Image Courtesy :jagbani(punjabkesari)

ਨਵੀਂ ਦਿੱਲੀ – ਇੰਡੀਅਨ ਪ੍ਰੀਮੀਅਰ ਲੀਗ 2020 ਦਾ ਆਗ਼ਾਜ਼ 19 ਸਤੰਬਰ ਤੋਂ ਹੋ ਰਿਹਾ ਹੈ ਅਤੇ ਇਸ ਟੂਰਨਾਮੈਂਟ ਵਿੱਚ ਹਮੇਸ਼ਾ ਦੀ ਤਰ੍ਹਾਂ ਕੁੱਝ ਅਜਿਹੇ ਕ੍ਰਿਕਟਰ ਦੇਖਣ ਨੂੰ ਮਿਲਣਗੇ ਜੋ ਹਨ ਤਾਂ ਬੇਹੱਦ ਪ੍ਰਤਿਭਾਸ਼ਾਲੀ, ਪਰ ਲੋਕ ਉਨ੍ਹਾਂ ਦੇ ਹੁਨਰ ਤੋਂ ਵਾਕਿਫ਼ ਨਹੀਂ। ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਵਿੱਚ ਵੀ ਇੱਕ ਅਜਿਹਾ ਹੀ ਕ੍ਰਿਕਟਰ ਹੈ ਜੋ IPL ਦੇ 13ਵੇਂ ਸੀਜ਼ਨ ਵਿੱਚ ਆਪਣਾ ਦਮ ਵਿਖਾਉਣ ਲਈ ਤਿਆਰ ਹੈ। ਅਸੀਂ ਗੱਲ ਕਰ ਰਹੇ ਹਾਂ ਹਰਪ੍ਰੀਤ ਬਰਾੜ ਦੀ, ਜੋ ਸਾਲ 2019 ਵਿੱਚ ਹੋਏ IPL ਵਿੱਚ ਪੰਜਾਬ ਲਈ ਦੋ ਮੈਚ ਵੀ ਖੇਡ ਚੁੱਕਾ ਹੈ। ਹਰਪ੍ਰੀਤ ਬਰਾੜ ਪੰਜਾਬ ਦਾ ਖੱਬੇ ਹੱਥ ਦਾ ਸਪਿਨ ਗੇਂਦਬਾਜ਼ ਹੈ। ਸਾਲ 2019 IPL ਲਈ ਉਸ ਨੂੰ ਕਿੰਗਜ਼ ਇਲੈਵਨ ਪੰਜਾਬ ਨੇ 20 ਲੱਖ ਰੁਪਏ ਵਿੱਚ ਖ਼ਰੀਦਿਆ ਸੀ। ਹਰਪ੍ਰੀਤ ਬਰਾਰ ਨੇ ਹੁਣ ਤਕ ਪੰਜਾਬ ਲਈ ਫ਼ਰਸਟ ਕਲਾਸ ਕ੍ਰਿਕਟ ਨਹੀਂ ਖੇਡਿਆ, ਪਰ ਉਹ ਇੱਕ ਲਿਸਟ A ਮੈਚ ਅਤੇ 11 T-20 ਮੈਚ ਜ਼ਰੂਰ ਖੇਡੇ ਹਨ। ਪਿਛਲੇ ਸਾਲ ਸੈਯਦ ਮੁਸ਼ਤਾਕ ਅਲੀ ਟਰਾਫ਼ੀ ਵਿੱਚ ਬਰਾਰ ਨੇ ਪੰਜਾਬ ਲਈ ਟੂਰਨਾਮੈਂਟ ਵਿੱਚ ਨੌਂ ਵਿਕਟਾਂ ਲਈਆਂ ਸਨ।

ਹਰਪ੍ਰੀਤ ਬਰਾੜ ਦਾ ਕਰੀਅਰ ਬੇਹੱਦ ਮੁਸ਼ਕਿਲਾਂ ਨਾਲ ਭਰਿਆ ਰਿਹਾ ਹੈ। ਖੱਬੇ ਹੱਥ ਦੇ ਇਸ ਸਪਿਨਰ ਨੇ ਪੰਜਾਬ ਦੀ ਟੀਮ ਵਿੱਚ ਆਉਣ ਲਈ ਕਈ ਯਤਨ ਕੀਤੇ। ਕਈ ਮੈਚ ਵਿਨਿੰਗ ਪਰਫ਼ਾਰਮੈਂਸਿਜ਼ ਦਿੱਤੀਆਂ, ਪਰ ਕਿਸਮਤ ਨੇ ਹਰਪ੍ਰੀਤ ਦਾ ਸਾਥ ਨਹੀਂ ਦਿੱਤਾ। ਪੰਜਾਬ ਦੀ ਟੀਮ ਵਿੱਚ ਮੌਕਾ ਨਾ ਮਿਲਿਆ ਤਾਂ ਹਰਪ੍ਰੀਤ ਨੇ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਲਈ ਚਾਰ ਵਾਰ ਟ੍ਰਾਇਲ ਦਿੱਤਾ ਅਤੇ ਇੱਕ ਵੀ ਵਾਰ ਉਸ ਦੀ ਚੋਣ ਨਹੀਂ ਹੋਈ। ਹਰਪ੍ਰੀਤ ਬਰਾੜ ਇੱਕ ਮਿਡਲ ਕਲਾਸ ਪਰਿਵਾਰ ਤੋਂ ਹੈ ਸੋ ਉਸ ‘ਤੇ ਨੌਕਰੀ ਕਰਨ ਦਾ ਦਬਾਅ ਵਧਿਆ। ਬਰਾੜ ਦੇ ਪਿਤਾ ਪੰਜਾਬ ਪੁਲੀਸ ਵਿੱਚ ਡਰਾਈਵਰ ਹਨ ਅਤੇ ਲਗਾਤਾਰ ਅਸਫ਼ਲਤਾ ਤੋਂ ਬਾਅਦ ਹਰਪ੍ਰੀਤ ਨੂੰ ਲੱਗਣ ਲੱਗਾ ਕਿ ਉਸ ਦਾ ਕ੍ਰਿਕਟ ਵਿੱਚ ਕੁੱਝ ਨਹੀਂ ਹੋਣ ਵਾਲਾ ਜਿਸ ਤੋਂ ਬਾਅਦ ਉਸ ਨੇ ਪੜ੍ਹਾਈ ਲਈ ਕੇਨੇਡਾ ਜਾਣ ਦਾ ਫ਼ੈਸਲਾ ਕਰ ਲਿਆ, ਪਰ ਆਖ਼ਰੀ ਸਮੇਂ ਵਿੱਚ ਹਰਪ੍ਰੀਤ ਬਰਾੜ ਨੂੰ ਸਾਲ 2019 ਵਿੱਚ ਕਿੰਗਜ਼ ਇਲੈਵਨ ਪੰਜਾਬ ਨੇ ਚੁਣ ਲਿਆ। ਹਰਪ੍ਰੀਤ ਬਰਾੜ ਨੇ ਕਿੰਗਜ਼ ਇਲੈਵਨ ਪੰਜਾਬ ਲਈ IPL ਦੇ 12ਵੇਂ ਸੀਜ਼ਨ ਵਿੱਚ ਦੋ ਮੈਚ ਖੇਡੇ। ਦੋਹਾਂ ਮੈਚਾਂ ਵਿੱਚ ਉਸ ਨੂੰ ਇੱਕ ਵੀ ਵਿਕਟ ਨਹੀਂ ਮਿਲੀ ਪਰ ਉਸ ਅੰਦਰ ਪ੍ਰਤਿਭਾ ਦੀ ਕਮੀ ਨਹੀਂ। ਸ਼ਾਇਦ ਇਹੀ ਵਜ੍ਹਾ ਹੈ ਕਿ ਕਿੰਗਜ਼ ਇਲੈਵਨ ਪੰਜਾਬ ਨੇ ਇਸ ਸੀਜ਼ਨ ਵਿੱਚ ਵੀ ਉਸ ‘ਚ ਭਰੋਸਾ ਜਤਾਇਆ ਹੈ।