Image Courtesy :jagbani(punjabkesari)

ਬੌਲੀਵੁਡ ਅਦਾਕਾਰਾ ਅਨੁਸ਼ਕਾ ਸ਼ਰਮਾ ਇਨ੍ਹੀਂ ਦਿਨੀਂ ਸੁਰਖ਼ੀਆਂ ‘ਚ ਹੈ। IPL ਦੌਰਾਨ ਅਨੁਸ਼ਕਾ ਆਪਣੇ ਪਤੀ ਵਿਰਾਟ ਕੋਹਲੀ ਦਾ ਹੌਂਸਲਾ ਵਧਾਉਂਦੇ ਹੋਏ ਵੀ ਦਿਖਾਈ ਦਿੱਤੀ ਸੀ। ਇਸ ਦੌਰਾਨ ਅਨੁਸ਼ਕਾ ਨੂੰ ਲੈ ਕੇ ਗੂਗਲ ਸਰਚ ‘ਤੇ ਕੁੱਝ ਅਜਿਹਾ ਹੋਇਆ ਜਿਸ ਦੀ ਚਰਚਾ ਹਰ ਪਾਸੇ ਛਿੜੀ ਹੋਈ ਹੈ। ਦਰਅਸਲ ਗੂਗਲ ਸਰਚ ‘ਤੇ ਜੇਕਰ ਅਫ਼ਗ਼ਾਨਿਸਤਾਨ ਦੇ ਕ੍ਰਿਕਟਰ ਰਾਸ਼ਿਦ ਖ਼ਾਨ ਦੀ ਪਤਨੀ ਲਿਖ ਕੇ ਸਰਚ ਕਰੋ ਤਾਂ ਉਸ ‘ਚ ਅਨੁਸ਼ਕਾ ਸ਼ਰਮਾ ਦਾ ਨਾਂ ਅਤੇ ਉਸ ਦੀ ਤਸਵੀਰ ਆ ਰਹੀ ਹੈ ਜਦੋਂਕਿ ਅਨੁਸ਼ਕਾ ਸ਼ਰਮਾ ਕ੍ਰਿਕਟਰ ਵਿਰਾਟ ਕੋਹਲੀ ਦੀ ਪਤਨੀ ਹੈ। ਉਥੇ ਹੀ, ਹੁਣ ਅਨੁਸ਼ਕਾ ਸ਼ਰਮਾ ਦੀ ਇੱਕ ਹੋਰ ਤਸਵੀਰ ਵਾਇਰਲ ਹੋ ਰਹੀ ਹੈ ਜਿਸ ‘ਚ ਉਹ ਰੌਇਲ ਚੈਲੇਂਜਰਜ਼ ਬੈਂਗਲੋਰ ਦੀ ਟੀਮ ਦੇ ਮੈਂਬਰ ਸ਼ਾਹਬਾਜ਼ ਅਹਿਮਦ ਨਾਲ ਨਜ਼ਰ ਆ ਰਹੀ ਹੈ। ਇਸ ਤਸਵੀਰ ‘ਚ ਅਨੁਸ਼ਕਾ ਕਾਫ਼ੀ ਖ਼ੂਬਸੂਰਤ ਲੁੱਕ ‘ਚ ਨਜ਼ਰ ਆ ਰਹੀ ਹੈ। ਲੋਕੀ ਅਨੁਸ਼ਕਾ ਅਤੇ ਸ਼ਾਹਬਾਜ਼ ਅਹਿਮਦ ਦੀ ਵਾਇਰਲ ਤਸਵੀਰ ‘ਤੇ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ।
ਕੀ ਹੈ ਪੂਰਾ ਮਾਮਲਾ
