Image Courtesy :jagbani(punjabkesari)

ਨਵੀਂ ਦਿੱਲੀ: ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦਾ IPL-13 ‘ਚ ਪ੍ਰਦਰਸ਼ਨ ਨਿਰਾਸ਼ਾਜਨਕ ਚੱਲ ਰਿਹਾ ਹੈ ਅਤੇ ਸੋਸ਼ਲ ਮੀਡੀਆ ‘ਤੇ ਉਹ ਆਲੋਚਨਾ ਦਾ ਸ਼ਿਕਾਰ ਹੋ ਰਿਹਾ ਹੈ, ਪਰ ਭਾਰਤ ਦੇ ਪਹਿਲੇ ਔਨਲਾਈਨ ਸਪੋਰਟਸ ਰੇਡੀਓ ਚੈਨਲ ਸਪੋਰਟਸ ਫ਼ਲੈਸ਼ਿਜ਼ ਦੇ ਇੱਕ ਔਨਲਾਈਨ ਸਰਵੇ ਜ਼ਰੀਏ ਧੋਨੀ ਨੂੰ T-20 ਦਾ ਕਿੰਗ ਘੋਸ਼ਿਤ ਕੀਤਾ ਗਿਆ ਹੈ। ਇਹ ਚੈਨਲ ਲਾਈਵ ਅਪਡੇਟ ਅਤੇ 24/7 ਚੈਟ ਕੌਮੈਂਟਰੀ ਸਮੇਤ ਖੇਡ ਸਮੱਗਰੀਆਂ ਦੇ ਪ੍ਰਸਾਰਣ ਲਈ ਮਸ਼ਹੂਰ ਹੈ।
ਸਪੋਟਰਸ ਫ਼ਲੈਸ਼ ਦੇ ਸਰਵੇ ਵਿੱਚ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫ਼ਾਰਮ ‘ਤੇ 1.2 ਮਿਲੀਅਨ ਲੋਕਾਂ ਦੀ ਭਾਗੀਦਾਰੀ ਦਰਜ ਕੀਤੀ ਗਈ। ਪੂਰੀ ਦੁਨੀਆ ਦੀਆਂ ਵੱਖ-ਵੱਖ ਟੀਮਾਂ ਦੇ ਕੁੱਲ 128 ਕ੍ਰਿਕਟਰ ਚੁਣੇ ਗਏ ਅਤੇ ਵੱਖ-ਵੱਖ ਪੜਾਵਾਂ ਵਿੱਚ 127 ਦਿਲਚਸਪ ਅਤੇ ਰੋਮਾਂਚਕ ਮੈਚ ਆਯੋਜਿਤ ਕੀਤੇ ਗਏ। ਕ੍ਰਿਕਟਰਾਂ ਦੀ ਚੋਣ ਉਨ੍ਹਾਂ ਦੇ ਪਿਛਲੇ ਪ੍ਰਦਰਸ਼ਨ ਅਤੇ ਉਨ੍ਹਾਂ ਦੇ ਮੌਜੂਦਾ ਆਈ.ਪੀ.ਐਲ. ਮੁੱਲਾਂ ਦੇ ਆਧਾਰ ‘ਤੇ ਮਾਹਰਾਂ ਦੇ ਇੱਕ ਪੈਨਲ ਅਤੇ ਸਪੋਟਰਸ ਫ਼ਲੈਸ਼ਿਜ਼ ਦੇ ਕੌਮੈਂਟੇਟਰਾਂ ਨੇ ਕੀਤਾ। ਸਾਰੇ 127 ਮੈਚਾਂ ਲਈ ਵੋਟਿੰਗ ਸਪੋਟਰਸ ਫ਼ਲੈਸ਼ਿਜ਼ ਦੇ ਟਵਿਟਰ, ਫ਼ੇਸਬੁੱਕ, ਇਨਸਟਾਗਰੈਮ ਅਤੇ ਲਿੰਕਡਇਨ ਦੇ ਸੋਸ਼ਲ ਮੀਡੀਆ ਹੈਂਡਲ ਜ਼ਰੀਏ ਕੀਤੀ ਗਈ। ਇਹ ਸਰਵੇ ਕ੍ਰਿਕਟ ਲੀਗ ਦੀ ਤਰ੍ਹਾਂ ਵੱਖ-ਵੱਖ ਪੜਾਵਾਂ ਵਿੱਚ ਕੀਤਾ ਗਿਆ ਸੀ, ਜੋ ਪਿਛਲੇ 32 ਦਿਨਾਂ ਤੋਂ ਲਾਈਵ ਸੀ। ਸੈਮੀਫ਼ਾਇਨਲ ਵਿੱਚ ਧੋਨੀ ਅਤੇ ਯੁਵਰਾਜ ਸਿੰਘ ਮੁਕਾਬਲੇ ਵਿੱਚ ਆਹਮੋ-ਸਾਹਮਣੇ ਸਨ ਜਦੋਂ ਕਿ ਮੌਜੂਦਾ ਭਾਰਤੀ ਕਪਤਾਨ ਵਿਰਾਟ ਕੋਹਲੀ ਆਪਣੇ ਉੱਪ-ਕਪਤਾਨ ਰੋਹਿਤ ਸ਼ਰਮਾ ਨਾਲ ਭਿੜੇ ਸਨ। ਫ਼ਾਈਨਲ ਧੋਨੀ ਅਤੇ ਵਿਰਾਟ ਵਿਚਾਲੇ ਸੀ।
ਦਰਸ਼ਕਾਂ ਨੇ T-20 ਕਿੰਗ ਦੇ ਖ਼ਿਤਾਬ ਨਾਲ ਧੋਨੀ ਨੂੰ ਨਿਵਾਜਿਆ। ਇਸ ਸਰਵੇ ‘ਤੇ ਸਪੋਰਟਸ ਫ਼ਲੈਸ਼ਿਜ਼ ਦੇ ਸੰਸਥਾਪਕ ਰਮਨ ਰਹੇਜਾ ਨੇ ਕਿਹਾ, ”ਇਹ ਨਤੀਜਾ ਦਰਸਾਉਂਦਾ ਹੈ ਕਿ ਅੰਤਰਰਸ਼ਟਰੀ ਕ੍ਰਿਕਟ ਤੋਂ ਸੰਨਿਆਸ ਦੀ ਘੋਸ਼ਣਾ ਤੋਂ ਬਾਅਦ ਵੀ ਧੋਨੀ ਨੂੰ ਹੀ ਦਰਸ਼ਕ ਕ੍ਰਿਕਟ ਦਾ ਰਾਜਾ ਮੰਨਦੇ ਹਨ ਅਤੇ ਦੇਸ਼ ਲਈ ਉਸ ਦੇ ਖੇਡ ਨੂੰ ਬੇਹੱਦ ਮਹੱਤਵਪੂਰਣ ਮੰਨਦੇ ਹਨ। ਉਹ ਸਚਮੁੱਚ ਕ੍ਰਿਕਟ ਦਾ ਇੱਕ ਲੈਜੈਂਡ ਹੈ। ਇਹ ਸਰਵੇ ਇਸ ਮਸ਼ਹੂਰ ਹਸਤੀ ਨਾਲ ਕ੍ਰਿਕਟ ਪ੍ਰੇਮੀਆਂ ਦਾ ਲਗਾਅ ਜਾਣਨ ਲਈ ਕੀਤਾ ਗਿਆ ਸੀ। ਇਸ ਨੂੰ 32 ਦਿਨਾਂ ਵਿੱਚ ਚਾਲ੍ਹੀ ਲੱਖ ਵਿਊਜ਼ ਮਿਲੇ। ਇਹ ਇਸ ਦਾ ਵੀ ਸਬੂਤ ਹੈ ਕਿ ਭਾਰਤ ਵਿੱਚ ਕ੍ਰਿਕਟ ਸਭ ਤੋਂ ਪਸੰਦੀਦਾ ਖੇਡ ਦੇ ਰੂਪ ਵਿੱਚ ਅੱਜ ਵੀ ਅੱਵਲ ਹੈ।” ਰਹੇਜਾ ਨੇ ਕਿਹਾ, ”ਅਸੀਂ ਦੈਨਿਕ ਆਧਾਰ ‘ਤੇ ਦਰਸ਼ਕਾਂ ਨਾਲ ਸੰਪਰਕ ਵਿੱਚ ਬਣੇ ਰਹੇ ਅਤੇ ਇਹ ਮਾਸਿਕ ਆਧਾਰ ‘ਤੇ ਸਪੋਰਟਸ ਫ਼ਲੈਸ਼ਿਜ਼ ਔਨਲਾਈਨ ਰੇਡੀਓ ਦੇ 10 ਮਿਲੀਅਨ ਸਰੋਤਿਆਂ ਵਿੱਚੋਂ ਹਨ।”