Image Courtesy :jagbani(punjabkesari)

ਨਵੀਂ ਦਿੱਲੀ— ਦੇਸ਼ ਵਿਚ ਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਵੀ ਕੋਰੋਨਾ ਦੇ ਕੇਸ ਲਗਾਤਾਰ ਵੱਧ ਰਹੇ ਹਨ। ਕੋਰੋਨਾ ਮਹਾਮਾਰੀ ਨੂੰ ਵੇਖਦਿਆਂ ਦਿੱਲੀ ਦੇ ਸਾਰੇ ਸਕੂਲਾਂ ਨੂੰ 31 ਅਕਤੂਬਰ 2020 ਤੱਕ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਸ ਸੰਬੰਧ ‘ਚ ਐਤਵਾਰ ਯਾਨੀ ਕਿ ਅੱਜ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਹੁਣ ਦਿੱਲੀ ਦੇ ਸਾਰੇ ਸਕੂਲ 31 ਅਕਤੂਬਰ ਤੱਕ ਬੰਦ ਰਹਿਣਗੇ।
ਮਨੀਸ਼ ਸਿਸੋਦੀਆ ਨੇ ਟਵੀਟ ਕੀਤਾ ਕਿ ਦਿੱਲੀ ਦੇ ਸਾਰੇ ਸਕੂਲ ਕੋਰੋਨਾ ਮਹਾਮਾਰੀ ਕਾਰਨ ਅਜੇ 31 ਅਕਤੂਬਰ ਤੱਕ ਬੰਦ ਰਹਿਣਗੇ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਇਕ ਮਾਤਾ-ਪਿਤਾ ਹੋਣ ਦੇ ਨਾਅਤੇ ਉਹ ਹਾਲਾਤ ਦੀ ਗੰਭੀਰਤਾ ਨੂੰ ਸਮਝਦੇ ਹਨ। ਇਸ ਸਮੇਂ ਬੱਚਿਆਂ ਦੀ ਸਿਹਤ ਨੂੰ ਲੈ ਕੇ ਕੋਈ ਜ਼ੋਖਮ ਲਿਆ ਜਾਣਾ ਸਹੀ ਨਹੀਂ ਹੋਵੇਗਾ।
ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਪਿਛਲੇ ਮਹੀਨੇ ਜਾਰੀ ਦਿਸ਼ਾ-ਨਿਰਦੇਸ਼ਾਂ ਵਿਚ ਕਿਹਾ ਸੀ ਕਿ 21 ਸਤੰਬਰ ਤੋਂ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀ ਆਪਣੇ ਸਕੂਲ ਜਾਣਾ ਚਾਹੁਣ ਅਤੇ ਅਧਿਆਪਕ ਦੀ ਸਲਾਹ ਲੈਣਾ ਚਾਹੁੰਦੇ ਹਨ ਤਾਂ ਉਹ ਆਪਣੇ ਮਾਪਿਆਂ ਦੀ ਲਿਖਤੀ ਸਹਿਮਤੀ ਨਾਲ ਜਾ ਸਕਦੇ ਹਨ। ਹਾਲਾਂਕਿ ਜੇਕਰ ਸਕੂਲ ਅਤੇ ਵਿਦਿਆਰਥੀ ਦਾ ਘਰ ਕੰਟੇਨਮੈਂਟ ਜ਼ੋਨ ਵਿਚ ਨਹੀਂ ਹੈ ਤਾਂ ਹੀ ਇਜਾਜ਼ਤ ਹੋਵੇਗੀ ਪਰ ਇਹ ਸਵੈ-ਇੱਛਾ ਹੋਵੇਗੀ। ਦੱਸ ਦੇਈਏ ਕਿ ਰਾਸ਼ਟਰੀ ਰਾਜਧਾਨੀ ਵਿਚ ਕੋਰੋਨਾ ਕੇਸਾਂ ਦੀ ਕੁੱਲ ਗਿਣਤੀ 2.87 ਲੱਖ ਤੋਂ ਵਧੇਰੇ ਹੈ। ਅਧਿਕਾਰੀਆਂ ਮੁਤਾਬਕ ਇਸ ਮਹਾਮਾਰੀ ਤੋਂ ਹੁਣ ਤੱਕ ਦਿੱਲੀ ਵਿਚ ਮਰੀਜ਼ਾਂ ਦੀ ਮੌਤ ਹੋਣ ਦੀ ਗਿਣਤੀ 5 ਹਜ਼ਾਰ ਤੋਂ ਉੱਪਰ ਪਹੁੰਚ ਗਈ ਹੈ।
News Credit :jagbani(punjabkesari)