ਇਹ ਪੂਰਾ ਮਾਮਲਾ 2018 ਤੋਂ ਸ਼ੁਰੂ ਹੋਇਆ। ਦਰਅਸਲ ਪ੍ਰਸ਼ੰਸਕਾਂ ਨਾਲ ਇੱਕ ਚੈਟ ਸੈਸ਼ਨ ਦੌਰਾਨ ਰਾਸ਼ਿਦ ਖ਼ਾਨ ਕੋਲੋਂ ਕਈ ਸਵਾਲ ਪੁੱਛੇ ਗਏ। ਇਨ੍ਹਾਂ ‘ਚੋਂ ਇੱਕ ਸਵਾਲ ਸੀ ਕਿ ਬੌਲੀਵੁਡ ‘ਚ ਉਨ੍ਹਾਂ ਨੂੰ ਕਿਹੜੀ ਅਦਾਕਾਰਾ ਪਸੰਦ ਹੈ? ਰਾਸ਼ਿਦ ਨੇ ਅਨੁਸ਼ਕਾ ਸ਼ਰਮਾ ਅਤੇ ਪ੍ਰਿੰਟੀ ਜ਼ਿੰਟਾ ਦਾ ਨਾਮ ਲਿਆ। ਉਸ ਦੌਰਾਨ ਰਾਸ਼ਿਦ ਕਾਫ਼ੀ ਸੁਰਖ਼ੀਆਂ ‘ਚ ਆ ਗਿਆ ਸੀ। ਇਥੋਂ ਹੀ ਰਾਸ਼ਿਦ ਦੀ ਪਤਨੀ ਦਾ ਨਾਮ ਗੂਗਲ ‘ਤੇ ਸਰਚ ‘ਚ ਅਨੁਸ਼ਕਾ ਸ਼ਰਮਾ ਆਉਣ ਲੱਗ ਗਿਆ। ਦੱਸ ਦੇਈਏ ਕਿ ਜੁਲਾਈ 2020 ‘ਚ ਇੱਕ ਇੰਟਰਵਿਊ ‘ਚ ਰਾਸ਼ਿਦ ਨੇ ਦੱਸਿਆ ਸੀ ਕਿ ਉਸ ਦਾ ਅਜੇ ਤਕ ਵਿਆਹ ਨਹੀਂ ਹੋਇਆ।
ਦੱਸ ਦਈਏ ਕਿ ਬੀਤੇ ਦਿਨੀਂ ਅਨੁਸ਼ਕਾ ਸ਼ਰਮਾ ਰੌਇਲ ਚੈਲੇਂਜਰਜ਼ ਬੈਂਗਲੋਰ ਅਤੇ ਚੇਨਈ ਸੁਪਰ ਕਿੰਗਜ਼ ਦਾ ਮੈਚ ਦੇਖਣ ਸਟੇਡੀਅਮ ਪਹੁੰਚੀ ਸੀ। ਇਸ ਮੈਚ ਦੌਰਾਨ ਅਨੁਸ਼ਕਾ ਦੀਆਂ ਕਾਫ਼ੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਜਿਨ੍ਹਾਂ ‘ਚ ਉਹ ਆਪਣੇ ਪਤੀ ਵਿਰਾਟ ਕੋਹਲੀ ਦੇ ਸ਼ਾਨਦਾਰ ਪ੍ਰਦਰਸ਼ਨ ‘ਤੇ ਫ਼ਲਾਈਂਗ ਕਿੱਸ ਕਰਦੀ ਨਜ਼ਰ ਆਈ ਸੀ।
ਦੱਸਣਯੋਗ ਹੈ ਕਿ ਅਨੁਸ਼ਕਾ ਸ਼ਰਮਾ ਇਨ੍ਹੀਂ ਦਿਨੀਂ ਗਰਭਵਤੀ ਹੋਣ ਦੀਆਂ ਖ਼ਬਰਾਂ ਕਾਰਨ ਵੀ ਕਾਫ਼ੀ ਸੁਰਖ਼ੀਆਂ ‘ਚ ਹੈ। ਹਾਲ ਹੀ ‘ਚ ਉਸ ਨੇ ਦੱਸਿਆ ਸੀ ਕਿ ਇੱਕ ਨਵਾਂ ਮਹਿਮਾਨ ਜਲਦੀ ਹੀ ਉਨ੍ਹਾਂ ਦੇ ਘਰ ਆ ਰਿਹਾ ਹੈ। ਅਨੁਸ਼ਕਾ ਸ਼ਰਮਾ ਅਕਸਰ ਹੀ ਆਪਣੇ ਬੇਬੀ ਬੰਪ ਨਾਲ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।