Image Courtesy :jagbani(punjabkesari)

ਮੁੰਬਈ – ਮਹਾਰਾਸ਼ਟਰ ‘ਚ ਮਰਾਠਾ ਭਾਈਚਾਰਾ ਇੱਕ ਵਾਰ ਫਿਰ ਹਮਲਾਵਰ ਹੋ ਗਿਆ ਹੈ। ਪੱਛਮੀ ਮਹਾਰਾਸ਼ਟਰ ਅਤੇ ਮਰਾਠਵਾੜਾ ‘ਚ ਮਰਾਠਾ ਰਾਖਵਾਂਕਰਨ ਦੀ ਚੰਗਿਆੜੀ ਭੜਕ ਉੱਠੀ ਹੈ। ਵੀਰਵਾਰ ਨੂੰ ਪੁਣੇ, ਕੋਲਹਾਪੁਰ ਅਤੇ ਜਾਲਨਾ ਆਦਿ ਜ਼ਿਲ੍ਹਿਆਂ ‘ਚ ਮਰਾਠਾ ਭਾਈਚਾਰੇ ਦੇ ਲੋਕ ਸੜਕ ‘ਤੇ ਉਤਰੇ। ਕਿਤੇ, ਮੰਤਰੀਆਂ ਦੀ ਘੇਰਾਬੰਦੀ ਕੀਤੀ ਤਾਂ ਕਿਤੇ ਮੰਤਰੀਆਂ ਦਾ ਰਾਹ ਰੋਕਿਆ ਗਿਆ। ਸੁਪਰੀਮ ਕੋਰਟ ਨੇ ਮਹਾਰਾਸ਼ਟਰ ‘ਚ ਮਰਾਠਾ ਭਾਈਚਾਰੇ ਨੂੰ ਸਰਕਾਰੀ ਨੌਕਰੀਆਂ ਅਤੇ ਵਿਦਿਅਕ ਸੰਸਥਾਵਾਂ ‘ਚ ਮਰਾਠਾ ਰਾਖਵਾਂਕਰਨ ‘ਤੇ ਅੰਤਰਿਮ ਰੋਕ ਲਗਾਈ ਹੈ। ਇਸ ਤੋਂ ਬਾਅਦ ਹੀ ਮਰਾਠਾ ਭਾਈਚਾਰਾ ਰਾਖਵਾਂਕਰਨ ਨੂੰ ਲੈ ਕੇ ਆਪਣੇ ਤੇਵਰ ਵਿਖਾਉਣ ਲੱਗਾ ਹੈ।
ਪੁਣੇ ‘ਚ ਮਰਾਠਾ ਕ੍ਰਾਂਤੀ ਮੋਰਚਾ ਤਾਂ ਮਰਾਠਵਾੜਾ ‘ਚ ਮਰਾਠਾ ਰਾਖਵਾਂਕਰਨ ਸੰਘਰਸ਼ ਕਮੇਟੀ ਦੇ ਲੋਕਾਂ ਨੇ ਅੰਦਲੋਨ ਸ਼ੁਰੂ ਕਰ ਦਿੱਤਾ ਹੈ। ਨਾਲ ਹੀ, ਸੂਬੇ ਦੀ ਮਹਾਵਿਕਾਸ ਆਘਾੜੀ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਛੇਤੀ ਹੀ ਫ਼ੈਸਲਾ ਨਹੀਂ ਹੋਇਆ ਤਾਂ ਮਰਾਠਾ ਭਾਈਚਾਰਾ ਫਿਰ ਤੋਂ ਸੜਕਾਂ ‘ਤੇ ਉਤਰੇਗਾ। ਦੂਜੇ ਪਾਸੇ, ਵਿਰੋਧੀ ਧਿਰ ਨੇ ਵੀ ਇਸ ਮੁੱਦੇ ਨੂੰ ਹਵਾ ਦੇ ਦਿੱਤੀ ਹੈ। ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਸੰਸਦ ਨਰਾਇਣ ਰਾਣੇ ਨੇ ਇਸ ਮਾਮਲੇ ‘ਚ ਮੁੱਖ ਮੰਤਰੀ ਉਧਵ ਠਾਕਰੇ ਨੂੰ ਕਟਿਹਰੇ ‘ਚ ਖੜਾ ਕਰਦੇ ਹੋਏ ਕਿਹਾ ਕਿ ਮਰਾਠਾ ਰਾਖਵਾਂਕਰਨ ਨੂੰ ਲੈ ਕੇ ਉਧਵ ਠਾਕਰੇ ਕਦੇ ਗੰਭੀਰ ਨਹੀਂ ਸਨ।

News Credit :jagbani(punjabkesari)