Image Courtesy :jagbani(punjabkesari)

ਬੇਗੋਵਾਲ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਲੀਮੈਂਟ ‘ਚ ਕਿਸਾਨਾਂ ਦੇ ਹੱਕਾਂ ਦੀ ਪੈਰਵੀ ਕਰਦਿਆਂ ਖ਼ੇਤੀ ਆਰਡੀਨੈਂਸ ਦਾ ਵਿਰੋਧ ਕਰਕੇ ਸ. ਪ੍ਰਕਾਸ਼ ਸਿੰਘ ਬਾਦਲ ਦੀਆਂ ਲੀਹਾਂ ‘ਤੇ ਚੱਲਦੇ ਹੋਏ ਅਕਾਲੀ ਦਲ ਦੇ ਸ਼ਾਨਾਮੱਤੇ ਇਤਿਹਾਸ ਨੂੰ ਅੱਗੇ ਵਧਾਇਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੀਤਾ।
ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਐੱਮ. ਪੀ. ਤਾਂ ਪਾਰਲੀਮੈਂਟ ‘ਚੋਂ ਵਾਕਆਊਟ ਕਰਕੇ ਆ ਗਏ ਪਰ ਇਨ੍ਹਾਂ ਨੇ ਆਰਡੀਨੈਂਸ ਖ਼ਿਲਾਫ਼ ਵੋਟ ਨਹੀਂ ਪਾਈ। ਸਗੋਂ 2017 ‘ਚ ਵੀ ਕਾਂਗਰਸ ਨੇ ਖੇਤੀ ਆਰਡੀਨੈਂਸ ਦੇ ਸਬੰਧ ‘ਚ ਸਹਿਮਤੀ ਪ੍ਰਗਟਾਈ ਸੀ।
ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਖ-ਵੱਖ ਸਮਿਆਂ ‘ਤੇ ਕੀਤੀਆਂ ਕੁਰਬਾਨੀਆਂ ਨੂੰ ਦੁਹਰਾਉਂਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਸ਼ਾਨਾਮੱਤਾ ਇਤਿਹਾਸ ਹੈ ਭਾਵੇਂ ਉਹ ਕੁਰਬਾਨੀਆਂ ਦੇ ਪੱਖ ਤੋਂ, ਸੇਵਾ ਦੇ ਪੱਖ ਤੋਂ ਜਾਂ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ ਦੇ ਪੱਖ ਤੋਂ ਹੋਵੇ। ਦੇਸ਼ ‘ਚ ਵੱਖ-ਵੱਖ ਸਮਿਆਂ ‘ਤੇ ਜਦੋਂ ਭੀੜ ਬਣੀ, ਉਹਦੇ ‘ਚ ਵੀ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਭੂਮਿਕਾ ਨਿਭਾਈ ਹੈ। ਦੇਸ਼ ਦੀ ਐਮਰਜੈਂਸੀ ਦੇ ਸਮੇਂ ‘ਚ ਜੇਲ੍ਹਾਂ ‘ਚ ਗਏ ਗ੍ਰਿਫ਼ਤਾਰੀਆਂ ਦਿੱਤੀਆਂ, ਧਰਮ ਯੁੱਧ ਦੇ ਮੋਰਚੇ ਵੇਲੇ ਸ਼੍ਰੋਮਣੀ ਅਕਾਲੀ ਦਲ ਨੇ ਕੁਰਬਾਨੀਆਂ ‘ਚ ਬਹੁਤ ਵੱਡਾ ਹਿੱਸਾ ਪਾਇਆ ਹੈ। ਉਨ੍ਹਾਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਹੀ ਹਰੇਕ ਵਰਗ ਦੀ ਬਾਂਹ ਫੜ ਕੇ ਉਨ੍ਹਾਂ ਦੀ ਮਦਦ ਕੀਤੀ ਹੈ।
News Credit :jagbani(punjabkesari)