Image Courtesy :dailypost

ਹਿੰਦੀ ਸਿਨੇਮਾ ਦੇ ਸਭ ਤੋਂ ਚਹੇਤੇ ਅਦਾਕਾਰ ਅਮਿਤਾਭ ਬੱਚਨ ਇਸ ਹਫ਼ਤੇ 78 ਸਾਲ ਦੇ ਹੋ ਗਏ ਹਨ। ਅਮਿਤਾਭ ਬੱਚਨ ਉਨ੍ਹਾਂ ਕੁੱਝ ਅਦਾਕਾਰਾਂ ਵਿੱਚੋਂ ਇੱਕ ਹੈ, ਜਿਨ੍ਹਾਂ ਦੀ ਦਮਦਾਰ ਐਕਟਿੰਗ ਨੇ ਉਨ੍ਹਾਂ ਦੇ ਆਲੋਚਕਾਂ ਨੂੰ ਵੀ ਹੈਰਾਨ ਕਰ ਦਿੱਤਾ। ਉਨ੍ਹਾਂ ਦੇ ਉਤਸ਼ਾਹ ਅਤੇ ਕੰਮ ਕਰਨ ਦੀ ਲਗਨ ਨੇ ਅੱਜ ਉਨ੍ਹਾਂ ਨੂੰ ਅਜਿਹੇ ਮੁਕਾਮ ਉੱਤੇ ਪਹੁੰਚਾਇਆ ਹੈ ਜਿਸ ਨੂੰ ਪਾਉਣ ਦਾ ਸੁਫ਼ਨਾ ਹਰ ਕੋਈ ਦੇਖਦਾ ਹੈ। ਅਮਿਤਾਭ ਬੱਚਨ ਦੀ ਸੰਘਰਸ਼ ਦੀ ਕਹਾਣੀ ਜਿੰਨੀ ਹੈਰਾਨੀਜਨਕ ਹੈ ਓਨੀ ਹੀ ਰੋਮਾਂਚਕ ਵੀ। ਅਮਿਤਾਭ ਬੱਚਨ ਕਈ ਦਹਾਕਿਆਂ ਤੋਂ ਬੌਲੀਵੁਡ ਵਿੱਚ ਰਾਜ ਕਰ ਰਹੇ ਹਨ। ਅਮਿਤਾਭ ਬੱਚਨ ਫ਼ਿਲਮਾਂ ਦੇ ਨਾਲ-ਨਾਲ TV ਇੰਡਸਟਰੀ ਵਿੱਚ ਵੀ ਸਰਗਰਮ ਹਨ। ਬਿੱਗ ਬੀ ਦੇ ਨਾਮ ਨਾਲ ਮਸ਼ਹੂਰ ਅਮਿਤਾਭ ਬੱਚਨ ਨੂੰ ਅੱਜ ਵੀ ਦਰਸ਼ਕ ਪਰਦੇ ਉੱਤੇ ਦੇਖਣਾ ਪਸੰਦ ਕਰਦੇ ਹਨ।
ਅਮਿਤਾਭ ਬੱਚਨ ਦਾ ਜਨਮ 11 ਅਕਤੂਬਰ 1942 ਨੂੰ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਵਿੱਚ ਹੋਇਆ ਸੀ। ਉਹ ਪ੍ਰਸਿੱਧ ਕਵੀ ਡਾ. ਹਰੀਵੰਸ਼ ਰਾਏ ਬੱਚਨ ਦੇ ਬੇਟੇ ਹਨ ਅਤੇ ਉਨ੍ਹਾਂ ਦੀ ਮਾਂ ਦਾ ਨਾਮ ਤੇਜੀ ਬੱਚਨ ਸੀ, ਅਤੇ ਉਨ੍ਹਾਂ ਨੂੰ ਥੀਏਟਰ ਵਿੱਚ ਗਹਿਰੀ ਰੂਚੀ ਸੀ। ਸਾਲ 2003 ਵਿੱਚ ਅਮਿਤਾਭ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਅਤੇ ਸਾਲ 2007 ਵਿੱਚ ਉਨ੍ਹਾਂ ਦੀ ਮਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
ਸਾਤ ਹਿੰਦੁਸਤਾਨੀ ‘ਨਾਲ ਕੀਤੀ ਸੀ ਫ਼ਿਲਮੀ ਕਰੀਅਰ ਦੀ ਸ਼ੁਰੂਆਤ
ਅਮਿਤਾਭ ਬੱਚਨ ਨੇ ਸਾਲ 1969 ਵਿੱਚ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਸਾਤ ਹਿੰਦੁਸਤਾਨੀ ਨਾਲ ਬੌਲੀਵੁਡ ਵਿੱਚ ਐਂਟਰੀ ਮਾਰੀ ਸੀ, ਪਰ ਇਹ ਫ਼ਿਲਮ ਕੁੱਝ ਖ਼ਾਸ ਕਮਾਲ ਨਾ ਕਰ ਸਕੀ। ਸਾਲ 1973 ਵਿੱਚ ਆਈ ਫ਼ਿਲਮ ਜ਼ੰਜੀਰ ਨੇ ਅਮਿਤਾਭ ਬੱਚਨ ਨੂੰ ਐਂਗਰੀ ਯੰਗ ਮੈਨ ਦਾ ਖ਼ਿਤਾਬ ਦੇਣ ਦੇ ਨਾਲ-ਨਾਲ ਰਾਤੋਂ-ਰਾਤ ਸਟਾਰ ਵੀ ਬਣਾ ਦਿੱਤਾ। ਉਸ ਤੋਂ ਬਾਅਦ ਅਮਿਤਾਭ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਬੌਲੀਵੁਡ ਦੀ ਝੋਲੀ ਕਈ ਹਿੱਟ ਫ਼ਿਲਮਾਂ ਪਾਈਆਂ ਜਿਨ੍ਹਾਂ ਨੂੰ ਸਰੋਤਿਆਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਚਰਚਿਤ ਫ਼ਿਲਮਾਂ
ਅਮਿਤਾਭ ਬੱਚਨ ਦੀਆਂ ਚਰਚਿਤ ਫ਼ਿਲਮਾਂ ਵਿੱਚ ਜ਼ੰਜੀਰ, ਨਮਕ ਹਰਾਮ, ਰੋਟੀ ਕੱਪੜਾ ਔਰ ਮਕਾਨ, ਦੀਵਾਰ, ਹੇਰਾਫ਼ੇਰੀ, ਅਮਰ ਅਕਬਰ ਐਨਥਨੀ, ਖ਼ੂਨ ਪਸੀਨਾ, ਪਰਵਰਿਸ਼, ਕਸਮੇ ਵਾਦੇ’, ਤ੍ਰੀਸ਼ੂਲ’, ਡੌਨ, ਮੁਕੱਦਰ ਦਾ ਸਿਕੰਦਰ, ਮਿ. ਨਟਵਰਲਾਲ, ਕਾਲ਼ਾ ਪੱਥਰ, ਸੁਹਾਗ, ਲਾਵਾਰਿਸ, ਸਿਲਸਿਲਾ, ਕਾਲੀਆ, ਸੱਤੇ ਪੇ ਸੱਤਾ, ਨਮਕ ਹਲਾਲ, ਸ਼ਰਾਬੀ, ਖ਼ੁਦਾਰ, ਸ਼ਕਤੀ, ਅਗਨੀਪਥ, ਮੋਹਬਤੇਂ, ਏਕ ਰਿਸ਼ਤਾ, ਕਭੀ ਖ਼ੁਸ਼ੀ ਕਭੀ ਗ਼ਮ, ਆਂਖੇਂ, ਅਕਸ, ਕਾਂਟੇ, ਬਾਗ਼ਬਾਨ, ਖ਼ਾਕੀ, ਵੀਰ-ਜ਼ਾਰਾ, ਬਲੈਕ, ਸਰਕਾਰ ਅਤੇ ਕਭੀ ਅਲਵਿਦਾ ਨਾ ਕਹਿਨਾ ਸ਼ਾਮਿਲ ਹਨ।
ਮਿਲੇ ਇਹ ਖ਼ਾਸ ਸਨਮਾਨ
ਅਮਿਤਾਭ ਬੱਚਨ ਨੂੰ ਸਰਵ ਉੱਤਮ ਅਦਾਕਾਰ ਲਈ ਚਾਰ ਰਾਸ਼ਟਰੀ ਪੁਰਸਕਾਰ ਮਿਲ ਚੁੱਕੇ ਹਨ। ਉਨ੍ਹਾਂ ਨੇ ਕਈ ਅੰਤਰ ਰਾਸ਼ਟਰੀ ਮੰਚਾਂ ਉੱਤੇ ਵੀ ਪੁਰਸਕਾਰ ਜਿੱਤੇ ਹਨ। ਉਨ੍ਹਾਂ ਨੂੰ 15 ਫ਼ਿਲਮ ਫ਼ੇਅਰ ਐਵਾਰਡ ਮਿਲੇ ਹਨ ਅਤੇ 41 ਵਾਰ ਨੌਮੀਨੇਟ ਵੀ ਹੋਏ ਹਨ। ਉਨ੍ਹਾਂ ਨੂੰ ਸਾਲ 1954 ਵਿੱਚ ਪਦਮਸ਼੍ਰੀ, ਸਾਲ 2001 ਵਿੱਚ ਪਦਮ ਭੂਸ਼ਣ ਅਤੇ ਸਾਲ 2015 ਵਿੱਚ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।