Image Courtesy :jagbani(punjabkesari)

ਲੇਹ- ਲੱਦਾਖ ਦੇ ਭਾਜਪਾ ਸੰਸਦ ਮੈਂਬਰ ਜਾਮਯਾਂਗ ਤਸੇਰਿੰਗ ਨਾਮਗਿਆਲ ਨੇ ਕਿਹਾ ਹੈ ਕਿ ਪਾਕਿਸਤਾਨ ਆਪਣੇ ਕਬਜ਼ੇ ਵਾਲੇ ਭਾਰਤੀ ਖੇਤਰ ਗਿਲਗਿਤ-ਬਾਲਟਿਸਤਾਨ ‘ਚ ਵੱਡੇ ਪੈਮਾਨੇ ‘ਤੇ ਜਾਤੀ ਕਤਲੇਆਮ ਕਰਨ ਦੀ ਤਿਆਰੀ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਗਿਲਗਿਤ-ਬਾਲਟਿਸਤਾਨ ਭਾਰਤ ਦਾ ਹਿੱਸਾ ਹੈ ਅਤੇ ਮੈਂ ਉੱਥੋਂ ਦੇ ਲੋਕਾਂ ਨਾਲ ਹਾਂ। ਸੰਸਦ ਮੈਂਬਰ ਨੇ ਸੋਸ਼ਲ ਸਾਈਟ ਟਵਿੱਟਰ ‘ਤੇ ਲਿਖਇਆ ਹੈ ਕਿ ਪਾਕਿਸਤਾਨੀ ਫੌਜ ਦੀ ਬੇਰਹਿਮ ਜਾਤੀ ਕਤਲੇਆਮ ਕਰਨ ਦੀ ਯੋਜਨਾ ਹੈ। ਗਿਲਗਿਤ-ਬਾਲਟਿਸਤਾਨ ਭਾਰਤ ਦਾ ਅਭਿੰਨ ਅੰਗ ਹੈ। ਉਹ ਉੱਥੇ ਲੋਕਾਂ ਵਲੋਂ ਚਲਾਏ ਜਾ ਰਹੇ ਅੰਦੋਲਨ ਦਾ ਸਮਰਥਨ ਕਰਦੇ ਹਨ। ਭਾਜਪਾ ਸੰਸਦ ਮੈਂਬਰ ਇਸ ਤੋਂ ਪਹਿਲਾਂ ਵੀ ਕਈ ਵਾਰ ਕਹਿ ਚੁਕੇ ਹਨ ਕਿ ਅਕਸਾਈ ਚਿਨ ਅਤੇ ਗਿਲਗਿਤ-ਬਾਲਟਿਸਤਾਨ ਇਲਾਕੇ ਸਾਡੇ ਹਨ ਅਤੇ ਇਨ੍ਹਾਂ ਨੂੰ ਵਾਪਸ ਲਿਆ ਜਾਵੇਗਾ।
ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਨੇ ਆਪਣੇ ਨਾਪਾਕ ਇਰਾਦਿਆਂ ਨੂੰ ਅੰਜਾਮ ਦੇਣ ਦੀ ਦਿਸ਼ਾ ‘ਚ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਸੀ। ਉਸ ਦੇ ਸਖਤ ਤੇਵਰ ਦਿਖਾਉਣ ਨਾਲ ਇਸ ਸਮੇਂ ਗਿਲਗਿਤ-ਬਾਲਟਿਸਤਾਨ ਇਲਾਕਿਆਂ ‘ਚ ਹਾਲਾਤ ਤਣਾਅਪੂਰਨ ਬਣੇ ਹੋਏ ਹਨ। ਉੱਥੇ ਪਾਕਿਸਤਾਨੀ ਫੌਜ ਦੀ ਤਾਇਨਾਤੀ ਵਧਾ ਦਿੱਤੀ ਗਈ ਹੈ। ਪਾਕਿਸਤਾਨ ਨੂੰ ਇਹ ਡਰ ਸਤਾ ਰਿਹਾ ਹੈ ਕਿ ਮਜ਼ਬੂਤ ਇਰਾਦੇ ਦਿਖਾ ਰਿਹਾ ਭਾਰਤ ਹੁਣ ਕਦੇ ਵੀ ਉਸ ਦੇ ਕਬਜ਼ੇ ਵਾਲੇ ਇਲਾਕਿਆਂ ਨੂੰ ਵਾਪਸ ਲੈਣ ਦੀ ਫੌਜ ਕਾਰਵਾਈ ਕਰ ਸਕਦਾ ਹੈ। ਅਜਿਹੇ ‘ਚ ਉਸ ਨੇ ਗਿਲਗਿਤ-ਬਾਲਟਿਸਤਾਨ ਨੂੰ ਆਪਣਾ 5ਵਾਂ ਸੂਬਾ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਮੌਜੂਦਾ ਸਮੇਂ ਉੱਥੇ ਚੋਣਾਂ ਕਰਵਾਉਣ ਦੀ ਦਿਸ਼ਾ ‘ਚ ਕਾਰਵਾਈ ਕੀਤੀ ਜਾ ਰਹੀ ਹੈ। ਅਜਿਹੇ ‘ਚ ਖੇਤਰ ਦੇ ਲੋਕਾਂ ਦੇ ਵਿਰੋਧ ਨੂੰ ਦੇਖਦੇ ਹੋਏ ਪਾਕਿਸਤਾਨੀ ਫੌਜ ਬੇਰਹਿਮੀ ਦਿਖਾਉਣ ਲਈ ਤਿਆਰ ਹੈ।
ਪਿਛਲੇ ਮਹੀਨੇ ਪਾਕਿਸਤਾਨ ਵਲੋਂ ਜਾਰੀ ਕੀਤੇ ਗਏ ਸਿਆਸੀ ਨਕਸ਼ੇ ‘ਚ ਉਸ ਨੇ ਕਬਜ਼ੇ ਵਾਲੇ ਭਾਰਤੀ ਇਲਾਕਿਆਂ ਨੂੰ ਆਪਣਾ ਦੱਸਿਆ ਸੀ। ਇਸ ‘ਚ ਜੰਮੂ ਕਸ਼ਮੀਰ ਨਾਲ ਲੱਦਾਖ ਦੇ ਕੁਝ ਹਿੱਸੇ ਨੂੰ ਵੀ ਪਾਕਿਸਤਾਨ ਦਾ ਦਿਖਾਇਆ ਗਿਆ ਸੀ। ਭਾਰਤ ਵਲੋਂ ਉਸ ਦੀ ਇਸ ਦਾ ਸਖਤ ਵਿਰੋਧ ਕੀਤਾ ਗਿਆ ਸੀ।