Image Courtesy :jagbani(punjabkesari)

ਨਵੀਂ ਦਿੱਲੀ : ਚੀਨ ਦੀ ਫਰਮ ਝੇਨਹੂਆ ਡਾਟਾ ਇਨਫੋਰਮੇਸ਼ਨ ਤਕਨਾਲੌਜੀ ਕੰਪਨੀ ਵੱਲੋਂ 10 ਹਜ਼ਾਰ ਤੋਂ ਵਧੇਰੇ ਭਾਰਤੀ ਲੋਕਾਂ ਦੀ ਨਿਗਰਾਨੀ ਨਾਲ ਜੁੜੇ ਮਾਮਲੇ ਦੀ ਜਾਂਚ ਲਈ ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਕਮੇਟੀ ਦਾ ਗਠਨ ਕੀਤਾ। ਇਹ ਕਮੇਟੀ ਨੈਸ਼ਨਲ ਸਾਈਬਰ ਸਿਕਓਰਿਟੀ ਕੋਆਰਡੀਨੇਟਰ ਦੇ ਤਹਿਤ ਦੇਸ਼ ਦੇ ਪ੍ਰਮੁੱਖ ਸਿਆਸਤਦਾਨਾਂ ਸਮੇਤ ਹੋਰ ਲੋਕਾਂ ਦੀ ਨਿਗਰਾਨੀ ਮਾਮਲੇ ਦੀ ਜਾਂਚ ਕਰੇਗੀ। ਦੂਜੇ ਪਾਸੇ ਵਿਦੇਸ਼ ਮੰਤਰਾਲੇ ਵੱਲੋਂ ਇਸ ਮੁੱਦੇ ਨੂੰ ਭਾਰਤ ਵਿਚ ਚੀਨੀ ਰਾਜਦੂਤ ਦੇ ਸਾਹਮਣੇ ਵੀ ਉਠਾਇਆ ਗਿਆ।
ਸਮਾਚਾਰ ਏਜੰਸੀ ਏ.ਐੱਨ.ਆਈ. ਨੇ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਮਾਹਰਾਂ ਦੇ ਸਮੂਹ ਇੰਡੀਅਨ ਐਕਸਪ੍ਰੈਸ ਵਿਚ ਛਪੀ ਇਸ ਰਿਪੋਰਟ ਦੇ ਪ੍ਰਭਾਵ ਦੇ ਬਾਰੇ ਵਿਚ ਜਾਂਚ ਕਰੇਗਾ। ਨਾਲ ਹੀ ਇਹ ਵੀ ਦੇਖਿਆ ਜਾਵੇਗਾ ਕਿ ਇਸ ਵਿਚ ਕਿਸੇ ਤਰ੍ਹਾਂ ਦੇ ਨਿਯਮਾਂ ਦੀ ਉਲੰਘਣਾ ਹੋਈ ਹੈ ਜਾਂ ਨਹੀਂ। ਕਮੇਟੀ ਨੂੰ 30 ਦਿਨ ਦੇ ਅੰਦਰ ਆਪਣੀ ਰਿਪੋਰਟ ਦੇਣੀ ਹੋਵੇਗੀ। ਸੂਤਰਾਂ ਮੁਤਾਬਕ, ਕੇਂਦਰ ਸਰਕਾਰ ਭਾਰਤੀ ਨਾਗਰਿਕਾਂ ਦੇ ਵਿਅਕਤੀ ਡਾਟਾ ਅਤੇ ਨਿੱਜਤਾ ਦੀ ਸੁਰੱਖਿਆ ਦੇ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ। ਵਿਦੇਸ਼ ਮੰਤਰਾਲੇ ਵੱਲੋਂ ਇਸ ਮੁੱਦੇ ਨੂੰ ਚੀਨ ਦੇ ਸਾਹਮਣੇ ਚੁੱਕੇ ਜਾਣ ਸਬੰਧੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਾਂਗਰਸ ਨੇਤਾ ਕੇਸੀ ਵੇਣੁਗੋਪਾਲ ਨੂੰ ਵੀ ਜਾਣਕਾਰੀ ਦਿੱਤੀ।
