Image Courtesy :jagbani(punjabkesari)

ਆਬੁ ਧਾਬੀ – ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਦਿਨੇਸ਼ ਕਾਰਤਿਕ ਨੂੰ ਭਰੋਸਾ ਹੈ ਕਿ ਪ੍ਰਤਿਭਾਵਾਨ ਭਾਰਤੀ ਬੱਲੇਬਾਜ਼ ਸ਼ੁਭਮਨ ਗਿੱਲ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਮੌਜੂਦਾ ਸੈਸ਼ਨ ‘ਚ ਉਮੀਦ ਤੋਂ ਬਿਹਤਰ ਪ੍ਰਦਰਸ਼ਨ ਕਰੇਗਾ। ਗਿੱਲ ਨੂੰ ਪਿਛਲੇ ਸੈਸ਼ਨ ‘ਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਦਾ ਜ਼ਿਆਦਾ ਮੌਕਾ ਨਹੀਂ ਸੀ ਮਿਲਿਆ ਕਿਉਂਕਿ ਉਸ ਦੇ ਬੱਲੇਬਾਜ਼ੀ ਕ੍ਰਮ ਨੂੰ ਬਾਰ-ਬਾਰ ਬਦਲਿਆ ਜਾ ਰਿਹਾ ਸੀ। ਇਸ ਵਾਰ KKR ਦੇ ਕੋਚ ਬ੍ਰੈਂਡਨ ਮੈਕਲਮ ਨੇ ਹਾਲਾਂਕਿ 21 ਸਾਲ ਦੇ ਇਸ ਖਿਡਾਰੀ ਤੋਂ ਪਾਰੀ ਦੀ ਸ਼ੁਰੂਆਤ ਕਰਵਾਉਣ ਦਾ ਮਨ ਬਣਾਇਆ ਸੀ, ਅਤੇ ਚੇਨੱਈ ਸੁਪਰ ਕਿੰਗਜ਼ ਨਾਲ ਆਪਣੇ ਪਹਿਲੇ ਮੈਚ ਵਿੱਚ ਓਪਨਿੰਗ ਕਰਦਿਆਂ ਉਸ ਨੇ 50 ਗੇਂਦਾਂ ‘ਚ 75 ਦੌੜਾਂ ਬਣਾਈਆਂ।
ਮੁੰਬਈ ਇੰਡੀਅਨਜ਼ ਖਿਲਾਫ਼ ਮੌਜੂਦਾ IPL ਸੈਸ਼ਨ ਦੇ ਆਪਣੇ ਪਹਿਲੇ ਮੈਚ ਦੀ ਸ਼ੁਰੂਆਤ ‘ਤੇ ਕਾਰਤਿਕ ਨੇ ਔਨਲਾਈਨ ਪ੍ਰੈੱਸ ਕਾਨਫ਼ਰੰਸ ‘ਚ ਕਿਹਾ, ”ਸ਼ੁਭਮਨ ਇੱਕ ਪ੍ਰਤਿਭਾਵਾਨ ਖਿਡਾਰੀ ਹੈ। ਦੁਨੀਆ ਭਰ ‘ਚ ਉਸ ਤੋਂ ਬਹੁਤ ਉਮੀਦਾਂ ਹਨ, ਮੈਨੂੰ ਭਰੋਸਾ ਹੈ ਕਿ ਉਹ ਸਾਰੀਆਂ ਉਮੀਦਾਂ ਤੋਂ ਬਿਹਤਰ ਪ੍ਰਦਰਸ਼ਨ ਕਰੇਗਾ।” ਉਨ੍ਹਾਂ ਕਿਹਾ ਕਿ ਗਿੱਲ ਅਤੇ ਸੁਨੀਲ ਨਰਾਇਣ ਦੇ ਰੂਪ ‘ਚ ਟੀਮ ਕੋਲ ਸਲਾਮੀ ਬੱਲੇਬਾਜ਼ੀ ਲਈ ਚੰਗੀ ਜੋੜੀ ਹੈ। ਉਨ੍ਹਾਂ ਕਿਹਾ, ”ਸੁਨੀਲ ਨਰਾਇਣ ਦੀ ਬੱਲੇਬਾਜ਼ੀ ਸ਼ੈਲੀ ਨਾਲ ਸਾਡੇ ਲਈ ਸਥਿਤੀ ਆਸਾਨ ਹੋਵੇਗੀ। ਇਹ ਇੱਕ ਬਹੁਤ ਹੀ ਅਨੋਖੀ ਸਲਾਮੀ ਜੋੜੀ ਹੈ।”
ਕਾਰਤਿਕ ਨੇ ਸਵੀਕਾਰ ਕੀਤਾ ਕਿ ਕੋਲਕਾਤਾ ਨਾਈਟ ਰਾਈਡਰਜ਼ ਲਈ ਪਲੇਇੰਗ ਇਲੈਵਨ ਦੀ ਚੋਣ ਚੁਣੌਤੀ ਭਰੀ ਹੋਵੇਗੀ ਕਿਉਂਕਿ ਟੀਮ ‘ਚ ਕਈ ਪ੍ਰਤਿਭਾਵਾਨ ਖਿਡਾਰੀ ਹਨ। ਉਨ੍ਹਾਂ ਕਿਹਾ, ”KKR ਲਈ ਅਜੇ ਸਭ ਤੋਂ ਵੱਡੀ ਚੁਣੌਤੀ ਪਲੇਇੰਗ ਇਲੈਵਨ ਦੀ ਸਹੀ ਚੋਣ ਹੋਵੇਗੀ। ਕਈ ਖਿਡਾਰੀ ਸ਼ਾਨਦਾਰ ਫ਼ੌਰਮ ‘ਚ ਹਨ ਅਤੇ ਚੋਣ ਲਈ ਮਜ਼ਬੂਤ ਦਾਅਵੇਦਾਰੀ ਕਰ ਰਹੇ ਹਨ। ਇਹ ਮੁਸ਼ਕਿਲ ਪਰ ਵਧੀਆ ਹੈ।” ਪਿਛਲੇ ਸੈਸ਼ਨ ‘ਚ ਕੁਲਦੀਪ ਯਾਦਵ ਬਿਹਤਰ ਪ੍ਰਦਰਸ਼ਨ ਨਹੀਂ ਕਰ ਸਕਿਆ ਸੀ, ਪਰ ਨਵੇਂ ਕੋਚ ਬ੍ਰੈਂਡਨ ਮੈਕਲਮ ਨੂੰ ਉਸ ‘ਤੇ ਪੂਰਾ ਭਰੋਸਾ ਹੈ। ਉਨ੍ਹਾਂ ਕਿਹਾ, ”ਉਸ ਨੂੰ ਪਿਛਲੇ ਸੈਸ਼ਨ ‘ਚ ਚੁਣੌਤੀ ਮਿਲੀ ਸੀ, ਪਰ ਉਹ ਉਸ ਤੋਂ ਬਿਹਤਰ ਹੋਇਆ ਹੈ। ਉਹ ਅਵਿਸ਼ਵਾਸ਼ਯੋਗ ਰੂਪ ਤੋਂ ਫ਼ਿੱਟ ਹੈ। ਕਿਸੇ ਵੀ ਕ੍ਰਿਕਟਰ ਲਈ ਚੁਣੌਤੀ ਭਰਿਆ ਸਮਾਂ ਆਉਂਦਾ ਹੈ।”