ਮਾਇਆਨਗਰੀ ਵਿੱਚ ਨਿੱਤ ਨਵੇਂ ਕਲਾਕਾਰਾਂ ਦੀ ਆਮਦ ਹੋ ਰਹੀ ਹੈ। ਪਿਛਲੇ ਕੁੱਝ ਸਾਲਾਂ ਦੌਰਾਨ ਬਹੁਤ ਸਾਰੇ ਨਵੇਂ ਕਲਾਕਾਰ ਜਿਵੇਂ ਸੋਨਾਕਸ਼ੀ ਸਿਨ੍ਹਾ, ਸੋਨਮ ਕਪੂਰ, ਆਲੀਆ ਭੱਟ, ਰਣਬੀਰ ਕਪੂਰ ਆਦਿ ਨੇ ਆਪਣੇ ਕਰੀਅਰ ਦੀ ਸਫ਼ਲ ਸ਼ੁਰੂਆਤ ਕੀਤੀ ਹੈ ਅਤੇ ਫ਼ਿਲਮ ਨਗਰੀ ਵਿੱਚ ਆਪਣੀ ਹਾਜ਼ਰੀ ਲੁਆਉਣ ‘ਚ ਵੀ ਸਫ਼ਲ ਰਹੇ ਹਨ, ਪਰ ਹਰ ਕੋਈ ਇਨ੍ਹਾਂ ਵਾਂਗ ਖ਼ੁਸ਼ਕਿਸਮਤ ਨਹੀਂ ਹੁੰਦਾ। ਬਹੁਤ ਸਾਰੇ ਕਲਾਕਾਰ ਅਜਿਹੇ ਵੀ ਆਏ ਜਾਂ ਕਹਿ ਲਈਏ ਕਿ ਆ ਕੇ ਚਲੇ ਗਏ ਹਨ ਜਿਨ੍ਹਾਂ ਦਾ ਪਤਾ ਹੀ ਨਹੀਂ ਲੱਗਾ। ਕਈ ਕੁੱਝ ਹੱਦ ਤਕ ਸਫ਼ਲ ਵੀ ਰਹੇ, ਪਰ ਬਹੁਤੇ ਹਿੱਟ ਨਹੀਂ ਹੋ ਸਕੇ। ਅੱਜ ਅਜਿਹੇ ਉਨ੍ਹਾਂ ਹੀ ਕਲਾਕਾਰਾਂ ਦਾ ਜ਼ਿਕਰ ਕਰਾਂਗੇ ਜੋ ਪਤਾ ਨਹੀਂ ਕਿਹੜੇ ਵੇਲੇ ਬੌਲੀਵੁਡ ਦੇ ਬੂਹੇ ‘ਤੇ ਦਸਤਕ ਦੇ ਕੇ ਮੁੜ ਗਏ।
ਫ਼ਰਦੀਨ ਖ਼ਾਨ
ਫ਼ਰਦੀਨ ਖ਼ਾਨ ਵੀ ਖ਼ਾਨਦਾਨੀ ਕਲਾਕਾਰ ਹੋਣ ਦੇ ਬਾਵਜੂਦ ਉਹ ਕਮਾਲ ਨਹੀਂ ਦਿਖਾ ਸਕਿਆ ਜੋ ਕਿਸੇ ਵੇਲੇ ਉਸ ਦੇ ਪਿਤਾ ਫ਼ਿਰੋਜ਼ ਖ਼ਾਨ ਅਤੇ ਚਾਚੇ ਸੰਜੇ ਖ਼ਾਨ ਨੇ ਦਿਖਾਇਆ ਸੀ। ਜ਼ਾਏਦ ਖ਼ਾਨ ਵਾਂਗ ਫ਼ਰਦੀਨ ਵੀ ਇਸ ਗੱਲ ਦਾ ਬਦਲ ਨਹੀਂ ਹੈ ਕਿ ਜੋ ਮੰਗ ਫ਼ਿਲਮਾਂ ਵਿੱਚ ਉਨ੍ਹਾਂ ਦੇ ਵੱਡਿਆਂ ਦੀ ਸੀ, ਉਹ ਉਨ੍ਹਾਂ ਦੀ ਬਿਲਕੁਲ ਨਹੀਂ ਹੈ। ਸ਼ਕਲ-ਸੂਰਤ ਪੱਖੋਂ ਸਵੀਟ ਲੁੱਕ ਵਾਲਾ 39 ਸਾਲਾ ਫ਼ਰਦੀਨ ਹੁਣ ਫ਼ਿਲਮਾਂ ਵਿੱਚ ਨਜ਼ਰ ਨਹੀਂ ਆਉਂਦਾ। 1998 ‘ਚ ਫ਼ਿਲਮ ਪ੍ਰੇਮ ਅਗਨ ਨਾਲ ਕਰੀਅਰ ਸ਼ੁਰੂ ਕਰਨ ਪਿੱਛੋਂ ਉਸ ਨੇ ਜੰਗਲ, ਲਵ ਕੇ ਲੀਏ ਕੁਛ ਭੀ ਕਰੇਗਾ, ਕੁਛ ਤੁਮ ਕਹੋ ਕੁਛ ਹਮ, ਪਿਆਰ ਤੂਨੇ ਕਿਆ ਕੀਆ, ਓਮ ਜੈ ਜਗਦੀਸ਼ ਅਤੇ ਹੇ ਬੇਬੀ ਸਮੇਤ ਦੋ ਦਰਜਨ ਤੋਂ ਵੀ ਵਧੇਰੇ ਫ਼ਿਲਮਾਂ ਕਰਨ ਵਾਲੇ ਫ਼ਰਦੀਨ ਨੂੰ ਫ਼ਿਲਮ ਇੰਡਸਟਰੀ ਵਿੱਚ ਕੋਈ ਖ਼ਾਸ ਮੁਕਾਮ ਨਹੀਂ ਮਿਲ ਸਕਿਆ ਜੋ ਉਸ ਦੇ ਕਈ ਸਮਕਾਲੀ ਕਲਾਕਾਰਾਂ ਨੂੰ ਮਿਲਿਆ ਹੈ।
ਜ਼ਾਏਦ ਖ਼ਾਨ
33 ਸਾਲਾ ਉੱਚੇ-ਲੰਮੇ ਜ਼ਾਏਦ ਖ਼ਾਨ ਨੇ ਫ਼ਿਲਮੀ ਕਰੀਅਰ ਵਿੱਚ ਬਹੁਤੀ ਸਫ਼ਲਤਾ ਨਾ ਮਿਲਦੀ ਦੇਖ ਕੇ ਹੁਣ ਨਿਰਮਾਣ ਵੱਲ ਰੁਖ਼ ਕਰ ਲਿਆ ਹੈ। ਜ਼ਾਏਦ ਦੀਆਂ ਰਗ਼ਾਂ ‘ਚ ਵੀ ਖ਼ਾਨਦਾਨੀ ਅਦਾਕਾਰੀ ਰਚੀ ਹੋਈ ਹੈ, ਪਰ ਕਿਸਮਤ ਨੇ ਉਸ ਦਾ ਸਾਥ ਉਸ ਦੇ ਪਿਤਾ ਸੰਜੇ ਖ਼ਾਨ ਅਤੇ ਚਾਚਾ ਫ਼ਿਰੋਜ਼ ਖ਼ਾਨ ਵਾਂਗ ਨਹੀਂ ਦਿੱਤਾ। ਸੁਜ਼ੇਨ ਖ਼ਾਨ ਉਸ ਦੀ ਭੈਣ ਅਤੇ ਰਿਤਿਕ ਰੋਸ਼ਨ ਉਸ ਦਾ ਜੀਜਾ ਹੈ। ਕਲਾਕਾਰਾਂ ਦੇ ਪਰਿਵਾਰ ‘ਚੋਂ ਹੋਣ ਦੇ ਬਾਵਜੂਦ ਉਸ ਦੀ ਐਕਟਿੰਗ ਵਾਲੀ ਗੱਡੀ ਲੀਹੇ ਨਹੀਂ ਪੈ ਸਕੀ।
ਆਪਣੀ ਦੋਸਤ ਦੀਆ ਮਿਰਜ਼ਾ ਅਤੇ ਉਸ ਦੇ ਮੰਗੇਤਰ ਸਾਹਿਲ ਸੰਗਾ ਨਾਲ ਮਿਲ ਕੇ ਉਸ ਨੇ ਫ਼ਿਲਮਾਂ ਦਾ ਨਿਰਮਾਣ ਵੀ ਕੀਤਾ ਹੈ। ਮੈਂ ਹੂੰ ਨ ‘ਚ ਉਸ ਦੀ ਅਦਾਕਾਰੀ ਕਮਾਲ ਦੀ ਸੀ ਜਿਸ ਨੂੰ ਉਸ ਦੀ ਡੈਬਿਊ ਫ਼ਿਲਮ ਮੰਨਿਆ ਜਾਂਦਾ ਹੈ, ਪਰ ਇਹ ਉਸ ਦੀ ਦੂਜੀ ਫ਼ਿਲਮ ਸੀ। ਉਸ ਦੀ ਡੈਬਿਊ ਫ਼ਿਲਮ ਚੁਰਾ ਲੀਆ ਹੈ ਤੁਮਨੇ ਸੀ ਜਿਸ ਨੂੰ ਫ਼ਿਲਮ ਫ਼ੇਅਰ ਦੇ ਬੈੱਸਟ ਡੈਬਿਊ ਐਕਟਰ ਲਈ ਨਾਮਜ਼ਦ ਵੀ ਕੀਤਾ ਗਿਆ ਸੀ।
ਉਦੈ ਚੋਪੜਾ
ਮਰਹੂਮ ਨਿਰਦੇਸ਼ਕ ਯਸ਼ ਚੋਪੜਾ ਦੇ ਬੇਟੇ ਅਤੇ ਆਦਿੱਤਯ ਚੋਪੜਾ ਦੇ ਭਰਾ ਉਦੈ ਚੋਪੜਾ ਦਾ ਕਰੀਅਰ ਗ੍ਰਾਫ਼ ਬਹੁਤ ਹੀ ਨੀਵਾਂ ਹੈ। ਹਾਲਾਂਕਿ ਫ਼ਿਲਮਾਂ ਵਿੱਚ ਐਕਟਿੰਗ ਕਰਨ ਤੋਂ ਪਹਿਲਾਂ ਉਸ ਨੇ ਆਪਣੇ ਪਿਤਾ ਅਤੇ ਭਰਾ ਨਾਲ ਬਹੁਤ ਸਾਰੀਆਂ ਫ਼ਿਲਮਾਂ ‘ਚ ਬਤੌਰ ਸਹਾਇਕ ਨਿਰਦੇਸ਼ਕ ਵੀ ਕੰਮ ਕੀਤਾ ਹੈ ਅਤੇ ਮੁਝਸੇ ਦੋਸਤੀ ਕਰੋਗੇ ਵਰਗੀ ਫ਼ਿਲਮ ਦਾ ਨਿਰਮਾਣ ਵੀ ਕੀਤਾ। ਉਦੈ ਬਾਰੇ ਇੱਕ ਖ਼ਾਸ ਗੱਲ ਇਹ ਹੈ ਕਿ ਚੁਲਬੁਲੇ ਮੁੰਡੇ ਵਾਲੇ ਕਿਰਦਾਰ ਉਸ ‘ਤੇ ਵਧੇਰੇ ਫ਼ਬਦੇ ਹਨ ਪਰ ਸਿਰਫ਼ ਅਜਿਹੇ ਕਿਰਦਾਰਾਂ ਦੇ ਸਹਾਰੇ ਹੀਰੋ ਦੀ ਇਮੇਜ ਕਾਇਮ ਕਰਨੀ ਸੌਖੀ ਗੱਲ ਨਹੀਂ ਹੈ। ਮੋਹੱਬਤੇਂ ਅਤੇ ਧੂਮ ਸੀਰੀਜ਼ ਵਾਲੀਆਂ ਫ਼ਿਲਮਾਂ ਤੋਂ ਇਲਾਵਾ ਕੁੱਝ ਇੱਕ ਫ਼ਿਲਮਾਂ ‘ਚ ਨਜ਼ਰ ਆਉਣ ਪਿੱਛੋਂ ਉਦੈ ਫ਼ਿਲਮਾਂ ਤੋਂ ਗ਼ਾਇਬ ਹੀ ਹੋ ਗਿਆ ਹੈ।
ਸਿਕੰਦਰ ਖੇਰ
ਕਿਰਨ ਖੇਰ ਅਤੇ ਗੌਤਮ ਬੈਰੀ ਦੇ ਪੁੱਤਰ 31 ਸਾਲਾ ਸਿਕੰਦਰ ਦੇ ਅਨੁਪਮ ਖੇਰ ਦੂਜੇ ਪਿਤਾ ਹਨ। 1985 ਵਿੱਚ ਕਿਰਨ ਖੇਰ ਨੇ ਗੌਤਮ ਨੂੰ ਛੱਡ ਕੇ ਅਨੁਪਮ ਖੇਰ ਨਾਲ ਵਿਆਹ ਕਰਵਾਇਆ ਸੀ ਜਿਸ ਪਿੱਛੋਂ ਸਿਕੰਦਰ ਨੂੰ ਆਪਣੇ ਦੂਜੇ ਪਿਤਾ ਦਾ ਨਾਂ ਮਿਲਿਆ ਭਾਵ ਉਹ ਸਿਕੰਦਰ ਬੈਰੀ ਤੋਂ ਸਿਕੰਦਰ ਖੇਰ ਬਣ ਗਿਆ। ਫ਼ਿਲਮਾਂ ‘ਚ ਉਸ ਦੀ ਐਂਟਰੀ 2008 ‘ਚ ਆਈ ਫ਼ਿਲਮ ਵੁਡਸਟੌਕ ਵੀਲਾ ਨਾਲ ਹੋਈ। 2001 ‘ਚ ਆਈ ਫ਼ਿਲਮ ਦਿਲ ਚਾਹਤਾ ਹੈ ‘ਚ ਸੈਫ਼ ਅਲੀ ਖ਼ਾਨ ਵਾਲੇ ਰੋਲ ਲਈ ਪਹਿਲਾਂ ਸਿਕੰਦਰ ਨੂੰ ਅਪਰੋਚ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸਿਕੰਦਰ ਨੇ 1997 ਦੀ ਸੁਪਰਹਿੱਟ ਫ਼ਿਲਮ ਦਿਲ ਤੋ ਪਾਗਲ ਹੈ ‘ਚ ਯਸ਼ ਚੋਪੜਾ ਨੂੰ ਬਤੌਰ ਸਹਾਇਕ ਨਿਰਦੇਸ਼ਕ ਅਸਿਸਟ ਕੀਤਾ ਸੀ। ਫ਼ਿਰ ਦੇਵਦਾਸ ‘ਚ ਸੰਜੇ ਲੀਲਾ ਭੰਸਾਲੀ ਨੇ ਉਸ ਨੂੰ ਆਪਣੇ ਨਾਲ ਸਹਾਇਕ ਨਿਰਦੇਸ਼ਕ ਵਜੋਂ ਕੰਮ ਕਰਨ ਲਈ ਕਿਹਾ ਸੀ। ਇਸ ਦੇ ਬਾਵਜੂਦ ਬੌਲੀਵੁਡ ‘ਚ ਉਸ ਦੀ ਪਛਾਣ ਨਾਂਹ ਦੇ ਬਰਾਬਰ ਹੀ ਹੈ।
