Image Courtesy :jagbani(punjabkesari)

ਦੁਬਈ – ਰੌਇਲ ਚੈਲੰਜ਼ਰਜ਼ ਬੈਂਗਲੁਰੂ (RCB) ਦੇ ਕਪਤਾਨ ਵਿਰਾਟ ਕੋਹਲੀ ਨੂੰ ਚੇਨੱਈ ਸੁਪਰ ਕਿੰਗਜ਼ ਦੇ ਆਲਰਾਊਂਡਰ ਸੁਰੇਸ਼ ਰੈਨਾ ਦੇ IPL ਛੱਡ ਕੇ ਵਤਨ ਪਰਤ ਆਉਣ ਦਾ ਫ਼ਾਇਦਾ ਮਿਲੇਗਾ ਅਤੇ ਉਸ ਦਾ ਇਸ T-20 ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਦਾ ਰਿਕਾਰਡ ਕਾਇਮ ਰਹੇਗਾ। RCB ਨੇ ਬੇਸ਼ੱਕ IPL ਦੇ 12 ਸੈਸ਼ਨਾਂ ਵਿੱਚ ਇੱਕ ਵਾਰ ਵੀ ਖ਼ਿਤਾਬ ਨਹੀਂ ਜਿੱਤਿਆ, ਪਰ ਉਸ ਦੇ ਕਪਤਾਨ ਅਤੇ ਭਾਰਤੀ ਰਨ ਮਸ਼ੀਨ ਵਿਰਾਟ ਨੇ IPL ਵਿੱਚ 177 ਮੈਚਾਂ ਵਿੱਚ 37.84 ਦੀ ਔਸਤ ਅਤੇ 131.61 ਦੀ ਸਟ੍ਰਾਈਕ ਰੇਟ ਨਾਲ 5,412 ਦੌੜਾਂ ਬਣਾਈਆਂ ਹਨ ਜਿਹੜੀਆਂ IPL ਵਿੱਚ ਸਭ ਤੋਂ ਵੱਧ ਹਨ।

ਵਿਰਾਟ ਦੇ IPL ਵਿੱਚ ਸਭ ਤੋਂ ਵੱਧ ਦੌੜਾਂ ਦੇ ਰਿਕਾਰਡ ਨੂੰ ਸਭ ਤੋਂ ਨੇੜਲੀ ਚੁਣੌਤੀ ਰੈਨਾ ਤੋਂ ਮਿਲ ਰਹੀ ਸੀ ਜਿਸ ਨੇ 193 ਮੈਚਾਂ ਵਿੱਚ 5, 368 ਦੌੜਾਂ ਬਣਾਈਆਂ ਸਨ। ਵਿਰਾਟ ਅਤੇ ਰੈਨਾ ਵਿਚਾਲੇ ਸਿਰਫ਼ 44 ਦੌੜਾਂ ਦਾ ਫ਼ਰਕ ਸੀ, ਪਰ ਰੈਨਾ ਨੇ ਨਿੱਜੀ ਕਾਰਣਾਂ ਤੋਂ IPL ਛੱਡਣ ਦਾ ਫ਼ੈਸਲਾ ਕੀਤਾ ਅਤੇ UAE ਤੋਂ ਵਾਪਿਸ ਭਾਰਤ ਚਲਾ ਗਿਆ।
ਰੈਨਾ ਜੇਕਰ IPL-13 ਵਿੱਚ ਖੇਡਦਾ ਤਾਂ ਉਸ ਦੇ ਅਤੇ ਵਿਰਾਟ ਵਿਚਾਲੇ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਦੇ ਰਿਕਾਰਡ ਲਈ ਨੇੜਲਾ ਮੁਕਾਬਲਾ ਚਲਦਾ ਰਹਿੰਦਾ, ਪਰ ਰੈਨਾ ਦੇ ਭਾਰਤ ਵਾਪਿਸ ਪਰਤ ਜਾਣ ਤੋਂ ਬਾਅਦ ਹੁਣ ਵਿਰਾਟ ਦੇ ਰਿਕਾਰਡ ਨੂੰ ਕੋਈ ਖ਼ਤਰਾ ਨਹੀਂ ਰਹਿ ਗਿਆ ਹੈ ਕਿਉਂਕਿ ਤੀਜੇ ਨੰਬਰ ‘ਤੇ ਮੌਜੂਦ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਵਿਚਾਲੇ 514 ਦੌੜਾਂ ਦਾ ਵੱਡਾ ਫ਼ਰਕ ਹੈ।
ਰੋਹਿਤ ਨੇ ਟੂਰਨਾਮੈਂਟ ਵਿੱਚ 188 ਮੈਚਾਂ ਵਿੱਚ 4, 898 ਦੌੜਾਂ ਬਣਾਈਆਂ ਹਨ। ਸਨਰਾਈਜ਼ਰਜ਼ ਹੈਦਰਾਬਾਦ ਦੇ ਕਪਤਾਨ ਆਸਟਰੇਲੀਆ ਦੇ ਡੇਵਿਡ ਵਾਰਨਰ ਨੇ 126 ਮੈਚਾਂ ਵਿੱਚ 4, 706 ਦੌੜਾਂ, ਦਿੱਲੀ ਕੈਪੀਟਲਜ਼ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ 159 ਮੈਚਾਂ ਵਿੱਚ 4, 579 ਦੌੜਾਂ, ਕਿੰਗਜ਼ ਇਲੈਵਨ ਪੰਜਾਬ ਦੇ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਨੇ 125 ਮੈਚਾਂ ਵਿੱਚ 4, 484 ਦੌੜਾਂ ਅਤੇ ਚੇਨੱਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ 190 ਮੈਚਾਂ ਵਿੱਚ 4, 432 ਦੌੜਾਂ ਬਣਾਈਆਂ ਹਨ।

ਵਿਰਾਟ ਕੋਲ IPL-13 ਵਿੱਚ ਛੱਕਿਆਂ ਦਾ ਦੋਹਰਾ ਸੈਂਕੜਾ ਪੂਰਾ ਕਰਨ ਦਾ ਵੀ ਮੌਕਾ ਰਹੇਗਾ। IPL ਵਿੱਚ ਹੁਣ ਤਕ ਇਹ ਕਾਰਨਾਮਾ ਤਿੰਨ ਹੀ ਖਿਡਾਰੀ ਕਰ ਸਕੇ ਹਨ। ਕ੍ਰਿਸ ਗੇਲ ਨੇ IPL ਵਿੱਚ 326 ਛੱਕੇ, ਬੈਂਗਲੁਰੂ ਦੇ ਏ. ਬੀ. ਡਿਵਿਲੀਅਰਜ਼ ਨੇ 154 ਮੈਚਾਂ ਵਿੱਚ 212 ਛੱਕੇ ਅਤੇ ਧੋਨੀ ਨੇ 209 ਛੱਕੇ ਲਗਾਏ ਹਨ। ਜੇਕਰ ਰੈਨਾ ਇਸ ਵਾਰ ਖੇਡਦਾ ਤਾਂ ਉਹ ਵੀ ਛੱਕਿਆਂ ਦਾ ਦੋਹਰਾ ਸੈਂਕੜਾ ਪੂਰਾ ਕਰ ਸਕਦਾ ਸੀ।
ਮੁੰਬਈ ਦੇ ਕਪਤਾਨ ਰੋਹਿਤ ਕੋਲ ਟੂਰਨਾਮੈਂਟ ਵਿੱਚ ਚਾਰ ਨਿੱਜੀ ਉਪਲਬਧੀਆਂ ਹਾਸਲ ਕਰਨ ਦਾ ਸੁਨਹਿਰੀ ਮੌਕਾ ਰਹੇਗਾ। ਰੋਹਿਤ ਨੇ ਹੁਣ ਤਕ 188 ਮੈਚ ਖੇਡੇ ਹਨ ਅਤੇ ਉਹ ਲੀਗ ਦੌਰ ਵਿੱਚ ਹੀ 200 ਮੈਚ ਪੂਰੇ ਕਰ ਲਵੇਗਾ। ਇਸ ਤੋਂ ਇਲਾਵਾ ਉਸ ਨੂੰ ਟੂਰਨਾਮੈਂਟ ਵਿੱਚ ਪੰਜ ਹਜ਼ਾਰ ਦੌੜਾਂ ਪੂਰੀਆਂ ਕਰਨ ਲਈ ਸਿਰਫ਼ 102 ਦੌੜਾਂ ਦੀ ਲੋੜ ਹੈ। ਰੋਹਿਤ ਨੂੰ ਟੂਰਨਾਮੈਂਟ ਵਿੱਚ ਛੱਕਿਆਂ ਦਾ ਦੋਹਰਾ ਸੈਂਕੜਾ ਪੂਰਾ ਕਰਨ ਲਈ ਛੇ ਛੱਕਿਆਂ ਦੀ ਲੋੜ ਹੈ।
ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕਾ ਅਤੇ ਤਿੰਨ ਵਾਰ ਦਾ IPL ਜੇਤੂ ਧੋਨੀ ਵੀ ਇਸ ਟੂਰਨਾਮੈਂਟ ਵਿੱਚ 200 ਮੈਚ ਪੂਰੇ ਕਰ ਲਵੇਗਾ। ਲੀਗ ਦੌਰ ਵਿੱਚ 10ਵਾਂ ਮੈਚ ਖੇਡਣ ਦੇ ਨਾਲ ਹੀ ਧੋਨੀ ਦੇ 200 ਮੈਚ ਪੂਰੇ ਹੋ ਜਾਣਗੇ। ਉਸ ਨੇ ਹੁਣ ਤਕ 190 ਮੈਚ ਖੇਡੇ ਹਨ। ਹੈਦਰਾਬਾਦ ਦੇ ਕਪਤਾਨ ਵਾਰਨਰ ਕੋਲ ਵੀ ਟੂਰਨਾਮੈਂਟ ਵਿੱਚ ਪੰਜ ਹਜ਼ਾਰ ਦੌੜਾਂ ਪੂਰੀਆਂ ਕਰਨ ਦਾ ਮੌਕਾ ਰਹੇਗਾ ਜਿਸ ਤੋਂ ਉਹ 294 ਦੌੜਾਂ ਦੂਰ ਹੈ। ਹੈਦਰਾਬਾਦ ਦੇ ਵਾਰਨਰ ਨੇ ਹੁਣ ਤਕ 126 ਮੈਚਾਂ ਵਿੱਚ 181 ਛੱਕੇ, ਚੇਨੱਈ ਦੇ ਵਾਟਸਨ ਨੇ 134 ਮੈਚਾਂ ਵਿੱਚ 177 ਛੱਕੇ ਅਤੇ ਮੁੰਬਈ ਇੰਡੀਅਨਜ਼ ਦੇ ਪੋਲਾਰਡ ਨੇ 148 ਮੈਚਾਂ ਵਿੱਚ 176 ਛੱਕੇ ਲਾਏ ਹਨ।