ਵਿਦੇਸ਼ ਮੰਤਰਾਲੇ ਵੱਲੋਂ ਇਸ ਮੁੱਦੇ ਨੂੰ ਚੁੱਕੇ ਜਾਣ ‘ਤੇ ਚੀਨ ਨੇ ਕਿਹਾ ਕਿ ਝੇਨਹੁਆ ਇਕ ਪ੍ਰਾਈਵੇਟ ਕੰਪਨੀ ਹੈ ਅਤੇ ਆਪਣੀ ਸਥਿਤੀ ਜਨਤਕ ਰੂਪ ਨਾਲ ਰੱਖ ਚੁੱਕੀ ਹੈ। ਰਾਜ ਸਭਾ ਵਿਚ ਇਹ ਮੁੱਦਾ ਚੁੱਕਦੇ ਹੋਏ ਕਾਂਗਰਸ ਦੇ ਸੰਗਠਨ ਜਨਰਲ ਸਕੱਤਰ ਵੇਣੁਗੋਪਾਲ ਨੇ ਕਿਹਾ ਕਿ ਉਹ ਇਕ ਹੈਰਾਨ ਕਰ ਦੇਣ ਵਾਲੀ ਖਬਰ ਵੱਲ ਧਿਆਨ ਦਿਵਾਉਣਾ ਚਾਹੁੰਦੇ ਹਨ, ਜੋ ਰਾਸ਼ਟਰੀ ਸੁਰੱਖਿਆ ਅਤੇ ਭਾਰਤੀ ਨਾਗਰਿਕਾਂ ਦੀ ਨਿੱਜਤਾ ਨਾਲ ਸਬੰਧਤ ਹੈ। ਉਹਨਾਂ ਨੇ ਕਿਹਾ ਕਿ ਇਕ ਅੰਗਰੇਜ਼ੀ ਅਖਬਾਰ ਦੀ ਖਬਰ ਵਿਚ ਕਿਹਾ ਗਿਆ ਹੈ ਕਿ ਚੀਨ ਦੀ ਸਰਕਾਰ ਅਤੇ ਚੀਨੀ ਕਮਿਊਨਿਸਟ ਪਾਰਟੀ ਨਾਲ ਜੁੜੀ ਤਕਨਾਲੋਜੀ ਕੰਪਨੀ ਆਪਣੇ ਵਿਦੇਸ਼ੀ ਟੀਚਿਆਂ ਦੇ ਗਲੋਬਲ ਡਾਟਾ ਬੇਸ ਵਿਚ 10,000 ਤੋਂ ਵਧੇਰੇ ਭਾਰਤੀ ਲੋਕਾਂ ਅਤੇ ਸੰਗਠਨਾਂ ‘ਤੇ ਨਜ਼ਰ ਰੱਖ ਰਹੀ ਹੈ।
ਵੇਣੁਗੋਪਾਲ ਨੇ ਕਿਹਾ,”ਇਹ ਬਹੁਤ ਹੈਰਾਨ ਕਰ ਦੇਣ ਵਾਲਾ ਹੈ। ਨਿਗਰਾਨੀ ਵਿਚ ਭਾਰਤ ਦੇ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਕਾਂਗਰਸ ਪ੍ਰਧਾਨ ਸਮੇਤ ਵਿਰੋਧੀ ਧਿਰ ਦੇ ਨੇਤਾ, ਸਾਂਸਦ, ਫੌਜ ਮੁਖੀ ਅਤੇ ਉਦਯੋਗਪਤੀ ਸ਼ਾਮਲ ਹਨ।” ਉਹਨਾਂ ਨੇ ਕਿਹਾ ਕਿ ਚੀਨੀ ਕੰਪਨੀ ਨੇ ਪ੍ਰਮੁੱਖ ਅਹੁਦਿਆਂ ‘ਤੇ ਬੈਠੇ ਨੌਕਰਸ਼ਾਹਾਂ, ਜੱਜਾਂ, ਵਿਗਿਆਨੀਆਂ, ਵਿਦਵਾਨਾਂ, ਪੱਤਰਕਾਰਾਂ, ਅਦਾਕਾਰਾਂ, ਖਿਡਾਰੀਆਂ, ਧਾਰਮਿਕ ਸ਼ਖਸੀਅਤਾਂ ਅਤੇ ਕਾਰਕੁੰਨਾਂ ਦੇ ਅੰਕੜੇ ਵੀ ਇਕੱਠੇ ਕੀਤੇ ਹਨ। ਰਾਜੀਵ ਸਾਤਵ ਨੇ ਕਿਹਾ ਕਿ ਇਹ ਬਹੁਤ ਗੰਭੀਰ ਮੁੱਦਾ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ ਅਤੇ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਇਕ ਚੀਨੀ ਕੰਪਨੀ ਪ੍ਰਮੁੱਖ ਲੋਕਾਂ ਦੀ ਜਾਸੂਸੀ ਕਿਵੇਂ ਕਰ ਸਕਦੀ ਹੈ।
News Credit :jagbani(punjabkesari)