Image Courtesy :jagbani(punjabkesari)

ਅੰਡਾ ਪ੍ਰੋਟੀਨ ਦਾ ਸਭ ਤੋਂ ਚੰਗਾ ਸਰੋਤ ਮੰਨਿਆ ਜਾਂਦਾ ਹੈ। ਇਹ ਭਾਰ ਘਟਾਉਣ ਵਾਲਿਆਂ ਅਤੇ ਬੌਡੀ ਬਿਲਡਰਜ਼ ਦਾ ਪਸੰਦੀਦਾ ਭੋਜਨ ਮੰਨਿਆ ਜਾਂਦਾ ਹੈ। ਅੰਡੇ ‘ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸ਼ਰੀਰ ਨੂੰ ਐਨਰਜੀ ਪ੍ਰਦਾਨ ਕਰਦੇ ਹਨ ਅਤੇ ਭਾਰ ਨੂੰ ਵੀ ਕੰਟਰੋਲ ‘ਚ ਰੱਖਦੇ ਹਨ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਅੰਡੇ ਨੂੰ ਪਕਾਉਣਾ ਬਹੁਤ ਆਸਾਨ ਹੈ ਅਤੇ ਇਸ ਨੂੰ ਆਪਣੇ ਰੋਜ਼ ਦੇ ਆਹਾਰ ‘ਚ ਸ਼ਾਮਿਲ ਕੀਤਾ ਜਾ ਸਕਦਾ ਹੈ।
ਭਾਰ ਘਟਾਉਣ ਲਈ ਜ਼ਿਆਦਾਤਰ ਲੋਕ ਉਬਲੇ ਅੰਡੇ ਨੂੰ ਟੋਸਟ ਜਾਂ ਸ਼ਿਮਲਾ ਮਿਰਚ ਅਤੇ ਪਾਲਕ ਵਰਗੀਆਂ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਦੇ ਨਾਲ ਮਿਲਾ ਕੇ ਖਾਂਦੇ ਹਨ, ਪਰ ਖਾਣ ਪੀਣ ਦੀਆਂ ਦੂਜੀਆਂ ਚੀਜ਼ਾਂ ਦੀ ਤਰ੍ਹਾਂ ਅੰਡੇ ਖਾਣ ਦਾ ਵੀ ਸਹੀ ਅਤੇ ਗ਼ਲਤ ਸਮਾਂ ਹੁੰਦਾ ਹੈ। ਜੇਕਰ ਅੰਡੇ ਨੂੰ ਸਹੀ ਸਮੇਂ ‘ਤੇ ਖਾਧਾ ਜਾਵੇ ਤਾਂ ਭਾਰ ਕਾਫ਼ੀ ਤੇਜ਼ੀ ਨਾਲ ਘਟਦਾ ਹੈ।
ਨਾਸ਼ਤੇ ‘ਚ
ਸਵੇਰੇ ਨਾਸ਼ਤੇ ‘ਚ ਅੰਡਾ ਖਾਣਾ ਜ਼ਿਆਦਾ ਫ਼ਾਇਦੇਮੰਦ ਹੈ। ਅੰਡੇ ਦੀ ਡਿਸ਼ ਤਿਆਰ ਕਰਨ ‘ਚ 5 ਤੋਂ 10 ਮਿੰਟ ਦਾ ਸਮਾਂ ਲੱਗਦਾ ਹੈ। ਇਸ ‘ਚ ਮੈਗਨੀਜ਼ੀਅਮ, ਜਿੰਕ, ਆਇਰਨ ਅਤੇ ਪ੍ਰੋਟੀਨ ਵਰਗੇ ਪੋਸ਼ਕ ਤੱਤ ਪੂਰੀ ਮਾਤਰਾ ‘ਚ ਪਾਏ ਜਾਂਦੇ ਹਨ। ਪ੍ਰੋਟੀਨ ਨਾਲ ਭਰਪੂਰ ਨਾਸ਼ਤਾ ਲੈਣ ਨਾਲ ਲੰਬੇ ਸਮੇਂ ਤਕ ਭੁੱਖ ਨਹੀਂ ਲੱਗਦੀ। ਇਸ ਨਾਲ ਤੁਸੀਂ ਜ਼ਿਆਦਾ ਖਾਣਾ ਖਾਣ ਤੋਂ ਬਚ ਸਕਦੇ ਹੋ।
