Image Courtesy :jagbani(punjabkesari)

ਗੋਲ ਗੱਪੇ ਖਾਣੇ ਕਿਸ ਨੂੰ ਪਸੰਦ ਨਹੀਂ ਹੁੰਦੇ, ਫ਼ਿਰ ਚਾਹੇ ਉਹ ਮਰਦ ਹੋਵੇ ਜਾਂ ਫ਼ਿਰ ਔਰਤ। ਇਹ ਖਾਣ ‘ਚ ਬਹੁਤ ਹੀ ਸੁਆਦੀ ਅਤੇ ਚਟਪਟੇ ਹੁੰਦੇ ਹਨ। ਜੇਕਰ ਤੁਸੀਂ ਚਟਪਟੇ ਗੋਲ ਗੱਪੇ ਖਾਣ ਦੇ ਸ਼ੌਕੀਨ ਹੋ ਤਾਂ ਅੱਜ ਅਸੀਂ ਤੁਹਾਨੂੰ ਇਨ੍ਹਾਂ ਨੂੰ ਬਣਾਉਣ ਦਾ ਤਰੀਕਾ ਦੱਸਾਂਗੇ। ਇਨ੍ਹਾਂ ਨੂੰ ਤੁਸੀਂ ਘਰ ‘ਚ ਹੀ ਬਹੁਤ ਆਸਾਨੀ ਨਾਲ ਬਣਾ ਸਕਦੇ ਹੋ। ਤਾਂ ਫ਼ਿਰ ਆਓ ਜਾਣੀਏ ਇਨ੍ਹਾਂ ਨੂੰ ਬਣਾਉਣ ਦਾ ਤਰੀਕਾ
ਗੋਲ ਗੱਪੇ ਬਣਾਉਣ ਦੀ ਸਮੱਗਰੀ
ਇੱਕ ਕੱਪ ਮੈਦਾ
ਇੱਕ ਕੱਪ ਸੂਜੀ
1 ਕੱਪ ਤੇਲ
ਚੁਟਕੀ ਭਰ ਸੋਡਾ
1 ਕੱਪ ਪਾਣੀ
ਸੁਆਦ ਮੁਤਾਬਿਕ ਲੂਣ
ਗੋਲ ਗੱਪੇ ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਇੱਕ ਭਾਂਡੇ ‘ਚ ਸੂਜੀ, ਮੈਦਾ, ਲੂਣ, ਸੋਡਾ ਅਤੇ ਤੇਲ ਮਿਲਾਓ। ਬਾਅਦ ‘ਚ ਇਸ ਸਾਰੇ ਮਿਸ਼ਰਣ ਨੂੰ ਪਾਣੀ ਨਾਲ ਗੁੰਨ੍ਹ ਲਵੋ। ਹੁਣ ਇਸ ਗੁੰਨ੍ਹੇ ਹੋਏ ਆਟੇ ਨੂੰ 25-35 ਮਿੰਟਾਂ ਲਈ ਢੱਕ ਕੇ ਰੱਖ ਦਿਓ। ਫ਼ਿਰ ਉਸ ਆਟੇ ਨੂੰ ਇੱਕ ਵਾਰ ਫ਼ਿਰ ਤੋਂ ਗੁੰਨ੍ਹ ਕੇ ਮੁਲਾਇਮ ਕਰ ਲਓ ਅਤੇ ਤਿੰਨ ਭਾਗਾਂ ‘ਚ ਵੰਡ ਲਓ। ਧਿਆਨ ਰਹੇ ਕਿ ਆਟਾ ਨਾ ਜ਼ਿਆਦਾ ਸਖ਼ਤ ਹੋਵੇ ਅਤੇ ਨਾ ਹੀ ਜ਼ਿਆਦਾ ਮੁਲਾਇਮ। ਫ਼ਿਰ ਇਸ ਦੇ ਇੱਕ ਹਿੱਸੇ ਨੂੰ ਪੂਰੀ ਦੇ ਵਾਂਗ ਵੇਲ ਲਵੋ। ਹੁਣ ਇਸ ਵੇਲੇ ਹੋਏ ਆਟੇ ਨੂੰ ਕਿਸੇ ਗੋਲ ਸਾਂਚੇ ਨਾਲ ਦਬਾ ਕੇ ਛੋਟੇ-ਛੋਟੇ ਗੋਲ ਗੱਪੇ ਬਣਾ ਲਵੋ ਅਤੇ ਇਨ੍ਹਾਂ ਗੋਲ ਗੱਪਿਆਂ ਨੂੰ ਕਿਸੇ ਕੱਪੜੇ ਨਾਲ ਢੱਕ ਕੇ ਰੱਖ ਲਓ। ਜਦੋਂ ਇਹ ਤਿਆਰ ਹੋ ਜਾਣ ਤਾਂ ਇੱਕ ਕੜਾਹੀ ‘ਚ ਤੇਲ ਪਾ ਕੇ ਇਸ ਨੂੰ ਘੱਟ ਸੇਕ ‘ਤੇ ਗੈਸ ‘ਤੇ ਰੱਖ ਦਿਓ। ਹੁਣ ਇਨ੍ਹਾਂ ਗੋਲ ਗੱਪਿਆਂ ਨੂੰ ਪੂੜੀਆਂ ਦੇ ਵਾਂਗ ਤਲ ਲਵੋ। ਇਸ ਗੱਲ ਦਾ ਧਿਆਨ ਰੱਖੋ ਕਿ ਜੇਕਰ ਤੁਸੀਂ ਗੋਲ ਗੱਪਿਆਂ ਨੂੰ ਜ਼ਿਆਦਾ ਕਰਾਰਾ ਕਰਨਾ ਚਾਹੁੰਦੇ ਹੋ ਤਾਂ ਗੈਸ ਦਾ ਸੇਕ ਘੱਟ ਰੱਖੋ। ਜਦੋਂ ਗੋਲ ਗੱਪੇ ਤਿਆਰ ਹੋ ਜਾਣ ਤਾਂ ਇਨ੍ਹਾਂ ਨੂੰ ਤਿੰਨ ਘੰਟਿਆਂ ਲਈ ਇੱਕ ਖੁੱਲ੍ਹੇ ਭਾਂਡੇ ‘ਚ ਪਾ ਕੇ ਸਖ਼ਤ ਹੋਣ ਲਈ ਰੱਖ ਦਿਓ। ਜਦੋਂ ਗੋਲ ਗੱਪੇ ਸਖ਼ਤ ਹੋ ਕੇ ਖਾਣ ਲਈ ਤਿਆਰ ਹੋ ਜਾਣ ਤਾਂ ਇਨ੍ਹਾਂ ਨੂੰ ਮਿੱਠੀ ਅਤੇ ਨਮਕੀਨ ਚਟਨੀ ਪਾ ਕੇ ਸਰਵ ਕਰੋ।