Image Courtesy :history

ਭਾਰਤ ਵਿੱਚ ਹੌਲੀਵੁਡ ਫ਼ਿਲਮ ਅਵੈਂਜਰਜ਼: ਐਂਡਗੇਮ ਨੇ ਸਫ਼ਲਤਾ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਹੁਣ ਤਕ ਇਹ 300 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਚੁੱਕੀ ਹੈ। ਇਸ ਨੇ ਹੌਲੀਵੁਡ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫ਼ਿਲਮ ਟਾਈਟੈਨਿਕ ਅਤੇ ਐਵਾਟਾਰ ਤੋਂ ਇਲਾਵਾ ਬਾਹੂਬਲੀ, ਦੰਗਲ ਵਰਗੀਆਂ ਹਿੰਦੀ ਫ਼ਿਲਮਾਂ ਨੂੰ ਵੀ ਪਿੱਛੇ ਛੱਡ ਦਿੱਤਾ। ਅਜਿਹਾ ਘੱਟ ਹੀ ਹੁੰਦਾ ਹੈ ਕਿ ਕਿਸੇ ਹੌਲੀਵੁਡ ਫ਼ਿਲਮ ਲਈ ਦਰਸ਼ਕਾਂ ਦੀ ਮੰਗ ‘ਤੇ 24 ਘੰਟੇ ਮਲਟੀਪਲੈਕਸ ਖੋਲ੍ਹੇ ਜਾਣ, ਪਰ ਅਵੈਂਜਰਜ਼: ਐਂਡਗੇਮ ਨੇ ਇਹ ਕਰ ਦਿਖਾਇਆ।
ਇਹ ਫ਼ਿਲਮ ਪਹਿਲੀ ਵਾਰ ਭਾਰਤ ਵਿੱਚ ਇਸ ਸਾਲ ਅਪ੍ਰੈਲ ਦੇ ਆਖ਼ਰੀ ਹਫ਼ਤੇ ਵਿੱਚ ਰਿਲੀਜ਼ ਹੋਈ ਸੀ, ਅਤੇ ਐਵੇਂ ਹੀ ਦੁਨੀਆਂ ਹੌਲੀਵੁਡ ਫ਼ਿਲਮ ਅਵੈਂਜਰਜ਼: ਐਂਡਗੇਮ ਦੀ ਦੀਵਾਨੀ ਨਹੀਂ ਸੀ ਹੋਈ। ਜੇ ਭਾਰਤੀ ਦਰਸ਼ਕਾਂ ਦੀ ਗੱਲ ਕਰੀਏ ਤਾਂ ਇੱਥੇ ਇਸ ਫ਼ਿਲਮ ਦਾ ਸ਼ੁਦਾਅ ਲੋਕਾਂ ਦੇ ਸਿਰ ‘ਤੇ ਇਸ ਹੱਦ ਤਕ ਸਵਾਰ ਹੋ ਗਿਆ ਸੀ ਕਿ ਬੀਤੀ 30 ਅਗਸਤ ਨੂੰ ਇਸ ਨੂੰ ਭਾਰਤ ਵਿੱਚ ਦੁਬਾਰਾ ਰਿਲੀਜ਼ ਕਰ ਦਿੱਤਾ ਗਿਆ। ਆਮਤੌਰ ‘ਤੇ ਭਾਰਤੀ ਖ਼ਰੀਦਦਾਰੀ ਜਾਂਚ ਪਰਖ ਕੇ ਕਰਦਾ ਹੈ, ਪਰ ਜਦੋਂ ਗੱਲ ਹੌਲੀਵੁਡ ਦੀਆਂ ਫ਼ਿਲਮਾਂ ਦੀ ਹੁੰਦੀ ਹੈ ਤਾਂ ਹਿੰਦੀ ਦਾ ਦਰਸ਼ਕ ਦੀਵਾਨਾ ਹੋ ਜਾਂਦਾ ਹੈ। ਫ਼ਿਰ ਚਾਹੇ ਫ਼ਿਲਮ ਦੀ ਟਿਕਟ ਉਸ ਨੂੰ 24 ਸੌ ਰੁਪਏ ਵਿੱਚ ਹੀ ਕਿਉਂ ਨਾ ਖ਼ਰੀਦਣੀ ਪਵੇ।
