Image Courtesy :bbc

ਬੌਲੀਵੁਡ ਅਦਾਕਾਰਾ ਅਤੇ ਬਿੱਗ ਬੌਸ 6 ਦੀ ਮੁਕਾਬਲੇਬਾਜ਼ ਰਹੀ ਸਨਾ ਖ਼ਾਨ ਨੇ ਫ਼ਿਲਮ ਜਗਤ ਨੂੰ ਛੱਡਣ ਦਾ ਫ਼ੈਸਲਾ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਸਨਾ ਖ਼ਾਨ ਨੇ ਆਪਣੇ ਸੋਸ਼ਲ ਮੀਡੀਆ ਐਕਾਊਂਟ ‘ਤੇ ਸਾਂਝੀ ਕੀਤੀ। ਉਸ ਨੇ ਫ਼ਿਲਮ ਜਗਤ ਛੱਡਣ ਦੀ ਵਜ੍ਹਾ ਇਸਲਾਮ ਦੱਸੀ ਹੈ। ਸਨਾ ਨੇ ਕਿਹਾ ਹੈ ਕਿ ਉਹ ਮਾਨਵਤਾ ਦੀ ਸੇਵਾ ਕਰਨਾ ਚਾਹੁੰਦੀ ਹੈ ਅਤੇ ਹੁਣ ਤੋਂ ਅੱਲ੍ਹਾ ਦੇ ਆਦੇਸ਼ਾਂ ਦਾ ਪਾਲਨ ਕਰੇਗੀ।
ਦੱਸ ਦਈਏ ਕਿ ਸਨਾ ਖ਼ਾਨ ਨੇ ਆਪਣੇ ਸੋਸ਼ਲ ਮੀਡੀਆ ਇਨਸਟਾਗ੍ਰੈਮ ਐਕਾਊਂਟ ਤੋਂ ਆਪਣੀਆਂ ਸਾਰੀਆਂ ਬੋਲਡ ਤਸਵੀਰਾਂ ਡਿਲੀਟ ਕਰ ਦਿੱਤੀਆਂ ਹਨ। ਹੁਣ ਸਨਾ ਖ਼ਾਨ ਦੇ ਇਨਸਟਾ ‘ਤੇ ਸਿਰਫ਼ ਖ਼ੂਬਸੂਰਤ ਤਸਵੀਰਾਂ ਹੀ ਦੇਖਣ ਨੂੰ ਮਿਲ ਰਹੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਸਨਾ ਖ਼ਾਨ ਪੰਜਾਬੀ ਪਹਿਰਾਵੇ ‘ਚ ਨਜ਼ਰ ਆ ਰਹੀ ਹੈ।
ਦੱਸ ਦਈਏ ਕਿ ਸਨਾ ਖ਼ਾਨ ਨੇ ਆਪਣੇ ਇਨਸਟਾਗ੍ਰੈਮ ਅਕਾਊਂਟ ‘ਤੇ ਰੋਮਨ, ਅੰਗਰੇਜ਼ੀ ਅਤੇ ਅਰਬੀ ਭਾਸ਼ਾਵਾਂ ‘ਚ ਪੋਸਟ ਸਾਂਝੀ ਕੀਤੀ ਹੈ। ਸਨਾ ਲਿਖਿਆ ਹੈ, ”ਭਰਾਵੋਂ ਅਤੇ ਭੈਣੋਂ ਅੱਜ ਮੈਂ ਆਪਣੀ ਜ਼ਿੰਦਗੀ ਦੇ ਇੱਕ ਅਹਿਮ ਮੋੜ ‘ਤੇ ਤੁਹਾਡੇ ਨਾਲ ਗੱਲ ਕਰ ਰਹੀ ਹਾਂ। ਮੈਂ ਸਾਲਾਂ ਤੋਂ ਸ਼ੋਅ ਬਿੱਜ (ਦਿਖਾਵੇ) ਦੀ ਜ਼ਿੰਦਗੀ ਗੁਜ਼ਾਰ ਰਹੀ ਹਾਂ ਅਤੇ ਇਸ ਅਰਸੇ ‘ਚ ਮੈਨੂੰ ਹਰ ਤਰ੍ਹਾਂ ਦੀ ਸ਼ੋਹਰਤ, ਇੱਜ਼ਤ ਅਤੇ ਦੌਲਤ ਆਪਣੇ ਚਾਹੁਣ ਵਾਲਿਆਂ ਵਲੋਂ ਨਸੀਬ ਹੋਈ ਹੈ ਜਿਸ ਲਈ ਮੈਂ ਉਨ੍ਹਾਂ ਦੀ ਧੰਨਵਾਦੀ ਹਾਂ।
