Image Courtesy :jagbani(punjabkesari)

ਲੁਧਿਆਣਾ : ਅਕਾਲੀ ਦਲ ਵੱਲੋਂ ਖੇਤੀ ਬਿੱਲ ਦੇ ਵਿਰੋਧ ਵਿਚ ਭਾਜਪਾ ਤੋਂ ਦਹਾਕਿਆਂ ਪੁਰਾਣਾ ਰਿਸ਼ਤਾ ਤੋੜਨ ਦੇ ਫ਼ੈਸਲੇ ਨੇ ਪੰਜਾਬ ਦੇ ਸਿਆਸੀ ਹਾਲਾਤ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਜਿਸ ਦਾ ਅਸਰ ਦਿੱਲੀ ਤੋਂ ਲੈ ਕੇ ਦੂਜੇ ਸੂਬਿਆਂ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਨੂੰ ਲੈ ਕੇ ਆਉਣ ਵਾਲੇ ਸਮੇਂ ਦੌਰਾਨ ਕੁਝ ਹੋਰ ਹਲਚਲ ਵੀ ਹੋ ਸਕਦੀ ਹੈ। ਜਿਸ ਤਹਿਤ ਸੁਖਬੀਰ ਬਾਦਲ ਨੂੰ ਗੱਠਜੋੜ ਤੋੜਨ ‘ਤੇ ਤਿੰਨ ਸੂਬਿਆਂ ਤੋਂ ਭਾਜਪਾ ਵਿਰੋਧੀਆਂ ਦਾ ਸਮਰਥਨ ਮਿਲਣ ਨੂੰ ਤੀਜੇ ਫਰੰਟ ਦੀ ਕਵਾਇਦ ਮੰਨਿਆ ਜਾ ਰਿਹਾ ਹੈ।
ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪਹਿਲਾਂ ਹਰਸਿਮਰਤ ਬਾਦਲ ਵੱਲੋਂ ਅਸਤੀਫ਼ਾ ਦੇਣ ਅਤੇ ਹੁਣ ਅਕਾਲੀ ਦਲ ਵੱਲੋਂ ਐੱਨ. ਡੀ. ਏ. ਤੋਂ ਵੱਖ ਹੋਣ ਦੇ ਫ਼ੈਸਲੇ ਨੂੰ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਡਰਾਮੇਬਾਜ਼ੀ ਕਰਾਰ ਦਿੱਤਾ ਜਾ ਰਿਹਾ ਹੈ। ਇਥੋਂ ਤੱਕ ਕਿ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਦੇ ਭਾਜਪਾ ਨੇਤਾਵਾਂ ਨੇ ਵੀ ਅਕਾਲੀ ਦਲ ‘ਤੇ ਡਬਲ ਸਟੈਂਡਰਡ ਵਰਤਣ ਦੇ ਦੋਸ਼ ਲਗਾਉਂਦੇ ਹੋਏ ਜ਼ਹਿਰ ਉਗਲਣਾ ਸ਼ੁਰੂ ਕਰ ਦਿੱਤਾ ਹੈ ਪਰ ਇਸ ਸਭ ਦਾ ਜਵਾਬ ਦੇਣ ਦੀ ਬਜਾਏ ਸੁਖਬੀਰ ਬਾਦਲ ਨੇ ਪਹਿਲਾਂ ਆਪਣਾ ਕੇਡਰ ਬਚਾਉਣ ਲਈ ਪੇਂਡੂ ਇਲਾਕਿਆਂ ਦਾ ਰੁਖ ਕਰ ਲਿਆ ਹੈ ਭਾਵੇਂਕਿ ਐੱਨ. ਡੀ. ਏ. ਤੋਂ ਵੱਖ ਹੋਣ ਦੇ ਬਾਅਦ ਕੇਂਦਰੀ ਰਾਜਨੀਤੀ ਵਿਚ ਹਾਸ਼ੀਏ ‘ਤੇ ਚਲੇ ਜਾਣ ਦਾ ਮੁੱਦਾ ਅਕਾਲੀ ਦਲ ਦੇ ਸਿਰਦਰਦ ਦੀ ਵਜ੍ਹਾ ਬਣਿਆ ਹੋਇਆ ਹੈ ਕਿਉਂਕਿ ਸਿੱਖ ਵਿਰੋਧੀ ਦੰਗਿਆਂ ਅਤੇ ਦਰਬਾਰ ਸਾਹਿਬ ‘ਤੇ ਹਮਲੇ ਨੂੰ ਲੈ ਕੇ ਹਮੇਸ਼ਾ ਕਾਂਗਰਸ ਦੇ ਖ਼ਿਲਾਫ਼ ਮੋਰਚਾ ਖੋਲ੍ਹਣ ਦੀ ਵਜ੍ਹਾ ਨਾਲ ਅਕਾਲੀ ਦਲ ਦੇ ਕੋਲ ਯੂ. ਪੀ. ਏ. ਵਿਚ ਸ਼ਾਮਲ ਹੋਣ ਦਾ ਬਦਲ ਨਹੀਂ ਹੈ।
ਇਸ ਦੌਰਾਨ ਤੀਜੇ ਫਰੰਟ ਦੇ ਗਠਨ ਦੀ ਸੰਭਾਵਨਾ ਤਲਾਸ਼ ਰਹੇ ਭਾਜਪਾ ਵਿਰੋਧੀ ਨੇਤਾਵਾਂ ਨੂੰ ਆਪਣਾ ਟੀਚਾ ਹਾਸਲ ਕਰਨ ਦਾ ਮੌਕਾ ਮਿਲ ਗਿਆ ਹੈ। ਜਿਸ ਤਹਿਤ ਮਹਾਰਾਸ਼ਟਰ ਤੋਂ ਸ਼ਰਦ ਪਵਾਰ ਅਤੇ ਸ਼ਿਵ ਸੈਨਾ, ਪੱਛਮੀ ਬੰਗਾਲ ਤੋਂ ਤ੍ਰਿਣਮੂਲ ਕਾਂਗਰਸ ਅਤੇ ਜੰਮੂ ਕਸ਼ਮੀਰ ਤੋਂ ਫਾਰੂਕ ਅਬਦੁੱਲਾ ਨੇ ਭਾਜਪਾ ਨਾਲੋਂ ਰਿਸ਼ਤਾ ਤੋੜਨ ‘ਤੇ ਸੁਖਬੀਰ ਨੂੰ ਸਮਰਥਨ ਦਿੱਤਾ, ਜੋ ਨੇਤਾ ਆਉਣ ਵਾਲੇ ਸਮੇਂ ਦੌਰਾਨ ਇਕ ਪਲੇਟਫਾਰਮ ‘ਤੇ ਇਕੱਠੇ ਹੋ ਸਕਦੇ ਹਨ।
News Credit :jagbani(punjabkesari)