ਅਵੈਂਜਰਜ਼ ਵਰਗੀਆਂ ਕਈ ਫ਼ਿਲਮਾਂ ਸਮੇਂ ਸਮੇਂ ‘ਤੇ ਭਾਰਤ ਵਿੱਚ ਦਸਤਕ ਦਿੰਦੀਆਂ ਰਹਿੰਦੀਆਂ ਹਨ ਅਤੇ ਦਰਸ਼ਕਾਂ ਨੂੰ ਆਪਣੇ ਵਸ ਵਿੱਚ ਕਰ ਲੈਂਦੀਆਂ ਹਨ, ਅਤੇ ਉਹ ਸਫ਼ਲਤਾ ਦੇ ਨਵੇਂ ਆਯਾਮ ਸਿਰਜਦੀਆਂ ਹਨ। ਬਾਜ਼ਾਰ ਵਿੱਚ ਨਵੇਂ ਰਿਕਾਰਡ ਬਣਾਉਂਦੀਆਂ ਹਨ। ਅਵੈਂਜਰਜ਼ ਐਂਡਗੇਮ ਨੇ ਅਜਿਹਾ ਪਹਿਲੀ ਵਾਰ ਨਹੀਂ ਕੀਤਾ। ਇਸ ਤੋਂ ਪਹਿਲਾਂ ਜੁਰੈਸਿਕ ਪਾਰਕ, ਟਾਈਟੈਨਿਕ, ਹੈਰੀ ਪੌਟਰ ਅਤੇ ਐਵਾਟਾਰ ਵਰਗੀਆਂ ਫ਼ਿਲਮਾਂ ਵੀ ਇੱਥੇ ਝੰਡੇ ਗੱਡ ਚੁੱਕੀਆਂ ਹਨ। ਅਵੈਂਜਰਜ਼ ਉਂਝ ਤਾਂ ਹੌਲੀਵੁੱਡ ਫ਼ਿਲਮ ਹੈ, ਪਰ ਇਹ ਦੁਨੀਆਂ ਭਰ ਵਿੱਚ ਇੰਨੀ ਹਰਮਨਪਿਆਰੀ ਹੋ ਗਈ ਕਿ ਭਾਰਤ ਤਕ ਕਮਾਈ ਦੇ ਰਿਕਾਰਡ ਤੋੜ ਚੁੱਕੀ ਹੈ।
300 ਕਰੋੜ ਦੇ ਬੈਂਚਮਾਰਕ ਵਾਲੀ ਪਹਿਲੀ ਹੌਲੀਵੁਡ ਫ਼ਿਲਮ
ਅਵੈਂਜਰਜ਼: ਐਂਡਗੇਮ ਭਾਰਤ ਵਿੱਚ ਸਭ ਤੋਂ ਜ਼ਿਆਦਾ ਕਮਾਈ ਕਰਨ ਅਤੇ 300 ਕਰੋੜ ਰੁਪਏ ਦਾ ਅੰਕੜਾ ਛੂਹਣ ਵਾਲੀ ਹੌਲੀਵੁਡ ਦੀ ਪਹਿਲੀ ਫ਼ਿਲਮ ਬਣ ਗਈ ਹੈ। ਫ਼ਿਲਮ ਨੇ ਸਿਖ਼ਰ ‘ਤੇ ਮੌਜੂਦ ਆਪਣੀ ਹੀ ਸੀਰੀਜ਼ ਦੀ ਪਿਛਲੀ ਫ਼ਿਲਮ ਅਵੈਂਜਰਜ਼-ਇਨਫ਼ਿਨਿਟੀ ਵਾਰ ਨੂੰ ਪਟਕਣੀ ਦਿੱਤੀ ਹੈ ਜਿਸ ਨੇ ਭਾਰਤ ਵਿੱਚ 227.43 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਅਵੈਂਜਰਜ਼: ਐਂਡਗੇਮ ਭਾਰਤ ਵਿੱਚ ਅੰਗਰੇਜ਼ੀ ਦੇ ਨਾਲ ਨਾਲ ਹਿੰਦੀ, ਤਮਿਲ ਅਤੇ ਤੇਲਗੂ ਵਿੱਚ ਵੀ ਰਿਲੀਜ਼ ਹੋਈ ਸੀ। ਇਸ ਫ਼ਿਲਮ ਦੀ ਕਮਾਈ ਦੇ ਅੰਕੜੇ ਇਨ੍ਹਾਂ ਸਾਰੀਆਂ ਭਾਸ਼ਾਵਾਂ ਦੇ ਸੰਸਕਰਨਾਂ ਨੂੰ ਮਿਲਾ ਕੇ ਹਨ।
