”ਖ਼ੁਦ ਨੂੰ ਜਾਣ ਲੈਣਾ ਸਮੁੱਚੇ ਗਿਆਨ ਦੀ ਪ੍ਰਾਪਤੀ ਹੈ। ਸੋ ਮੇਰਾ ਫ਼ਰਜ਼ ਬਣਦੈ ਕਿ ਮੈਂ ਸਵੈ ਨੂੰ ਜਾਣਾਂ, ਉਸ ਨੂੰ ਚੰਗੀ ਤਰ੍ਹਾਂ ਸਮਝਾਂ, ਉਸ ਨੂੰ ਉਸ ਦੇ ਇੱਕ-ਇੱਕ ਅਣੂ ਤਕ ਪਹਿਚਾਣਾਂ।” ਅਜਿਹਾ ਕਹਿਣਾ ਸੀ ਖ਼ਲੀਲ ਜਿਬਰਾਨ ਦਾ। ਜਿਹੜੇ ਲੋਕਾਂ ਨੂੰ ਉਸ ਦਾ ਇਹ ਕਥਨ ਅਸਪੱਸ਼ਟ ਲੱਗਦੈ, ਉਹ ਲੋਕ ਇਨ੍ਹਾਂ ਸਤਰਾਂ ਦੇ ਲੇਖਕ ਨੂੰ ਕੇਵਲ ਇੱਕ ਸ਼ਾਇਰ ਦੇ ਤੌਰ ‘ਤੇ ਹੀ ਦੇਖਦੇ ਨੇ, ਅਤੇ ਉਹ ਉਸ ਦੇ ਕਹੇ ਨੂੰ ਸ਼ਾਬਦਿਕ ਰੂਪ ‘ਚ ਵਿਚਾਰਣ ਦੀ ਖੇਚਲ ਨਹੀਂ ਕਰਦੇ। ਤੁਹਾਡੀ ਸੱਚੀ ਖ਼ੁਦੀ ਦਾ ਨਿਚੋੜ ਅਤੇ ਬੁਨਿਆਦ ਅਣੂ ਹੀ ਤਾਂ ਹਨ! ਤੁਸੀਂ ਆਪਣੇ ਆਪ ‘ਚ ਇੱਕ ਸ਼ਖ਼ਸੀਅਤ ਨਹੀਂ ਸਗੋਂ ਆਪਣੇ ਜੀਵਨ ਦੀ ਸ਼ਕਤੀ ਹੋ। ਸ਼ਖ਼ਸੀਅਤਾਂ ਖ਼ਤਮ ਹੋ ਸਕਦੀਆਂ ਨੇ, ਪਰ ਜੀਵਨ ਸ਼ਕਤੀਆਂ ਆਪਣਾ ਰੂਪ ਬਦਲ ਲੈਂਦੀਆਂ ਨੇ। ਤੁਹਾਡੇ ਧੁਰ ਅੰਦਰ ਤੁਹਾਨੂੰ ਪਤੈ ਕਿ ਕੀ ਕਰਨਾ ਚਾਹੀਦੈ। ਆਪਣੀ ਬੁਨਿਆਦ ‘ਚ ਵਸੇ ਅਣੂਆਂ ‘ਤੇ ਵਿਸ਼ਵਾਸ ਕਰੋ, ਅਤੇ ਉਨ੍ਹਾਂ ਨੂੰ ਆਪਣਾ ਮਾਰਗਦਰਸ਼ਨ ਕਰ ਦਿਓ।

ਚੰਗੇ ਪ੍ਰਕਾਸ਼ ਦੀ ਵਿਵਸਥਾ ਕਰਨਾ, ਕਿਸੇ ਨੂੰ ਪਿਆਰ ਕਰਨ ਦੀ ਕਲਾ ਵਾਂਗ ਹੀ, ਇੱਕ ਕੋਮਲ ਕਲਾ ਹੈ। ਤੁਹਾਨੂੰ ਪਤਾ ਹੋਣਾ ਚਾਹੀਦੈ ਤੁਸੀਂ ਕੀ ਕਰ ਰਹੇ ਹੋ। ਇਸ ਕਾਰਜ ਲਈ ਹੁਨਰ, ਸੰਵੇਦਨਸ਼ੀਲਤਾ ਅਤੇ ਸਮਝ ਦੀ ਲੋੜ ਹੁੰਦੀ ਹੈ। ਜੇਕਰ ਕੋਈ ਵੀ ਇਹ ਨੋਟਿਸ ਨਾ ਕਰੇ ਕਿ ਹੋਇਆ ਕੀ ਹੈ ਤਾਂ ਤੁਹਾਨੂੰ ਪਤੈ ਕਿ ਤੁਸੀਂ ਸਫ਼ਲ ਹੋ ਰਹੇ ਹੋ। ਕਈ ਲੋਕਾਂ ਨੂੰ ਫ਼ੌਰਨ ਪਤਾ ਚੱਲ ਜਾਂਦੈ ਜਦੋਂ ਕੋਈ ਸ਼ੈਅ ਸਹੀ ਹੋਵੇ ਅਤੇ, ਜੇਕਰ ਤੁਹਾਡੇ ਤੋਂ ਕੁਝ ਵੀ ਗ਼ਲਤ ਹੋ ਜਾਵੇ, ਉਹ ਅਜਿਹੇ ਕਾਰਨਾਂ ਨੂੰ ਲੈ ਕੇ ਬੇਚੈਨੀ ਮਹਿਸੂਸ ਕਰਨ ਲੱਗ ਪੈਂਦੇ ਨੇ ਜਿਨ੍ਹਾਂ ਨੂੰ ਉਹ ਖ਼ੁਦ ਵੀ ਨਹੀਂ ਸਮਝਦੇ। ਇਸ ਵਕਤ ਕੋਈ ਕੋਮਲ ਸ਼ਕਤੀ ਕਾਰਜਸ਼ੀਲ ਹੈ। ਉਸ ਦੀ ਮਹੱਤਤਾ ‘ਤੇ ਸਵਾਲ ਨਾ ਕਰੋ, ਉਸ ਦੀ ਉਚਿਤਤਾ ਬਾਰੇ ਨਾ ਸੋਚੋ ਜਾਂ ਉਸ ਨੂੰ ਨਿਗੂਣਾ ਨਾ ਸਮਝੋ। ਤੁਹਾਨੂੰ ਇਸ ਵਕਤ ਕਿਸੇ ਵਿਅਕਤੀ ਜਾਂ ਸ਼ੈਅ ਨੂੰ ਕੇਵਲ ਸਹੀ ਰੌਸ਼ਨੀ ‘ਚ ਦੇਖਣ ਦੀ ਲੋੜ ਹੈ।

ਕੀ ਤੁਸੀਂ ਹਾਲ ਹੀ ਵਿੱਚ ਕਿਸੇ ਚੀਜ਼ ਲਈ ਤਰਸਦੇ ਰਹੇ ਹੋ? ਬਹੁਤ ਮੁਮਕਿਨ ਹੈ ਕਿ ਜੋ ਤੁਸੀਂ ਚਾਹੁੰਦੇ ਹੋ ਉਹ ਤੁਹਾਨੂੰ ਹਾਸਿਲ ਹੋ ਜਾਵੇ, ਸੋ ਇਹ ਜ਼ਰੂਰੀ ਹੈ ਕਿ ਤੁਹਾਨੂੰ ਪੱਕਾ ਪਤਾ ਹੋਵੇ ਤੁਸੀਂ ਸੱਚਮੁੱਚ ਕੀ ਚਾਹੁੰਦੇ ਹੋ। ਵੱਡੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਹ ਤਾਂ ਇੰਝ ਹੈ ਜਿਵੇਂ, ਕੁਝ ਸਮਾਂ ਪਹਿਲਾਂ, ਤੁਸੀਂ ਬ੍ਰਹਿਮੰਡੀ ਹੈੱਲਪ ਲਾਈਨ ‘ਤੇ ਕਾਲ ਕੀਤੀ ਹੋਵੇ ਅਤੇ ਮਦਦ ਲਈ ਆਪਣੀ ਬੇਨਤੀ ਦਰਜ ਕਰਾਈ ਹੋਵੇ। ਪਰ ਕੋਈ ਮਦਦ ਨਹੀਂ ਬਹੁੜੀ, ਸੋ ਤੁਸੀਂ ਆਪਣੀ ਲੋੜ ਨੂੰ ਆਰਜ਼ੀ ਤੌਰ ‘ਤੇ ਸੰਤੁਸ਼ਟ ਕਰਨ ਦਾ ਕੋਈ ਹੋਰ ਰਾਹ ਲੱਭ ਲਿਆ। ਆਖ਼ਿਰਕਾਰ, ਕੁਦਰਤ ਨੇ ਤੁਹਾਡੀ ਕਾਲ ਦੇ ਜਵਾਬ ‘ਚ ਤੁਹਾਨੂੰ ਵਾਪਿਸ ਕਾਲ ਕੀਤੀ। ਹਾਲੇ ਵੀ ਤੁਸੀਂ ਆਪਣਾ ਆਰਡਰ ਕੈਂਸਲ ਕਰ ਸਕਦੇ ਹੋ, ਪਰ ਤੁਹਾਨੂੰ ਥੋੜ੍ਹੀ ਜਲਦੀ ਕਰਨੀ ਪਵੇਗੀ। ਡਲਿਵਰੀ ਟਰੱਕ ਡਿਸਪੈਚ ਆਫ਼ਿਸ ਤੋਂ ਚਾਲੇ ਪਾਉਣ ਹੀ ਵਾਲੈ!

ਕਈ ਅਜਿਹੇ ਵੇਲੇ ਹੁੰਦੇ ਹਨ ਜਦੋਂ ਸੋਚਣ ਤੋਂ ਛੁੱਟ ਅਸੀਂ ਹੋਰ ਕੁਝ ਵੀ ਨਹੀਂ ਕਰ ਸਕਦੇ ਕਿਉਂਕਿ ਐਕਸ਼ਨ ਲੈਣ ਦਾ ਕੋਈ ਮੌਕਾ ਹੀ ਨਹੀਂ ਹੁੰਦਾ। ਕੁਝ ਦੂਸਰੇ ਵੇਲੇ ਅਜਿਹੇ ਹੁੰਦੇ ਹਨ ਜਦੋਂ ਸਾਡੇ ਕੋਲ ਸੋਚਣ ਦਾ ਬਿਲਕੁਲ ਵੀ ਸਮਾਂ ਨਹੀਂ ਹੁੰਦਾ ਕਿਉਂਕਿ ਸਾਡੇ ਦਿਲਾਂ ‘ਚ ਬਹੁਤ ਕੁਝ ਵਾਪਰ ਰਿਹਾ ਹੁੰਦੈ, ਅਤੇ ਉਹ ਵੀ ਬਹੁਤ ਹੀ ਤੇਜ਼ੀ ਨਾਲ। ਤੁਹਾਡੇ ਲਈ ਇਹ ਕਿਹੋ ਜਿਹਾ ਵੇਲਾ ਹੈ? ਜੇਕਰ ਤੁਸੀਂ ਤਬਦੀਲੀ ਦੇ ਉਸ ਚੱਕਰਵਾਤੀ ਤੂਫ਼ਾਨ, ਜਿਹੜਾ ਭਾਵਨਾਵਾਂ ਦੇ ਤੁਹਾਡੇ ਸੰਸਾਰ ‘ਚ ਵੱਗ ਰਿਹੈ, ਬਾਰੇ ਪਹਿਲਾਂ ਤੋਂ ਹੀ ਸੁਚੇਤ ਨਹੀਂ ਤਾਂ ਛੇਤੀ ਹੀ ਤਾਕਤਵਰ ਬੁੱਲਿਆਂ ਨਾਲ ਤੁਹਾਡਾ ਟਾਕਰਾ ਹੋ ਜਾਵੇਗਾ। ਖ਼ੁਸ਼ਕਿਸਮਤੀ ਨਾਲ, ਤੁਹਾਨੂੰ ਸੋਚਣ ਦੀ ਲੋੜ ਨਹੀਂ। ਇੱਕ ਸਾਕਾਰਾਤਮਕ ਸ਼ਕਤੀ ਤੁਹਾਡੀ ਖ਼ਾਤਿਰ ਕਾਰਜਸ਼ੀਲ ਹੈ। ਯਕੀਨ ਰੱਖੋ ਕਿ ਇੱਕ ਉੱਚਤਮ ਯੋਜਨਾ ਮੌਜੂਦ ਹੈ ਅਤੇ ਉਹੀ ਕਰੋ ਜੋ ਤੁਹਾਡੇ ਅੰਦਰਲਾ ਉੱਚਾ-ਸੁੱਚਾ ਵਿਅਕਤੀ ਅਜਿਹੇ ਹਾਲਾਤ ‘ਚ ਕਰੇਗਾ।