ਈਸ਼ਾ ਦਿਓਲ
ਅਦਾਕਾਰੀ ਦਾ ਖ਼ਜ਼ਾਨਾ ਈਸ਼ਾ ਦਿਓਲ ਕੋਲ ਵੀ ਘੱਟ ਨਹੀਂ, ਪਰ ਸਟਾਰ ਧੀਆਂ-ਪੁੱਤਰਾਂ ਦੀ ਇੱਕ ਵੱਡੀ ਸਮੱਸਿਆ ਇਹ ਹੁੰਦੀ ਹੈ ਕਿ ਲੋਕ ਉਨ੍ਹਾਂ ਦੀ ਤੁਲਨਾ ਉਨ੍ਹਾਂ ਦੇ ਸਫ਼ਲ ਮਾਤਾ-ਪਿਤਾ ਨਾਲ ਕਰਦੇ ਹਨ ਜਿਸ ਪੱਖੋਂ ਈਸ਼ਾ ਆਪਣੀ ਮਾਂ ਦੇ ਨੇੜੇ-ਤੇੜੇ ਵੀ ਨਹੀਂ ਢੁੱਕਦੀ। ਆਪਣੇ ਕਰੀਅਰ ਦੌਰਾਨ ਉਸ ਨੇ ਧੂਮ ਵਰਗੀ ਸਫ਼ਲ ਫ਼ਿਲਮ ਵੀ ਦਿੱਤੀ ਅਤੇ ਬਿਕੀਨੀ ਰਾਹੀਂ ਨਿਰਮਾਤਾ-ਨਿਰਦੇਸ਼ਕਾਂ ਅਤੇ ਦਰਸ਼ਕਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਗੱਲ ਨਾ ਬਣੀ। ਸ਼ਾਇਦ ਇਹੀ ਕਾਰਨ ਹੈ ਕਿ ਉਸ ਨੇ ਸਿਆਣਪ ਤੋਂ ਕੰਮ ਲੈਂਦਿਆਂ ਸਮੇਂ ਸਿਰ ਵਿਆਹ ਕਰਵਾ ਲਿਆ। ਮਹਅਕਸ਼ੈ ਚਕਰਵਰਤੀ, ਆਰਿਆ ਬੱਬਰ ਅਤੇ ਜੈਕੀ ਭਗਨਾਨੀ ਵਰਗੇ ਕਈ ਹੋਰ ਕਲਾਕਾਰਾਂ ਦੇ ਨਾਂ ਅਜਿਹੀ ਸੂਚੀ ‘ਚ ਸ਼ਾਮਿਲ ਹਨ ਜਿਨ੍ਹਾਂ ਲਈ ਸਿਰਫ਼ ਦੁਆ ਹੀ ਕੀਤੀ ਜਾ ਸਕਦੀ ਹੈ ਕਿ ਪਰਮਾਤਮਾ ਇਨ੍ਹਾਂ ਦੀ ਐਕਟਿੰਗ ਦੀ ਗੱਡੀ ਵੀ ਲੀਹੇ ਪਾਵੇ।
ਰੀਆ ਸੇਨ