ਅਵੈਂਜਰਜ਼ ਦੀ ਕਹਾਣੀ ਅਤੇ ਕਿਰਦਾਰ
ਇਹ ਕਹਾਣੀ ਹੈ ਬ੍ਰਹਿਮੰਡ ਨੂੰ ਖ਼ਤਮ ਕਰਨ ‘ਤੇ ਤੁਰੇ ਹੋਏ ਇੱਕ ਖ਼ਲਨਾਇੱਕ ਅਤੇ ਉਸ ਨੂੰ ਰੋਕਣ ਵਾਲੇ ਸੁਪਰਹੀਰੋਜ਼ ਦੀ। ਖ਼ਲਨਾਇੱਕ ਥੈਨੋਸ (ਜੋਸ਼ ਬ੍ਰੋਲਿਨ) ਖ਼ਿਲਾਫ਼ ਆਇਰਨ ਮੈਨ (ਰੌਬਰਟ ਡਾਊਨੀ), ਕੈਪਟਨ ਅਮੈਰੀਕਾ (ਕ੍ਰਿਸ ਐਵਨਜ਼) ਥੋਰ (ਕ੍ਰਿਸ ਹੈੱਮਜ਼ਵਰਥ), ਹਲਕ (ਮਾਰਕ ਰਫ਼ੈਲੋ), ਬਲੈਕ ਵਿਡੋ (ਸਕਾਰਲੈੱਟ ਜੌਹਨਸਨ), ਕੈਪਟਨ ਮਾਰਬਲ (ਬ੍ਰੀ ਲਾਰਸਨ) ਆਦਿ ਨੇ ਇੱਕਜੁੱਟ ਹੋ ਕੇ ਜੰਗ ਛੇੜ ਦਿੰਦੇ ਹਨ। ਅਸਲ ਵਿੱਚ ਐਂਟ ਮੈਨ (ਪੌਲ ਰਡ) ਇਨ੍ਹਾਂ ਸੁਪਰ ਹੀਰੋਜ਼ ਨੂੰ ਆ ਕੇ ਦੱਸਦਾ ਹੈ ਕਿ ਜੇ ਕੁਐਂਟਮ ਥਿਊਰੀ ਜ਼ਰੀਏ ਉਹ ਅਤੀਤ ਵਿੱਚ ਜਾ ਕੇ ਥੈਨੋਸ ਤੋਂ ਪਹਿਲਾਂ ਉਨ੍ਹਾਂ ਮਣੀਆਂ ਨੂੰ ਹਾਸਿਲ ਕਰੇ ਤਾਂ ਅਨੰਤਤਾ ਦੇ ਯੁੱਧ (ਇਨਫ਼ਿਨਿਟੀ ਵਾਰ) ਦੀ ਸਥਿਤੀ ਤੋਂ ਬਚਿਆ ਜਾ ਸਕਦਾ ਹੈ। ਇਸ ਤਰ੍ਹਾਂ ਇਸ ਦੀ ਕਹਾਣੀ ਅੱਗੇ ਵਧਦੀ ਹੈ।
ਜਿੱਥੇ ਤਕ ਅਦਾਕਾਰੀ ਦਾ ਸਵਾਲ ਹੈ ਤਾਂ ਹਰ ਕਲਾਕਾਰ ਨੇ ਬਿਹਤਰੀਨ ਅਦਾਕਾਰੀ ਕੀਤੀ ਹੈ। ਥੈਨੋਸ ਤਾਂ ਬਹੁਤ ਵੱਡਾ ਨਜ਼ਰ ਆਉਾਂਦਾਹੈ। ਫ਼ਿਲਮ ਦੀ ਕਹਾਣੀ ਦੇ ਨਾਲ ਨਾਲ ਇੱਥੇ ਪਿਛੋਕੜ ਵੀ ਜ਼ਬਰਦਸਤ ਹੈ। ਸਪੈਸ਼ਲ ਇਫ਼ੈਕਟਸ ਦੇ ਮਾਮਲਿਆਂ ਵਿੱਚ ਇਹ ਅਵੈਂਜਰਜ਼ ਦੀਆਂ ਬਾਕੀ ਫ਼ਿਲਮਾਂ ਤੋਂ ਕਾਫ਼ੀ ਉੱਪਰ ਹੈ। ਅਦਾਕਾਰੀ ਦੀ ਗੱਲ ਕਰੀਏ ਤਾਂ ਪਿਛਲੇ 11 ਸਾਲਾਂ ਤੋਂ ਸਾਰੇ ਕਿਰਦਾਰ ਪ੍ਰਸੰਸਕਾਂ ਨੂੰ ਬੰਨ੍ਹ ਕੇ ਇੱਥੋਂ ਤਕ ਲਿਆਏ ਹਨ, ਅਤੇ ਅੰਤ ਤਕ ਦਮਦਾਰ ਸਾਬਿਤ ਹੋਏ ਹਨ। ਥੈਨੋਸ ਦੇ ਕਿਰਦਾਰ ਵਿੱਚ ਜੋਸ਼ ਬ੍ਰੋਲਿਨ ਨੇ ਦੱਸ ਦਿੱਤਾ ਹੈ ਕਿ ਉਹ ਅਵੈਂਜਰਜ਼ ਦਾ ਸਭ ਤੋਂ ਸ਼ਾਨਦਾਰ ਖ਼ਲਨਾਇੱਕ ਕਿਉਂ ਸਾਬਿਤ ਹੋਇਆ ਹੈ।
ਕਹਾਣੀ ਦੇ ਤਿੰਨ ਫ਼ੇਜ਼
ਅਵੈਂਜਰਜ਼ ਸੀਰੀਜ਼ ਦੀ ਕਹਾਣੀ ਤਿੰਨ ਫ਼ੇਜ਼ ਵਿੱਚ ਦੱਸੀ ਗਈ ਹੈ। ਹੁਣ ਤਕ ਇਸ ਦੀਆਂ 22 ਫ਼ਿਲਮਾਂ ਬਣ ਚੁੱਕੀਆਂ ਹਨ ਅਤੇ ਅੰਤਿਮ ਸੀਰੀਜ਼ ਦੀ 22ਵੀਂ ਫ਼ਿਲਮ ਐਂਡਗੇਮ ਹੈ। ਫ਼ਿਲਮ ਦੇ ਪਹਿਲੇ ਫ਼ੇਜ਼ ਨੂੰ ਪੰਜ ਕਹਾਣੀਆਂ ਵਿੱਚ ਦੱਸਿਆ ਗਿਆ ਹੈ। ਦੂਜੇ ਫ਼ੇਜ਼ ਵਿੱਚ ਛੇ ਕਹਾਣੀਆਂ ਅਤੇ ਹੁਣ ਇਸ ਸੀਰੀਜ਼ ਦਾ ਤੀਜੇ ਫ਼ੇਜ਼ ਦਾ ਆਖ਼ਰੀ ਭਾਗ ਦਿਖਾਇਆ ਗਿਆ ਹੈ ਜਿਸ ਤੋਂ ਬਾਅਦ ਅਵੈਂਜਰਜ਼ ਐਂਡਗੇਮ ‘ਤੇ ਇਹ ਖ਼ਤਮ ਹੋ ਜਾਂਦੀ ਹੈ।
ਫ਼ਿਲਮ ਦੀ ਖ਼ਾਸੀਅਤ
ਐਂਡਗੇਮ ਦਾ ਨਿਰਮਾਣ ਹੌਲੀਵੁਡ ਦੀ ਪ੍ਰਸਿੱਧ ਸੰਸਥਾ ਮਾਰਬਲ ਸਿਨਮੈਟਿਕ ਯੂਨੀਵਰਸ ਦੇ ਮਾਰਬਲ ਸਟੂਡੀਓ ਵਲੋਂ ਹੋਇਆ ਹੈ। ਮਾਰਬਲ ਯੂਨੀਵਰਸ ਨੇ ਵਿਸ਼ਵ ਪ੍ਰਸਿੱਧ ਮਾਰਬਲ ਕੌਮਿਕਸ ਦੇ ਹਰਮਨਪਿਆਰੇ ਚਰਿੱਤਰਾਂ ‘ਤੇ ਆਧਾਰਿਤ ਆਪਣੀ ਪਹਿਲੀ ਫ਼ਿਲਮ ਆਇਰਨ ਮੈਨ ਦਾ ਨਿਰਮਾਣ 2008 ਵਿੱਚ ਕੀਤਾ ਸੀ ਜਿਸ ਨੂੰ ਦਰਸ਼ਕਾਂ ਨੇ ਇੰਨਾ ਪਸੰਦ ਕੀਤਾ ਕਿ ਇਸ ਬੈਨਰ ਦੀਆਂ ਇੱਕ ਤੋਂ ਬਾਅਦ ਇੱਕ ਸੁਪਰ ਹੀਰੋ ਵਾਲੀਆਂ ਫ਼ਿਲਮਾਂ ਆਉਣ ਲੱਗੀਆਂ। ਅਵੈਂਜਰਜ਼: ਐਂਡਗੇਮ ‘ਉਸ ਲੜੀ ਵਿੱਚ 22ਵੀਂ ਅਤੇ ਆਖਰੀ ਫ਼ਿਲਮ ਸੀ।