Image Courtesy :jagbani(punjabkesari)

ਅੰਮ੍ਰਿਤਸਰ : ਗਠਜੋੜ ਟੁੱਟਣ ਤੋਂ ਬਾਅਦ ਲਗਾਤਾਰ ਹਮਲਾਵਰ ਹੋਏ ਅਕਾਲੀ ਦਲ ਨੂੰ ਭਾਜਪਾ ਵਲੋਂ ਤਿੱਖਾ ਜਵਾਬ ਦਿੱਤਾ ਗਿਆ ਹੈ। ਭਾਜਪਾ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦਾ ਕਹਿਣਾ ਹੈ ਕਿ ਜਿੰਨਾ ਸਨਮਾਨ ਅਕਾਲੀ ਦਲ ਨੂੰ ਐੱਨ. ਡੀ. ਏ. ਵਿਚ ਮਿਲਿਆ ਹੈ, ਉਨਾ ਕਿਸੇ ਹੋਰ ਨੂੰ ਨਹੀਂ ਮਿਲਿਆ। ਅੰਮ੍ਰਿਤਸਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਲਿਕ ਨੇ ਕਿਹਾ ਕਿ ਅਕਾਲੀ ਦਲ ਨੇ ਆਪਣੇ ਨਿੱਜੀ ਮੁਫਾਦਾਂ ਲਈ ਇਹ ਪਵਿੱਤਰ ਗਠਜੋੜ ਤੋੜਿਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਸਣੇ ਕਈ ਨੇਤਾ ਪਹਿਲਾਂ ਖੇਤੀ ਕਾਨੂੰਨਾਂ ਦਾ ਸਮਰਥਨ ਕਰਦੇ ਰਹੇ ਅਤੇ ਹੁਣ ਵਿਰੋਧ ਵਿਚ ਉਤਰ ਆਏ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨ ਹਿਤੈਸ਼ੀ ਦੱਸਦੇ ਹੋਏ ਮਲਿਕ ਨੇ ਕਿਹਾ ਕਿ ਕੇਂਦਰ ਸਰਕਾਰ ਕਦੇ ਵੀ ਕੋਈ ਫ਼ੈਸਲਾ ਕਿਸਾਨਾਂ ਦੇ ਖ਼ਿਲਾਫ਼ ਨਹੀਂ ਲੈ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਦੀ 6000 ਰੁਪਏ ਸਾਲਾਨਾ ਪੈਨਸ਼ਨ ਲੱਗੀ ਹੈ ਤਾਂ ਉਹ ਸਿਰਫ ਮੋਦੀ ਸਰਕਾਰ ਸਮੇਂ ਹੀ ਲੱਗੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਐਕਟਾਂ ਨਾਲ ਕਿਸਾਨ ਨੂੰ ਨਹੀਂ ਸਗੋਂ ਵਿਚੋਲੀਆ ਨੂੰ ਮਾਰ ਪਈ ਹੈ ਜਦਕਿ ਕਿਸਾਨ ਨੂੰ ਸਿੱਧਾ-ਸਿੱਧਾ ਫਾਇਦਾ ਹੋਇਆ ਹੈ। ਮਲਿਕ ਨੇ ਕਿਹਾ ਕਿ ਅੱਜ ਪਹਿਲੀ ਵਾਰ ਕਿਸਾਨ ਨੂੰ ਆਜ਼ਾਦੀ ਮਿਲੀ ਹੈ ਅਤੇ ਇਸ ਵਿਚ ਐੱਮ. ਐੱਸ. ਪੀ. ਵੀ ਜਾਰੀ ਰਹੇਗੀ ਅਤੇ ਕਿਸਾਨਾਂ ਨੂੰ ਕੋਈ ਬੰਦਿਸ਼ ਵੀ ਨਹੀਂ ਹੋਵੇਗੀ।
ਮੋਦੀ ਸਰਕਾਰ ਵਲੋਂ ਸਿੱਖਾਂ ਲਈ ਚੁੱਕੇ ਗਏ ਕਦਮਾਂ ਬਾਰੇ ਦੱਸਦੇ ਹੋਏ ਮਲਿਕ ਨੇ ਕਿਹਾ ਕਿ ਜੇਕਰ ਸਿੱਖਾਂ ਦੇ ਦਿਲਾਂ ‘ਤੇ ’84 ਦੇ ਜ਼ਖਮਾਂ ‘ਤੇ ਕਿਸੇ ਨੇ ਮਲ੍ਹਹਮ ਲਗਾਈ ਹੈ ਤਾਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਝੂਠ ਬੋਲ ਕੇ 1984 ਦੇ ਕੇਸ ਬੰਦ ਕਰਵਾ ਦਿੱਤੇ ਸਨ, ਜਿਨ੍ਹਾਂ ‘ਤੇ ਪ੍ਰਧਾਨ ਮੰਤਰੀ ਐੱਸ. ਆਈ. ਟੀ. ਬਣਾਈ ਅਤੇ ਕਾਂਗਰਸੀਆਂ ਨੂੰ ਦੁਬਾਰਾ ਕਟਹਿਰੇ ਵਿਚ ਖੜ੍ਹਾ ਕੀਤਾ। ਇਸੇ ਦਾ ਨਤੀਜਾ ਹੈ ਕਿ ਅੱਜ ਸੱਜਣ ਕੁਮਾਰ ਵਰਗੇ ਮੁਲਜ਼ਮ ਜੇਲਾਂ ਵਿਚ ਡੱਕੇ ਹੋਏ ਹਨ ਅਤੇ ਹੋਰ ਕਾਂਗਰਸੀ ਵੀ ਜੇਲਾਂ ਵਿਚ ਜਾਣ ਦੀ ਤਿਆਰੀ ‘ਚ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਆਜ਼ਾਦੀ ਤੋਂ ਬਾਅਦ ਦੀ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਦੀ ਮੰਗ ਵੀ ਮੋਦੀ ਨੇ ਪੂਰੀ ਕੀਤੀ ਹੈ। ਜਦਕਿ ਕਾਂਗਰਸ ਨੇ ਸਿਰਫ ਵੰਡੀਆਂ ਪਈਆਂ ਸਨ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਤੋਂ ਜੀ. ਐੱਸ. ਟੀ. ਮੋਦੀ ਸਰਕਾਰ ਨੇ ਹੀ ਖ਼ਤਮ ਕੀਤੀ ਹੈ। ਜਦਕਿ ਇਸ ਦੇ ਉਲਟ ਅੱਜ ਕੁਝ ਲੋਕਾਂ ਵਲੋਂ ਸਿਆਸੀ ਮੁਫਾਦਾਂ ਲਈ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ।
News Credit :jagbani(punjabkesari)