Image Courtesy :jagbani(punjabkesari)

ਸ਼੍ਰੀਨਗਰ- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ‘ਚ ਹਾਲ ਦੇ ਦਿਨਾਂ ‘ਚ ਅੱਤਵਾਦ ਦਾ ਦਾਮਨ ਫੜਨ ਵਾਲੇ 20 ਨੌਜਵਾਨ ਹਿੰਸਾ ਦਾ ਰਸਤਾ ਛੱਡ ਕੇ ਫਿਰ ਤੋਂ ਸਮਾਜ ਦੀ ਮੁੱਖ ਧਾਰਾ ‘ਚ ਸ਼ਾਮਲ ਹੋ ਗਏ ਅਤੇ ਇਹ ਹੁਣ ਆਪਣੇ ਪਰਿਵਾਰ ਨਾਲ ਆਮ ਜੀਵਨ ਬਿਤਾ ਰਹੇ ਹਨ। ਪ੍ਰਦੇਸ਼ ਦੇ ਪੁਲਸ ਡਾਇਰੈਕਟਰ ਜਨਰਲ ਦਿਲਬਾਗ ਸਿੰਘ ਨੇ ਵੀਰਵਾਰ ਨੂੰ ਇੱਥੇ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪਾਕਿਸਤਾਨੀ ਏਜੰਸੀਆਂ ਦੇ ਝਾਂਸੇ ‘ਚ ਆ ਕੇ ਅੱਤਵਾਦ ਦਾ ਦਾਮਨ ਫੜਨ ਵਾਲੇ ਅਜਿਹੇ ਕਈ ਨੌਜਵਾਨਾਂ ਨੂੰ ਫਿਰ ਤੋਂ ਮੁੱਖ ਧਾਰਾ ‘ਚ ਸ਼ਾਮਲ ਹੋਣ ਦੀ ਵੀ ਅਪੀਲ ਦੋਹਰਾਈ। ਉਨ੍ਹਾਂ ਨੇ ਕਿਹਾ,”ਅਸੀਂ ਹਿੰਸਾ ਦਾ ਰਸਤਾ ਅਪਣਾਉਣ ਵਾਲੇ ਸਾਰੇ ਨੌਜਵਾਨਾਂ ਨੂੰ ਫਿਰ ਤੋਂ ਆਮ ਅਤੇ ਸਨਮਾਨਤ ਜੀਵਨ ਨੂੰ ਅਪਣਾਉਣ ਲਈ ਵਾਪਸ ਆਉਣ ਦੀ ਅਪੀਲ ਕਰਦੇ ਹਾਂ।” ਦਿਲਬਾਗ ਸਿੰਘ ਨੇ ਕਿਹਾ ਕਿ ਅਸੀਂ ਅੱਤਵਾਦ ਦਾ ਰਸਤਾ ਛੱਡਣ ਵਾਲੇ ਸਾਰੇ ਨੌਜਵਾਨਾਂ ਦੀ ਮਦਦ ਕਰ ਰਹੇ ਹਾਂ ਅਤੇ ਇਸ ਨੂੰ ਅੱਗੇ ਵੀ ਜਾਰੀ ਰੱਖਾਂਗੇ।
ਉਨ੍ਹਾਂ ਨੇ ਕਿਹਾ ਕਿ ਪੁਲਸ ਸਮੇਤ ਸਾਰੀਆਂ ਸੁਰੱਖਿਆ ਏਜੰਸੀਆਂ ਉਨ੍ਹਾਂ ਸਾਰੇ ਨੌਜਵਾਨਾਂ ਦੀ ਮਦਦ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ, ਜਿਨ੍ਹਾਂ ਨੇ ਹਿੰਸਾ ਦਾ ਰਸਤਾ ਛੱਡ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜੋ ਲੋਕ ਹਿੰਸਾ ਦਾ ਰਸਤਾ ਨਹੀਂ ਛੱਡਣਗੇ, ਉਨ੍ਹਾਂ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ। ਪੁਲਸ ਮੁਖੀ ਨੇ ਕਿਹਾ ਕਿ ਮਾਤਾ-ਪਿਤਾ ਤੋਂ ਇਲਾਵਾ ਪੁਲਸ ਅਤੇ ਹੋਰ ਸੁਰੱਖਿਆ ਏਜੰਸੀਆਂ ਦੀਆਂ ਕੋਸ਼ਿਸ਼ਾਂ ਕਾਰਨ 20 ਨੌਜਵਾਨ, ਜੋ ਅੱਤਵਾਦ ਦੀ ਰਾਹ ‘ਤੇ ਚੱਲੇ ਗਏ ਸਨ, ਉਹ ਹੁਣ ਮੁੱਖ ਧਾਰਾ ‘ਚ ਵਾਪਸ ਆ ਗਏ ਹਨ। ਉਨ੍ਹਾਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਉਨ੍ਹਾਂ ਬਾਰੇ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਨੌਜਵਾਨ ਭਟਕ ਜਾਂਦਾ ਹੈ ਤਾਂ ਇਹ ਨਾ ਸਿਰਫ਼ ਆਪਣੇ ਪਰਿਵਾਰ ਨੂੰ ਸਗੋਂ ਪੂਰੇ ਸਮਾਜ ਨੂੰ ਪ੍ਰਭਾਵਿਤ ਕਰਦਾ ਹੈ।

News Credit :jagbani(punjabkesari)