Image Courtesy :jagbani(punjabkesari)

ਨਵੀਂ ਦਿੱਲੀ – ਹਾਥਰਸ ਗੈਂਗਰੇਪ ਪੀੜਤਾ ਦੀ ਮ੍ਰਿਤਕ ਦੇਹ ਦੇਰ ਰਾਤ ਪਿੰਡ ਪਹੁੰਚ ਗਈ ਪਰ ਪਿੰਡ ਵਾਲੇ ਅੰਤਿਮ ਸੰਸਕਾਰ ਨੂੰ ਰਾਜੀ ਨਹੀਂ ਹਨ। ਲੋਕਾਂ ਦੇ ਗੁੱਸੇ ਨੂੰ ਦੇਖਦੇ ਹੋਏ ਖੇਤਰ ‘ਚ ਭਾਰੀ ਗਿਣਤੀ ‘ਚ ਪੁਲਸ ਫੋਰਸ ਦੀ ਨਿਯੁਕਤੀ ਕੀਤੀ ਗਈ ਹੈ। ਉਥੇ ਹੀ, ਪਰਿਵਾਰ ਨੇ ਮ੍ਰਿਤਕ ਦੇਹ ਦੀ ਜਲਦਬਾਜੀ ‘ਚ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਨਿਆਂ ਚਾਹੁੰਦੇ ਹਨ। ਪੁਲਸ ਵੀ ਪਰਿਵਾਰ ਨੂੰ ਮਨਾਉਣ ‘ਚ ਲੱਗੀ ਹੈ। ਪੁਲਸ ਚਾਹੁੰਦੀ ਹੈ ਕਿ ਰਾਤ ਨੂੰ ਹੀ ਅੰਤਿਮ ਸੰਸਕਾਰ ਕਰ ਦਿੱਤਾ ਜਾਵੇ।
ਇਸ ਦੌਰਾਨ ਕਾਂਗਰਸ ਨੇ ਦੋਸ਼ ਲਗਾਇਆ ਹੈ ਕਿ ਪੁਲਸ ਜ਼ਬਰਦਸਤੀ ਪੀੜਤਾ ਦਾ ਅੰਤਿਮ ਸੰਸਕਾਰ ਕਰਨਾ ਚਾਹੁੰਦੀ ਹੈ। ਯੂ.ਪੀ. ਕਾਂਗਰਸ ਨੇ ਟਵੀਟ ਕੀਤਾ, ਪੁਲਸ ਜ਼ਬਰਨ ਹਾਥਰਸ ਪੀੜਤਾ ਦਾ ਅੰਤਿਮ ਸੰਸਕਾਰ ਕਰਨ ‘ਤੇ ਲੱਗੀ ਹੈ। ਪਰਿਵਾਰ ਵਾਲੇ ਕਹਿ ਰਹੇ ਹਨ ਕਿ ਇੱਕ ਵਾਰ ਘਰ ਲੈ ਜਾਣ ਦਿਓ। ਕਿੰਨੀ ਹੈਵਾਨੀਅਤ ‘ਤੇ ਉੱਤਰ ਆਈ ਹੈ ਸਰਕਾਰ। ਯੂ.ਪੀ. ਕਾਂਗਰਸ ਨੇ ਟਵੀਟ ਦੇ ਨਾਲ ਵੀਡੀਓ ਵੀ ਸ਼ੇਅਰ ਕੀਤਾ ਹੈ ਜਿਸ ‘ਚ ਪਿੰਡ ਵਾਸੀ ਐਂਬੁਲੈਂਸ ਸਾਹਮਣੇ ਵਿਰੋਧ ਕਰ ਰਹੇ ਹਨ।
ਦੱਸ ਦਈਏ ਕਿ ਮੰਗਲਵਾਰ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ‘ਚ ਪੀੜਤਾ ਦੀ ਮੌਤ ਤੋਂ ਬਾਅਦ ਲੋਕਾਂ ‘ਚ ਗੁੱਸਾ ਹੈ। ਪੀੜਤਾ ਨੂੰ ਨਿਆਂ ਦਿਵਾਉਣ ਲਈ ਸੋਸ਼ਲ ਮੀਡੀਆ ‘ਤੇ ਮੁਹਿੰਮ ਛੇੜ ਦਿੱਤੀ ਗਈ ਹੈ। ਇਸ ਪੂਰੇ ਮਾਮਲੇ ਨੂੰ ਲੈ ਕੇ ਹਾਥਰਸ ਪੁਲਸ ਅਤੇ ਯੋਗੀ ਸਰਕਾਰ ਨਿਸ਼ਾਨੇ ‘ਤੇ ਹੈ। ਪੀੜਤਾ ਦੇ ਪਰਿਵਾਰ ਨੇ ਪੁਲਸ ‘ਤੇ ਕਈ ਦੋਸ਼ ਲਗਾਏ ਹਨ।
ਪੀੜਤਾ ਦੇ ਭਰਾ ਨੇ ਕਿਹਾ ਕਿ FIR ਲਈ ਸਾਨੂੰ 8-10 ਦਿਨ ਤੱਕ ਇੰਤਜ਼ਾਰ ਕਰਨਾ ਪਿਆ ਸੀ। ਰਿਪੋਰਟ ਦਰਜ ਕਰਵਾਉਣ ਤੋਂ ਬਾਅਦ ਪੁਲਸ ਇੱਕ ਦੋਸ਼ੀ ਨੂੰ ਫੜਦੀ ਸੀ ਅਤੇ ਦੂਜੇ ਨੂੰ ਛੱਡ ਦਿੰਦੀ ਸੀ। ਧਰਨਾ-ਪ੍ਰਦਰਸ਼ਨ ਤੋਂ ਬਾਅਦ ਅੱਗੇ ਦੀ ਕਾਰਵਾਈ ਹੋਈ ਅਤੇ ਦੋਸ਼ੀਆਂ ਨੂੰ ਘਟਨਾ ਦੇ 10-12 ਦਿਨ ਬਾਅਦ ਫੜਿਆ ਗਿਆ। ਪੀੜਤਾ ਦੇ ਭਰਾ ਨੇ ਕਿਹਾ ਕਿ ਪੁਲਸ ਵਾਲਿਆਂ ਨੇ ਐਂਬੁਲੈਂਸ ਤੱਕ ਨਹੀਂ ਮੰਗਵਾਈ। ਭੈਣ ਜ਼ਮੀਨ ‘ਤੇ ਲੇਟੀ ਹੋਈ ਸੀ। ਪੁਲਸ ਵਾਲਿਆਂ ਨੇ ਕਹਿ ਦਿੱਤਾ ਸੀ ਕਿ ਇਨ੍ਹਾਂ ਨੂੰ ਇੱਥੋਂ ਲੈ ਜਾਓ। ਇਹ ਬਹਾਨੇ ਬਣਾ ਕੇ ਲੇਟੀ ਹੋਈ ਹੈ।
News Credit :jagbani(punjabkesari)