੁਲਾਰੇ ਨੇ ਕਿਹਾ ਕਿ ਅਨੀਸ਼ ਥਾਮਸ ਇਕ ਬਹਾਦਰ ਅਤੇ ਈਮਾਨਦਾਰ ਸੈਨਿਕ ਸੀ। ਉਨ੍ਹਾਂ ਦੇ ਸਰਵਉੱਚ ਬਲੀਦਾਨ ਅਤੇ ਕਰਤੱਵ ਦੇ ਪ੍ਰਤੀ ਸਮਰਪਣ ਲਈ ਰਾਸ਼ਟਰ ਹਮੇਸ਼ਾ ਉਨ੍ਹਾਂ ਦਾ ਕਰਜ਼ਾਈ ਰਹੇਗਾ।
News Credit :jagbani(punjabkesari)