Image Courtesy :jagbani(punjabkesari)

ਕੋਲਕਾਤਾ – ਭਾਰਤੀ ਕ੍ਰਿਕਟ ਬੋਰਡ (BCCI) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਕਾਰਨ ਪੈਦਾ ਹਾਲਾਤਾਂ ਤੋਂ ਬਾਅਦ ਵੀ ਬੋਰਡ ਇਹ ਯਕੀਨੀ ਕਰਨ ਲਈ ਪੂਰੀ ਕੋਸ਼ਿਸ਼ ਕਰੇਗਾ ਕਿ ਇੰਗਲੈਂਡ ਖ਼ਿਲਾਫ਼ ਘਰੇਲੂ ਸੀਰੀਜ਼ ਦਾ ਪ੍ਰਬੰਧ ਭਾਰਤ ‘ਚ ਹੀ ਹੋਵੇ। ਉਨ੍ਹਾਂ ਨੇ ਉਮੀਦ ਜਤਾਈ ਘਰੇਲੂ ਟੂਰਨਾਮੈਂਟਾਂ ਨੂੰ ਵੀ ਕਿਸੇ ਸਮੇਂ ਸ਼ੁਰੂ ਕੀਤਾ ਜਾ ਸਕੇਗਾ।
ਭਾਰਤ ‘ਚ ਕੋਰੋਨਾ ਵਾਇਰਸ ਦੇ ਮਾਮਲੇ 60 ਲੱਖ ਨੂੰ ਪਾਰ ਹੋ ਗਏ ਹਨ ਜਿਨ੍ਹਾਂ ‘ਚੋਂ 95 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਇੰਗਲੈਂਡ ਨੂੰ ਅਗਲੇ ਸਾਲ ਜਨਵਰੀ ਅਤੇ ਮਾਰਚ ਵਿਚਾਲੇ ਪੰਜ ਟੈੱਸਟ, ਤਿੰਨ ਵਨਡੇ ਅਤੇ ਤਿੰਨ T-20 ਅੰਤਰਰਾਸ਼ਟਰੀ ਮੈਚਾਂ ਲਈ ਭਾਰਤ ਦਾ ਦੌਰਾ ਕਰਨਾ ਹੈ। ਉਨ੍ਹਾਂ ਨੇ ਇੱਥੇ ਪ੍ਰੈਸ ਕਾਨਫ਼ਰੰਸ ‘ਚ UAE ‘ਚ ਇੰਗਲੈਡ ਖ਼ਿਲਾਫ਼ ਸੀਰੀਜ਼ ਆਯੋਜਿਤ ਕਰਨ ਦੇ ਵਿਕਲਪ ਬਾਰੇ ਪੁੱਛੇ ਜਾਣ ‘ਤੇ ਕਿਹਾ – ”ਸਾਡੀ ਪਹਿਲ ਇਹੀ ਹੈ ਕਿ ਇਹ (ਇੰਗਲੈਂਡ ਖ਼ਿਲਾਫ਼ ਸੀਰੀਜ਼) ਭਾਰਤ ‘ਚ ਹੀ ਹੋਵੇ। ਅਸੀਂ ਇਸ ਨੂੰ ਭਾਰਤੀ ਮੈਦਾਨਾਂ ‘ਤੇ ਕਰਨ ਦੀ ਕੋਸ਼ਿਸ਼ ਕਰਾਂਗੇ। UAE ‘ਚ ਇਹ ਫ਼ਾਇਦਾ ਹੈ ਕਿ ਉੱਥੇ ਤਿੰਨ ਸਟੇਡੀਅਮ ਹਨ (ਅਬੂ ਧਾਬੀ, ਸ਼ਾਰਜਾਹ ਅਤੇ ਦੁਬਈ)। BCCI ਨੇ ਹਾਲ ਹੀ ‘ਚ ਅਮੀਰਾਤ ਕ੍ਰਿਕਟ ਬੋਰਡ ਵਲੋਂ ਉੱਥੇ ਮੈਚ ਕਰਨ ਲਈ ਇੱਕ ਸਮਝੌਤਾ ਮੈਮੋ ‘ਤੇ ਦਸਤਖ਼ਤ ਕੀਤੇ ਸਨ।