ਨਾਨੀ ਸੁਚਿਤਰਾ ਸੇਨ ਅਤੇ ਮਾਂ ਮੁਨਮੁਨ ਸੇਨ ਦੀ ਅਦਾਕਾਰੀ ਦੇ ਤਾਂ ਰੀਆ ਨੇੜੇ ਵੀ ਨਹੀਂ ਢੁੱਕਦੀ। ਉਸ ਦੀ ਭੈਣ ਰਾਇਮਾ ਨੇ ਵੀ ਫ਼ਿਲਮਾਂ ‘ਚ ਹੱਥ ਅਜ਼ਮਾਇਆ, ਪਰ ਉਹ ਵੀ ਅਸਫ਼ਲ ਰਹੀ। ਪਤਾ ਨਹੀਂ ਕਲਾਕਾਰਾਂ ਦੀ ਨਵੀਂ ਪੀੜ੍ਹੀ ਦਰਸ਼ਕਾਂ ਦੀ ਕਸਵੱਟੀ ‘ਤੇ ਖਰੀ ਕਿਉਂ ਨਹੀਂ ਉਤਰਦੀ। ਖੈਰ, ਰੀਆ ਨੇ ਹੌਟ ਅਤੇ ਸੈੱਕਸੀ ਦਿਸਣ ਦਾ ਹਰ ਨੁਕਤਾ ਵੀ ਅਜ਼ਮਾ ਕੇ ਦੇਖ ਲਿਆ ਪਰ ਆਪਣੇ ਛੋਟੇ ਕੱਦ ਦਾ ਉਹ ਕੀ ਕਰੇ। ਸ਼ਾਇਦ ਇਹੀ ਕਾਰਨ ਹੈ ਕਿ ਖ਼ੂਬਸੂਰਤ ਅਤੇ ਸੈੱਕਸੀ ਲਫ਼ਜ਼ਾਂ ਦਾ ਸੁਮੇਲ ਵੀ ਉਸ ਦੇ ਕੰਮ ਨਹੀਂ ਆ ਸਕਿਆ।
ਤਨੀਸ਼ਾ ਮੁਖਰਜੀ
ਸ਼ੋਭਨਾ ਸਮਰਥ ਦੀ ਦੋਹਤੀ, ਤਨੁਜਾ ਦੀ ਬੇਟੀ, ਕਾਜਲ ਦੀ ਭੈਣ ਅਤੇ ਬਹੁਤ ਸਾਰੇ ਬੌਲੀਵੁਡ ਕਲਾਕਾਰਾਂ ਦੇ ਖ਼ਾਨਦਾਨ ਨਾਲ ਸੰਬੰਧ ਰੱਖਣ ਵਾਲੀ 35 ਸਾਲਾ ਤਨਿਸ਼ਾ ਦੇ ਖ਼ੂਨ ਵਿੱਚ ਹੀ ਅਦਾਕਾਰੀ ਰਚੀ-ਵਸੀ ਹੈ। ਭਾਵੇਂ ਕਿ ਸ਼ਕਲ-ਸੂਰਤ ਪੱਖੋਂ ਵੀ ਉਹ ਇੰਨੀ ਬੁਰੀ ਨਹੀਂ ਹੈ ਅਤੇ ਐਕਟਿੰਗ ਵੀ ਚੰਗੀ ਕਰ ਲੈਂਦੀ ਹੈ ਫ਼ਿਰ ਵੀ ਬੌਲੀਵੁੱਡ ‘ਚ ਉਸ ਦਾ ਕਰੀਅਰ ਕੋਈ ਖ਼ਾਸ ਰਫ਼ਤਾਰ ਨਹੀਂ ਫ਼ੜ ਸਕਿਆ। ਕਈ ਦਰਸ਼ਕਾਂ ਨੂੰ ਤਾਂ ਉਸ ਬਾਰੇ ਪਤਾ ਹੀ ਨਹੀਂ ਕਿ ਉਹ ਕੌਣ ਹੈ। ਖੈਰ, ਅੱਜਕੱਲ੍ਹ ਤਨੀਸ਼ਾ ਬਿਗ-ਬੌਸ-7 ਦੇ ਘਰ ਦੀ ਮਹਿਮਾਨ ਬਣੀ ਹੋਈ ਹੈ। ਸ਼ਾਇਦ ਇਹੀ ਉਸ ਦੀ ਕਿਸਮਤ ਬਦਲ ਦੇਵੇ।