ਫਤਿਹਗੜ੍ਹ ਸਾਹਿਬ : ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਕਿਸਾਨੀ ਹੱਕਾਂ ‘ਤੇ ਆਰਡੀਨੈਂਸ ਦੇ ਰੂਪ ‘ਚ ਮਾਰੇ ਡਾਕੇ ਦਾ ਹਿਸਾਬ ਲੈਣ ਲਈ ਲੋਕ ਇਨਸਾਫ ਪਾਰਟੀ ਦਾ ਇੱਕ ਵੱਡਾ ਕਾਫ਼ਲਾ ਮੋਟਰਸਾਈਕਲਾਂ ‘ਤੇ ਪਾਰਟੀ ਦੇ ਕੌਮੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ‘ਚ ਸੰਸਦ ਨੂੰ ਘੇਰਨ ਲਈ ਰਵਾਨਾ ਹੋਇਆ। ਇਸ ਮੌਕੇ ਪਾਰਟੀ ਸੁਪਰੀਮੋ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦੇ ਲੋਕ ਸੱਚ ਕਹਿੰਦੇ ਹਨ ਕਿ ਸਿਆਸੀ ਪਾਰਟੀਆਂ ਕਿਸਾਨੀ ਮੁੱਦਿਆਂ ‘ਤੇ ਸਿਰਫ ਰਾਜਨੀਤੀ ਕਰ ਰਹੀਆਂ ਹਨ।
ਅਜਿਹੇ ਹਲਾਤ ‘ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਗਵਾਈ ਕਰਨੀ ਚਾਹੀਦੀ ਸੀ ਕਿ ਉਹ ਅੱਗੇ ਲੱਗਣਗੇ, ਬਾਕੀ ਸਾਰੇ ਸਾਥ ਦਿਓ ਪਰ ਅਜਿਹਾ ਨਹੀ ਹੋਇਆ ਅਤੇ ਹਰ ਪਾਰਟੀ ਆਪਣੀ ਸਿਆਸਤ ਚਮਕਾਉਣ ਲਈ ਛੋਟੀਆਂ-ਛੋਟੀਆਂ ਗੱਲਾਂ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਆਰਡੀਨੈਂਸ ਪਾਸ ਹੋਣ ਨਾਲ ਪੰਜਾਬ ਸਮੇਤ ਹਰਿਆਣਾ ਅਤੇ ਯੂ. ਪੀ ਦੇ ਕਿਸਾਨਾਂ ‘ਚ ਭਾਰੀ ਨਿਰਾਸ਼ਾ ਹੈ, ਜਿੱਥੇ ਝੋਨੇ ਅਤੇ ਕਣਕ ਦੀ ਖਰੀਦ ਅਕਸਰ ਸਰਕਾਰੀ ਕੰਪਨੀਆਂ ਵੱਲੋਂ ਕੀਤੀ ਜਾਂਦੀ ਹੈ, ਜੋ ਆਰਡੀਨੈਂਸ ਦੇ ਪਾਸ ਹੋਣ ਨਾਲ ਖਤਮ ਹੋ ਜਾਵੇਗੀ, ਕਿਸਾਨਾਂ ਦੀਆਂ ਜ਼ਮੀਨਾਂ ਨੂੰ ਟੇਢੇ ਤਰੀਕੇ ਨਾਲ਼ ਕਾਰਪੋਰੇਟ ਘਰਾਣਿਆਂ ਵੱਲੋਂ ਦੱਬਣ ਦੀਆਂ ਚਾਲਾਂ ਨੂੰ ਅਸਫ਼ਲ ਕਰਨ ਲਈ ਲੋਕ ਇਨਸਾਫ ਪਾਰਟੀ ਹਰ ਸ਼ੰਘਰਸ਼ ਵਿੱਢਣ ਲਈ ਤਿਆਰ ਹੈ।
ਉਨ੍ਹਾਂ ਨਵਜੋਤ ਸਿੱਧੂ ਵੱਲੋਂ ਕਿਸਾਨਾਂ ਦੇ ਹੱਕ ‘ਚ ਆਉਣ ਦਾ ਸਵਾਗਤ ਕੀਤਾ ਅਤੇ ਨਾਲ ਹੀ ਚੁਟਕੀ ਲੈਂਦਿਆਂ ਕਿਹਾ ਕਿ ਜੇਕਰ ਸ਼ਰਾਬ ਨਾਲ ਮਰਨ ਵਾਲਿਆਂ ਦੇ ਹੱਕ ‘ਚ ਖੜ੍ਹੇ ਹੁੰਦੇ ਤਾਂ ਹੋਰ ਵੀ ਵਧੀਆ ਹੋਣਾ ਸੀ। ਉਨ੍ਹਾਂ ਕਿਹਾ ਕਿ 25 ਸਤੰਬਰ ਨੂੰ ਕਿਸਾਨ ਜੱਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਚੱਕਾ ਜਾਮ ਦਾ ਉਹ ਪੂਰਨ ਸਮੱਰਥਨ ਕਰਨਗੇ। ਉਨ੍ਹਾਂ ਅਸਤੀਫ਼ਾ ਦੇਣ ਵਾਲੀ ਗੱਲ ਨੂੰ ਛੋਟੀ ਸਿਆਸਤ ਦੱਸਿਆ ਅਤੇ ਕਿਹਾ ਕਿ ਅਸਤੀਫ਼ੇ ਤਾਂ ਖਹਿਰਾ, ਬਲਦੇਵ ਸਿੰਘ ਨੇ ਵੀ ਦਿੱਤੇ ਸੀ, ਜੋ ਅੱਜ ਤੱਕ ਵਿਧਾਨ ਸਭਾ ‘ਚ ਰੁਲ ਰਹੇ ਹਨ।
News Credit :jagbani(punjabkesari)