ਵਰਕਆਊਟ ਤੋਂ ਬਾਅਦ ਕਾਫ਼ੀ ਤੇਜ਼ੀ ਨਾਲ ਭੁੱਖ ਲੱਗਦੀ ਹੈ। ਇਸ ਲਈ ਇਸ ਦੌਰਾਨ ਅੰਡਾ ਖਾਣਾ ਫ਼ਾਇਦੇਮੰਦ ਹੁੰਦਾ ਹੈ। ਇਹ ਭੁੱਖ ਨੂੰ ਸ਼ਾਂਤ ਕਰਦਾ ਹੈ, ਸ਼ਰੀਰ ਨੂੰ ਐਨਰਜੀ ਦਿੰਦਾ ਹੈ ਅਤੇ ਮਾਸਪੇਸ਼ੀਆਂ ਨੂੰ ਰਿਪੇਅਰ ਕਰਨ ‘ਚ ਮਦਦ ਕਰਦਾ ਹੈ। ਸਾਡੇ ਸ਼ਰੀਰ ਨੂੰ ਪੂਰੇ ਪੋਸ਼ਣ ਦੀ ਲੋੜ ਹੁੰਦੀ ਹੈ ਅਤੇ ਅੰਡੇ ਤੋਂ ਬਿਹਤਰ ਕੁੱਝ ਵੀ ਨਹੀਂ। ਵਰਕਆਊਟ ਦੇ ਬਾਅਦ ਦੋ ਉਬਲੇ ਅੰਡੇ ਜਾਂ ਟਮਾਟਰ, ਸ਼ਿਮਲਾ ਮਿਰਚ ਅਤੇ ਪਾਲਕ ਮਿਲਾ ਕੇ ਖਾਧਾ ਜਾ ਸਕਦਾ ਹੈ। ਇਸ ਨਾਲ ਸ਼ਰੀਰ ਨੂੰ ਤੁਰੰਤ ਐਨਰਜੀ ਮਿਲਦੀ ਹੈ।
ਰਾਤ ਨੂੰ
ਕੁੱਝ ਸਟੱਡੀਜ਼ ਮੁਤਾਬਿਕ ਰਾਤ ਦੇ ਖਾਣੇ ਤੋਂ ਬਾਅਦ ਅੰਡਾ ਖਾਣਾ ਇੱਕ ਹੈਲਦੀ ਔਪਸ਼ਨ ਹੈ ਜਦਕਿ ਹੋਰ ਸਟੱਡੀਜ਼ ‘ਚ ਪਾਇਆ ਗਿਆ ਹੈ ਕਿ ਰਾਤ ਦੇ ਖਾਣੇ ਤੋਂ ਬਾਅਦ ਅੰਡੇ ਖਾਣ ਨਾਲ ਨੀਂਦ ਪ੍ਰਭਾਵਿਤ ਹੁੰਦੀ ਹੈ। ਦਰਅਸਲ ਰਾਤ ਦੇ ਖਾਣੇ ਤੋਂ ਬਾਅਦ ਅੰਡਾ ਖਾਣ ਨਾਲ ਐਸਿਡ ਰਿਫ਼ਲੈਕਸ ਤੋਂ ਪੀੜਤ ਮਰੀਜ਼ਾਂ ‘ਚ ਉਨੀਂਦਰੇ ਦੀ ਸਮੱਸਿਆ ਵੱਧ ਸਕਦੀ ਹੈ। ਅੰਡੇ ਦੀ ਜ਼ਰਦੀ ‘ਚ ਵਸਾ ਦੀ ਮਾਤਰਾ ਹੁੰਦੀ ਹੈ ਜੋ ਨੀਂਦ ਨੂੰ ਪ੍ਰਭਾਵਿਤ ਕਰਦੀ ਹੈ। ਹਾਲਾਂਕਿ ਹੋਰ ਸਟੱਡੀ ਕਹਿੰਦੀ ਹੈ ਕਿ ਰਾਤ ਦੇ ਖਾਣੇ ਤੋਂ ਬਾਅਦ ਅੰਡੇ ਖਾਣ ਨਾਲ ਚੰਗੀ ਨੀਂਦ ਆਉਂਦੀ ਹੈ। ਜੇਕਰ ਸੌਣ ਤੋਂ ਪਹਿਲਾਂ ਅੰਡੇ ਖਾਣ ਨਾਲ ਤੁਹਾਡੀ ਨੀਂਦ ‘ਤੇ ਕੋਈ ਅਸਰ ਨਹੀਂ ਪੈਂਦਾ ਹੈ ਤਾਂ ਇਹ ਤੁਹਾਡੇ ਲਈ ਬੈੱਸਟ ਹੈ।
ਭਾਰ ਘਟਾਉਣ ਲਈ ਅੰਡਾ ਪਕਾਉਣ ਦਾ ਤਰੀਕਾ
ਹਮੇਸ਼ਾ ਹੈਲਦੀ ਔਇਲ ‘ਚ ਅੰਡੇ ਬਣਾਓ। ਅੰਡੇ ਪਕਾਉਣ ਲਈ ਘੱਟ ਤੋਂ ਘੱਟ ਤੇਲ ਦੀ ਵਰਤੋਂ ਕਰੋ। ਅੰਡਿਆਂ ਨੂੰ ਬਹੁਤ ਜ਼ਿਆਦਾ ਨਾ ਪਕਾਓ ਨਹੀਂ ਤਾਂ ਇਸ ‘ਚ ਮੌਜੂਦ ਪੋਸ਼ਕ ਤੱਤ ਘੱਟ ਸਕਦੇ ਹਨ। ਸਹੀ ਸਮੇਂ ‘ਤੇ ਅੰਡੇ ਦੀ ਵਰਤੋਂ ਕਰਨ ਨਾਲ ਭਾਰ ਕੰਟਰੋਲ ‘ਚ ਰਹਿੰਦਾ ਹੈ। ਤੁਸੀਂ ਸਵੇਰੇ ਨਾਸ਼ਤੇ ‘ਚ, ਰਾਤ ਦੇ ਖਾਣੇ ਜਾਂ ਵਰਕਆਊਟ ਤੋਂ ਬਾਅਦ ਉਬਲੇ ਅੰਡੇ ਜਾਂ ਆਮਲੇਟ ਦੀ ਵਰਤੋਂ ਕਰ ਸਕਦੇ ਹੋ।