Image Courtesy :jagbani(punjabkesari)

ਚੰਡੀਗੜ੍ਹ : ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਸੱਚਰ, ਜਨਰਲ ਸਕੱਤਰ ਕੇਵਲ ਸਿੰਘ ਸਿੱਧੂ, ਵਿੱਤ ਸਕੱਤਰ ਰਾਜੀਵ ਮਲਹੋਤਰਾ, ਕਿਸ਼ਨ ਚੰਦਰ ਮਹਾਜ਼ਨ, ਗੁਰਦੀਪ ਸਿੰਘ ਬਾਸੀ, ਮਨਦੀਪ ਸਿੰਘ ਗਿਲ, ਜਗਰਾਜ ਟੱਲੇਵਾਲ, ਬਲਦੇਵ ਸਿੰਘ ਸਿੱਧੂ, ਸਤਨਾਮ ਸਿੰਘ ਢੀਂਡਸਾ, ਦਲਜੀਤ ਸਿੰਘ ਰਾਜਾਤਾਲ, ਬਰਿਜ ਲਾਲ ਪੂਹਲਾ, ਸਤਨਾਮ ਸਿੰਘ‌ ਰੋਪੜ, ਹਰਪਰੀਤ ਸਿੰਘ ਜੀਰਾ, ਜਸਵਿੰਦਰ ਸਿੰਘ ਢਿਲੋਂ ਆਦਿ ਆਗੂਆਂ ਨੇ ਕਿਹਾ ਹੈ ਕਿ ਭਾਰਤ ਸਰਕਾਰ ਵੱਲੋਂ ਕਿਸਾਨ ਮਾਰੂ ਬਿੱਲ, ਜੋ ਪੰਜਾਬ ਦੀ ਕਿਸਾਨੀ ਨੂੰ ਤਬਾਹ ਕਰਨ ਲ‌ਈ ਲੋਕ ਸਭਾ ‘ਚ ਲਿਆਂਦੇ ਜਾ ਰਹੇ ਹਨ ,ਭਾਵੇਂ ਉਹ ਖੇਤੀਬਾੜੀ, ਬਿਜਲੀ ਬਿੱਲ, ਐਮ. ਐਸ.ਪੀ. ਬਿੱਲ, ਜੋ ਕਿਸਾਨਾ ਅਤੇ ਪੰਜਾਬ ਵਿਰੋਧੀ ਹਨ, ਐਸੋਸੀਏਸ਼ਨ ਉਨ੍ਹਾਂ ਬਿਲਾਂ ਦਾ ਡੱਟ ਕੇ ਵਿਰੋਧ ਕਰਦੀ ਹੈ ਅਤੇ ਸਾਰੇ ਦੇ ਲੋਕਾਂ ਦਾ ਢਿਡ ਭਰਨ ਵਾਲੇ ਪੰਜਾਬ ਦੇ ਅੰਨਦਾਤਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ‌।
ਆਗੂਆਂ ਨੇ ਕਿਹਾ ਕਿ ਇਨ੍ਹਾਂ ਬਿੱਲਾਂ ਦੇ ਵਿਰੋਧ ‘ਚ ਕੀਤੇ ਜਾ ਰਹੇ ਸੰਘਰਸ਼ ‘ਚ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਪੂਰੀ ਸ਼ਿੱਦਤ ਅਤੇ ਇਮਾਨਦਾਰੀ ਨਾਲ ਖੜ੍ਹੀ ਹੈ। ਸੱਚਰ ਅਤੇ ਮਹਾਜਨ ਨੇ ਕਿਹਾ ਕਿ ਉਨ੍ਹਾਂ ਦਾ ਪਸ਼ੂ-ਪਾਲਣ ਮਹਿਕਮਾ ਸਿੱਧੇ ਤੌਰ ‘ਤੇ ਪੰਜਾਬ ਦੇ ਕਿਸਾਨਾਂ ਨਾਲ ਜੁੜਿਆ ਹੋਇਆ ਹੈ ਤੇ ਉਹ ਪੰਜਾਬ ਦੇ ਅੰਨਦਾਤਾ‌ ਕਿਸਾਨ ਦੀਆਂ ਮੁਸ਼ਕਲਾਂ ਨੂੰ ਭਲੀ-ਭਾਂਤ ਜਾਣਦੇ ਹਨ। ਇਸ ਲ‌ਈ ਉਹ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲ‌ਈ ਪੰਜਾਬ ਦੇ ਕਿਸਾਨਾ ਦਾ ਡੱਟ ਕੇ ਸਾਥ ਦੇਣਗੇ। ਉਨ੍ਹਾਂ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਕਿ ਉਹ ਅਜਿਹਾ ਕੋ‌ਈ ਵੀ ਬਿੱਲ ਲੋਕ ਸਭਾ ‘ਚ ਪਾਸ ਨਾ ਕਰਨ, ਜੋ ਕਿਸਾਨ ਵਿਰੋਧੀ ਹੋਵੇ। ਐਸੋਸੀਏਸ਼ਨ ਨੇ ਮੁੱਖ ਮੰਤਰੀ ਪੰਜਾਬ ਵੱਲੋਂ ਕਿਸਾਨ ਵਿਰੋਧੀ ਬਿੱਲਾਂ ਨੂੰ ਪੰਜਾਬ ‘ਚ ਲਾਗੂ ਨਾ ਕਰਨ ਬਾਰੇ ਲ‌ਏ ਗ‌ਏ ਸਖ਼ਤ ਸਟੈਂਡ ਦੀ ਵੀ ਤਾਰੀਫ਼ ਕੀਤੀ, ਜਿਨ੍ਹਾਂ ਨੇ ਔਖੇ ਸਮੇਂ ‘ਚ ਪੰਜਾਬ ਦੇ ਕਿਸਾਨਾਂ ਦਾ ਸਾਥ ਦਿਤਾ।
News Credit :jagbani(punjabkesari)