ਕੁਝ ਲੋਕਾਂ ਦੀ ਜਾਚੇ ਤੁਸੀਂ ਬਹੁਤ ਜ਼ਿਆਦਾ ਉਲਟੀ ਖੋਪੜੀ ਵਾਲੇ ਹੋ। ਉਨ੍ਹਾਂ ਦੇ ਤਜਰਬੇ ‘ਚ, ਜੇਕਰ ਲੋਕ ਤੁਹਾਨੂੰ ਖ਼ੁਸ਼ ਕਰਨ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕਰਨ ਤਾਂ ਹੋ ਸਕਦੈ ਉਹ ਤੁਹਾਨੂੰ ਬਹੁਤ ਜ਼ਿਆਦਾ ਨਾਰਾਜ਼ ਕਰ ਬੈਠਣ। ਉਨ੍ਹਾਂ ਨੂੰ ਸ਼ੱਕ ਹੈ ਕਿ ਜੇਕਰ ਤੁਹਾਨੂੰ ਅਸਹਿਮਤੀ ਤੋਂ ਵੀ ਵੱਧ ਕੋਈ ਸ਼ੈਅ ਭੈੜੀ ਲੱਗਦੀ ਹੈ ਤਾਂ ਉਹ ਹੈ ਕਿਸੇ ਦੀ ਹਊਮੈ ਨੂੰ ਪੱਠੇ ਪਾਉਣ ਲਈ ਉਸ ਦੀ ਖ਼ੁਸ਼ਾਮਦ। ਜੇਕਰ ਇਹ ਸੱਚ ਹੈ ਤਾਂ ਫ਼ਿਰ ਤੁਹਾਡਾ ਕੋਈ ਭਾਈਵਾਲ, ਕੋਈ ਪ੍ਰੇਮੀ ਜਾਂ ਕੋਈ ਵਿਅਕਤੀ ਜਿਹੜਾ ਤੁਹਾਡੀ ਜ਼ਿੰਦਗੀ ‘ਚ ਅਜਿਹਾ ਰੋਲ ਨਿਭਾਉਣਾ ਚਾਹੁੰਦਾ ਹੋਵੇ, ਉਹ ਕੀ ਕਰੇ? ਜੇਕਰ ਉਹ ਤੁਹਾਡੇ ਪ੍ਰਤੀ ਬਹੁਤ ਜ਼ਿਆਦਾ ਸ਼ਰਧਾ ਜਾਂ ਸਮਰਪਣ ਦਿਖਾਉਂਦੇ ਹਨ ਤਾਂ ਉਹ ਅਸਫ਼ਲ ਰਹਿਣ ਵਾਲੇ ਹਨ, ਠੀਕ ਉਸੇ ਤਰ੍ਹਾਂ ਜਿਵੇਂ ਉਹ ਜ਼ਰੂਰ ਅਸਫ਼ਲ ਹੋ ਜਾਣਗੇ ਜੇ ਉਹ ਬਹੁਤ ਜ਼ਿਆਦਾ ਖ਼ੁਦਮੁਖ਼ਤਿਆਰ ਤਬੀਅਤ ਦੇ ਮਾਲਕ ਨਿਕਲੇ। ਥੋੜ੍ਹੀ ਢਿੱਲ ਦਿਓ ਅਜਿਹੇ ਲੋਕਾਂ ਨੂੰ, ਅਤੇ ਜੇ ਤੁਸੀਂ ਖ਼ੁਸ਼ਕਿਸਮਤ ਹੋਏ ਤਾਂ ਉਹ ਵੀ ਤੁਹਾਡਾ ਅਹਿਸਾਨ ਜ਼ਰੂਰ ਮੋੜਨਗੇ!