ਗਾਂਗੁਲੀ ਨੇ ਕਿਹਾ – ”ਮੁੰਬਈ ‘ਚ ਵੀ ਸਾਡੇ ਕੋਲ ਅਜਿਹੀ ਸਹੂਲਤ ਹੈ ਜਿੱਥੇ CCI, ਵਾਨਖੇੜੇ ਅਤੇ ਡੀ. ਵਾਈ. ਪਾਟਿਲ ਸਟੇਡੀਅਮ ਹਨ। ਸਾਡੇ ਕੋਲ ਈਡਨ ਗਾਰਡਨ ਵੀ ਹੈ। ਸਾਨੂੰ ਇੱਕ ਬਾਇਓ ਬਬਲ (ਜੈਵ-ਸੁਰੱਖਿਅਤ ਮਾਹੌਲ) ਬਣਾਉਣਾ ਹੋਵੇਗਾ। ਅਸੀਂ ਆਪਣੀ ਕ੍ਰਿਕਟ ਭਾਰਤ ‘ਚ ਹੀ ਖੇਡਣਾ ਚਾਹੁੰਦੇ ਹਾਂ, ਪਰ ਅਸੀਂ ਕੋਰੋਨਾ ਵਾਇਰਸ ਦੀ ਸਥਿਤੀ ‘ਤੇ ਵੀ ਨਿਗਰਾਨੀ ਰੱਖੇ ਹੋਏ ਹਾਂ।
ਉਨ੍ਹਾਂ ਕਿਹਾ- ਪਿਛਲੇ ਛੇ ਮਹੀਨੇ ਸਾਰਟ ਕੰਮ ਹੀ ਮੁਸ਼ਕਿਲ ਰਹੇ ਹਨ। ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਇੱਥੇ ਕ੍ਰਿਕਟ ਦਾ ਪ੍ਰਬੰਧ ਹੋਵੇ। ਤੁਸੀਂ ਚਾਹੁੰਦੇ ਹੋ ਕਿ ਜੀਵਨ ਵਾਪਿਸ ਆਮ ਵਰਗਾ ਹੋ ਜਾਵੇ, ਇਸ ‘ਚ ਖਿਡਾਰੀ ਵੀ ਸ਼ਾਮਿਲ ਹੋਣ ਪਰ ਤੁਸੀਂ ਇਹ ਵੀ ਚਾਹੁੰਦੇ ਹੋ ਕਿ ਕੋਵਿਡ-19 ਦੀ ਸਥਿਤੀ ‘ਤੇ ਕਰੀਬੀ ਨਜ਼ਰ ਰੱਖੀ ਜਾਵੇ। BCCI ਨੇ 2019-20 ‘ਚ ਪੁਰਸ਼ਾਂ ਅਤੇ ਮਹਿਲਾਵਾਂ ਦੇ 2036 ਘਰੇਲੂ ਮੈਚਾਂ ਦਾ ਪ੍ਰਬੰਧ ਕੀਤਾ। ਜੇਕਰ ਚੀਜਾਂ ਆਮ ਰਹਿੰਦੀ ਤਾਂ ਰਣਜੀ ਟਰਾਫ਼ੀ, ਦਲੀਪ ਟਰਾਫ਼ੀ, ਅੰਡਰ-23 ਸੀ. ਕੇ. ਨਾਇਡੂ ਟਰਾਫ਼ੀ, ਫ਼ਤਹਿ ਹਜ਼ਾਰੇ, ਦੇਵਧਰ ਟਰਾਫ਼ੀ ਅਤੇ ਸੈੱਯਦ ਮੁਸ਼ਤਾਕ ਅਲੀ ਟਰਾਫ਼ੀ ਵਰਗੇ ਟੂਰਨਾਮੈਂਟਾਂ ਦਾ ਪ੍ਰਬੰਧ ਹੋ ਰਿਹਾ ਹੁੰਦਾ।