ਹੁਣ ਕੁੱਝ ਦਿਨਾਂ ਤੋਂ ਮੇਰੇ ‘ਤੇ ਇਹ ਅਹਿਸਾਸ ਕਬਜ਼ਾ ਕਰ ਕੇ ਬੈਠਾ ਹੋਇਆ ਹੈ ਕਿ ਇਨਸਾਨ ਦੇ ਦੁਨੀਆ ‘ਚ ਆਉਣ ਦਾ ਉਦੇਸ਼ ਕੀ ਸਿਰਫ਼ ਇਹੀ ਹੈ ਕਿ ਉਹ ਦੌਲਤ ਤੇ ਸ਼ੋਹਰਤ ਕਮਾਏ? ਕੀ ਉਸ ਦਾ ਇਹ ਫ਼ਰਜ ਨਹੀਂ ਕਿ ਉਹ ਆਪਣੀ ਜ਼ਿੰਦਗੀ ਉਨ੍ਹਾਂ ਲੋਕਾਂ ਦੀ ਸੇਵਾ ‘ਚ ਗ਼ੁਜਾਰੇ ਜੋ ਬੇਸਹਾਰਾ ਅਤੇ ਬਿਨਾਂ ਘਰਾਂ ਤੋਂ ਰਹਿੰਦੇ ਹਨ? ਕੀ ਇਨਸਾਨ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਸ ਦੀ ਮੌਤ ਕਿਸੇ ਵੀ ਸਮੇਂ ਹੋ ਸਕਦੀ ਹੈ ਅਤੇ ਮਰਨ ਤੋਂ ਬਾਅਦ ਉਸ ਦਾ ਕੀ ਬਣਨ ਵਾਲਾ ਹੈ? ਇਨ੍ਹਾਂ ਦੋ ਸਵਾਲਾਂ ਦਾ ਜਵਾਬ ਮੈਂ ਕਾਫ਼ੀ ਸਮੇਂ ਭਾਲ ਰਹੀ ਸਾਂ। ਖ਼ਾਸਤੌਰ ‘ਤੇ ਇਸ ਦੂਜੇ ਸਵਾਲ ਦਾ ਜਵਾਬ ਕਿ ਮਰਨ ਤੋਂ ਬਾਅਦ ਮੇਰਾ ਕੀ ਬਣੇਗਾ?”
ਸਨਾ ਖ਼ਾਨ ਨੇ ਲਿਖਿਆ, ”ਇਸ ਸਵਾਲ ਦਾ ਜਵਾਬ ਜਦੋਂ ਮੈਂ ਆਪਣੇ ਧਰਮ ‘ਚ ਤਲਾਸ਼ ਕੀਤਾ ਤਾਂ ਮੈਨੂੰ ਪਤਾ ਲੱਗਾ ਕਿ ਦੁਨੀਆ ਦੀ ਇਹ ਜ਼ਿੰਦਗੀ ਅਸਲ ‘ਚ ਮਰਨ ਤੋਂ ਬਾਅਦ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਹੈ। ਇਸ ਲਈ ਮੈਂ ਅੱਜ ਤੋਂ ਐਲਾਨ ਕਰਦੀ ਹਾਂ ਕਿ ਅੱਜ ਤੋਂ ਮੈਂ ਆਪਣੇ ਸ਼ੋਅ ਬਿੱਜਖ (ਦਿਖਾਵੇ) ਦੀ ਜ਼ਿੰਦਗੀ ਛੱਡ ਕੇ ਇਨਸਾਨੀਅਤ ਦੀ ਸੇਵਾ ਅਤੇ ਅੱਲ੍ਹਾ ਦੇ ਹੁਕਮਾਂ ‘ਤੇ ਚੱਲਣ ਦਾ ਪੱਕਾ ਇਰਾਦਾ ਕਰਦੀ ਹਾਂ। ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਮੈਨੂੰ ਦਿਖਾਵੇ ਦੇ ਕੰਮ ਲਈ ਦਾਵਤ ਨਾ ਦਿੱਤੀ ਜਾਵੇ। ਬਹੁਤ-ਬਹੁਤ ਧੰਨਵਾਦ।”
ਦੱਸਣਯੋਗ ਹੈ ਕਿ ਸਨਾ ਖ਼ਾਨ ਨੇ ਸਾਲ 2005 ‘ਚ ਫ਼ਿਲਮ ਯਹੀ ਹੈ ਹਾਈ ਸੋਸਾਇਟੀ ਨਾਲ ਬੌਲੀਵੁਡ ‘ਚ ਡੈਬਿਊ ਕੀਤਾ ਸੀ। ਉਸ ਤੋਂ ਬਾਅਦ ਉਹ ਬੌਂਬੇ ਟੂ ਗੋਆ, ਧਨ ਧਨਾ ਧਨ ਗੋਲ, ਹੱਲਾ ਬੋਲ, ਜੈ ਹੋ, ਵਜ੍ਹਾ ਤੁਮ ਹੋ ਵਰਗੀਆਂ ਫ਼ਿਲਮਾਂ ‘ਚ ਨਜ਼ਰ ਆਈ ਸੀ। ਕੁੱਝ ਦਿਨ ਪਹਿਲਾਂ ਸਨਾ ਖ਼ਾਨ ਵੈੱਬ ਸੀਰੀਜ਼ ਸਪੈਸ਼ਲ ਆਪਸ ‘ਚ ਨਜ਼ਰ ਆਈ ਸੀ। ਹਿੰਦੀ ਫ਼ਿਲਮਾਂ ਤੋਂ ਇਲਾਵਾ ਸਨਾ ਨੇ ਤੇਲੁਗੂ ਅਤੇ ਤਮਿਲ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ।